ਪਿੰਡ ਜਗਤਪੁਰਾ ਵਿਖੇ ਰੇਡ ਕਰਨ ਗਈ ਪੁਲਸ ਟੀਮ ਤੇ ਪਿੰਡ ਵਾਲਿਆਂ 'ਚ ਝੜਪ, ਅੰਨ੍ਹੇਵਾਹ ਚੱਲੀਆਂ ਗੋਲੀਆਂ
Thursday, May 20, 2021 - 09:04 PM (IST)
ਪਟਿਆਲਾ(ਬਲਜਿੰਦਰ)- ਸ਼ਹਿਰ ਦੇ ਨਜਦੀਕ ਸ਼ਰਾਬ ਤਸਕਰੀ ਨੂੰ ਲੈ ਕੇ ਪਿੰਡ ਜਗਤਪੁਰਾ ਵਿਖੇ ਰੇਡ ਕਰਨ ਗਈ ਸੀ.ਆਈ.ਏ. ਸਟਾਫ ਦੀ ਪੁਲਸ ਪਾਰਟੀ ਅਤੇ ਪਿੰਡ ਵਾਲਿਆਂ ਵਿਚਕਾਰ ਅੱਜ ਸਵੇਰੇ ਜਬਰਦਸਤ ਝੜਪ ਹੋ ਗਈ। ਜਿਸ ਵਿਚ ਅੰਨੇਵਾਹ ਗੋਲੀਆਂ ਚੱਲੀਆਂ ਅਤੇ ਇਕ ਪੁਲਸ ਮੁਲਾਜ਼ਮ ਸਮੇਤ ਕੁਲ ਚਾਰ ਵਿਅਕਤੀ ਜਖਮੀ ਹੋ ਗਏ। ਖਬਰ ਲਿਖੇ ਜਾਣ ਤੱਕ ਵੀ ਪਿੰਡ ਵਿਚ ਮਾਹੌਲ ਕਾਫੀ ਜ਼ਿਆਦਾ ਤਣਾਅ ਪੂਰਨ ਬਣਿਆ ਹੋਇਆ ਸੀ। ਜ਼ਖਮੀਆਂ ਵਿਚ ਪੰਜਾਬ ਪੁਲਸ ਦਾ ਹੌਲਦਾਰ ਰਾਜਾ ਰਾਮ ਤੋਂ ਇਲਾਵਾ ਗੁਰਪ੍ਰੀਤ ਸਿੰਘ ਜਿਸ ਦੇ ਪੱਟ ਵਿਚ ਗੋਲੀ ਵੱਜੀ, ਗੁਰਮੀਤ ਸਿੰਘ, ਅਤੇ 23 ਸਾਲ ਅਮਨਦੀਪ ਕੌਰ ਸ਼ਾਮਲ ਹਨ।
ਇਸ ਸਬੰਧੀ ਜਾਣਕਰੀ ਦਿੰਦਿਆਂ ਡੀ.ਐੱਸ.ਪੀ. ਪਟਿਆਲਾ ਦਿਹਾਤੀ ਅਜੈ ਪਾਲ ਸਿੰਘ ਨੇ ਦੱਸਿਆ ਕਿ ਰਾਤ ਦੇ ਸਮੇਂ ਸੀ.ਆਈ.ਏ. ਸਟਾਫ ਪਟਿਆਲਾ ਦੀ ਪੁਲਸ ਪਾਰਟੀ ਨੇ ਪਿੰਡ ਜਗਤਪੁਰਾ ਦੇ ਹਰਭਜਨ ਸਿੰਘ ਦੇ ਘਰ ਰੇਡ ਕੀਤੀ ਤਾਂ ਪਰਿਵਾਰ ਵਾਲਿਆਂ ਅਤੇ ਕੁਝ ਪਿੰਡ ਦੇ ਵਿਅਕਤੀਆਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਪੁਲਸ ਪਾਰਟੀ ਨੇ ਥਾਣਾ ਸਨੋਰ ਵਿਖੇ ਆ ਕੇ ਹਰਭਜਨ ਸਿੰਘ ਅਤੇ ਉਸ ਦੇ ਦੋਵੇਂ ਪੁੱਤਰਾਂ ਦੇ ਖਿਲਾਫ 353, 186 ਅਤੇ 332 ਆਈ.ਪੀ.ਸੀ ਦੇ ਤਹਿਤ ਕੇਸ ਦਰਜ ਕਰ ਲਿਆ ਅਤੇ ਇਸ ਮਾਮਲੇ ਵਿਚ ਪੁਲਸ ਪਾਰਟੀ ਨੇ ਸਵੇਰੇ ਇਕ ਵਾਰੀ ਫਿਰ ਰੇਡ ਕੀਤੀ ਤਾਂ ਹਰਭਜਨ ਸਿੰਘ ਦੇ ਪਰਿਵਾਰ ਵਾਲਿਆਂ ਨੇ ਹੋਰ ਲੋਕਾਂ ਨੂੰ ਇਕੱਠਾ ਕਰਕੇ ਪੁਲਸ ਪਾਰਟੀ ’ਤੇ ਹਮਲਾ ਕਰ ਦਿੱਤਾ।
ਪੁਲਸ ਦੀਆਂ ਗੱਡੀਆਂ ਭੰਨ ਦਿੱਤੀਆਂ। ਇੰਨਾ ਹੀ ਨਹੀਂ ਉਨ੍ਹਾਂ ਵਲੋਂ ਫਾਇਰਿੰਗ ਵੀ ਕੀਤੀ ਗਈ । ਜਿਸ ਵਿਚ ਪੁਲਸ ਦਾ ਇਕ ਹੌਲਦਾਰ ਰਾਜ ਰਾਮ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਪੁਲਸ ਨੇ ਇਸ ਮਾਮਲੇ ਵਿਚ ਅਲੱਗ ਤੋਂ ਕੇਸ ਦਰਜ ਕੀਤਾ ਹੈ। ਡੀ.ਐਸ.ਪੀ ਅਜੈ ਪਾਲ ਨੇ ਹਰਭਜਨ ਸਿੰਘ ਅਤੇ ਉਸ ਦੇ ਦੋਨੇ ਪੁੱਤਰ ਕ੍ਰੀਮੀਨਲ ਹਨ, ਜਿਨ੍ਹਾਂ ਦੇ ਖਿਲਾਫ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿਚ ਲਗਭਗ 15 ਕੇਸ ਦਰਜ ਹਨ, ਜਿਨ੍ਹਾਂ ਵਿਚ ਨਸ਼ਾ ਤਸਰਕੀ ਅਤੇ ਲੁੱਟਾਂ ਖੋਹਾਂ ਅਤੇ ਆਰਮਜ਼ ਐਕਟ ਦੇ ਕੇਸ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜਲਦ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਪੁਲਸ ਨੇ ਚਲਾਈਆਂ ਗੋਲੀਆਂ ਅਤੇ ਕੀਤੀ ਗੁੰਡਾਗਰਦੀ
ਇੱਧਰ ਪਰਿਵਾਰ ਦੀਆਂ ਮਹਿਲਾਵਾਂ ਨੇ ਝੜਪ ਤੋਂ ਬਾਅਦ ਮੀਡੀਆ ਦੇ ਸਾਹਮਣੇ ਆ ਕੇ ਪੁਲਸ ’ਤੇ ਗੋਲੀਆਂ ਚਲਾਉਣ ਅਤੇ ਗੁੰਡਾਗਰਦੀ ਦਾ ਦੋਸ਼ ਲਗਾਇਆ। ਉਨ੍ਹਾਂ ਦੱਸਿਆ ਕਿ ਰਾਤ ਕੁਝ ਵਿਅਕਤੀ ਆਮ ਕੱਪੜਿਆਂ ਵਿਚ ਉਨ੍ਹਾਂ ਦੇ ਘਰ ਵੜ ਗਏ ਤਾਂ ਉਨ੍ਹਾਂ ਰੌਲਾ ਪਾਇਆ ਅਤੇ ਇਸ ਦਾ ਵਿਰੋਧ ਕੀਤਾ ਕੁਝ ਵਿਅਕਤੀ ਹੋਰ ਵੀ ਇਕੱਠੇ ਹੋ ਗਏ ਤਾਂ ਉਹ ਚਲੇ ਗਏ। ਸਵੇਰੇ ਸੱਤ ਵਜੇ ਦੇ ਕਰੀਬ ਕਈ ਗੱਡੀਆਂ ਭਰ ਕੇ ਆਈਆਂ ਤਾਂ ਆਉਂਦੇ ਹੀ ਉਨ੍ਹਾਂ ਨੇ ਪਰਿਵਾਰ ਦੇ ਮੈਂਬਰਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਅੰਨੇਵਾਹ ਗੋਲੀਆਂ ਚਲਾਈਆਂ ਤੇ ਅਸੀਂ ਤਾਂ ਅਸੀਂ ਭੱਜ ਕੇ ਆਪਣੀ ਜਾਨ ਬਚਾਈ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਕੋਈ ਗੋਲੀ ਨਹੀਂ ਚਲਾਈ ਗਈ। ਉਨ੍ਹਾਂ ਦੇ ਵਿਅਕਤੀ ਪੁਲਸ ਦੀ ਗੋਲੀ ਨਾਲ ਜ਼ਖਮੀ ਹੋਏ ਹਨ।