ਥਾਣਾ ਦਿਆਲਪੁਰਾ ਦਾ ਥਾਣੇਦਾਰ ਗ੍ਰਿਫ਼ਤਾਰ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ

Saturday, Aug 24, 2024 - 06:19 PM (IST)

ਥਾਣਾ ਦਿਆਲਪੁਰਾ ਦਾ ਥਾਣੇਦਾਰ ਗ੍ਰਿਫ਼ਤਾਰ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਬਠਿੰਡਾ ਜ਼ਿਲ੍ਹੇ ਦੇ ਥਾਣਾ ਦਿਆਲਪੁਰਾ ਕੈਂਪ ਭਗਤਾ ਭਾਈਕਾ ਵਿਖੇ ਤਾਇਨਾਤ ਸਹਾਇਕ ਸਬ-ਇੰਸਪੈਕਟਰ (ਏ.ਐੱਸ.ਆਈ.) ਤਾਰਾ ਸਿੰਘ ਨੂੰ 3,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਮਨਪ੍ਰੀਤ ਸਿੰਘ ਵਾਸੀ ਪਿੰਡ ਅਕਲੀਆ ਜਲਾਲ, ਤਹਿਸੀਲ ਰਾਮਪੁਰਾ ਫੂਲ, ਬਠਿੰਡਾ ਵੱਲੋਂ ਦਿੱਤੇ ਬਿਆਨ ਅਤੇ ਮੁਹੱਈਆ ਕਰਵਾਏ ਸਬੂਤਾਂ ਦੇ ਆਧਾਰ 'ਤੇ ਇਸ ਛੋਟੇ ਥਾਣੇਦਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੱਸਿਆ ਹੈ ਕਿ ਉਸਦੇ ਟਰੈਕਟਰ ਦੇ ਡਰਾਈਵਰ ਦਾ ਇਕ ਮੋਟਰਸਾਈਕਲ ਸਵਾਰ ਨਾਲ ਮਾਮੂਲੀ ਸੜਕ ਹਾਦਸਾ ਹੋ ਗਿਆ ਸੀ ਜਿਸ ਸਬੰਧੀ ਸ਼ਿਕਾਇਤ ਉਕਤ ਥਾਣੇ ਵਿਚ ਦਰਜ ਹੋਈ ਸੀ ਜਿਸ ਨੂੰ ਬਾਅਦ ਵਿਚ ਪੰਚਾਇਤੀ ਫ਼ੈਸਲੇ ਰਾਹੀਂ ਸੁਲਝਾ ਲਿਆ ਗਿਆ ਪਰ ਉਸ ਦੇ ਟਰੈਕਟਰ ਨੂੰ ਥਾਣੇ ਵਿਖੇ ਕਬਜ਼ੇ ਵਿਚ ਲੈ ਲਿਆ ਗਿਆ ਸੀ। 

ਇਹ ਵੀ ਪੜ੍ਹੋ : ਪਿੰਡ ਕੌੜੀ ਵਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਦਿੱਤੇ ਗਏ ਅਲਟੀਮੇਟਮ ਤੋਂ ਬਾਅਦ ਇਕ ਹੋਰ ਵੱਡਾ ਫ਼ੈਸਲਾ

ਸ਼ਿਕਾਇਤਕਰਤਾ ਨੇ ਅੱਗੇ ਦੋਸ਼ ਲਾਇਆ ਕਿ ਜਦੋਂ ਉਹ ਆਪਣਾ ਟਰੈਕਟਰ ਛੁਡਾਉਣ ਲਈ ਥਾਣੇ ਪਹੁੰਚਿਆ ਤਾਂ ਉਕਤ ਛੋਟੇ ਥਾਣੇਦਾਰ ਤਾਰਾ ਸਿੰਘ ਨੇ ਰਿਸ਼ਵਤ ਵਜੋਂ 10,000 ਰੁਪਏ ਦੀ ਮੰਗ ਕੀਤੀ ਪਰ ਉਸ ਵੱਲੋਂ ਜ਼ੋਰ ਪਾਉਣ ਉੱਤੇ ਸੌਦਾ 8,000 ਰੁਪਏ ਵਿਚ ਤੈਅ ਹੋ ਗਿਆ। ਇਹ ਸਾਰੀ ਗੱਲਬਾਤ ਸ਼ਿਕਾਇਤਕਰਤਾ ਵੱਲੋਂ ਆਪਣੇ ਮੋਬਾਈਲ ਵਿਚ ਰਿਕਾਰਡ ਕਰ ਲਈ ਗਈ ਅਤੇ ਸਬੂਤ ਵਜੋਂ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ। ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ, ਬਠਿੰਡਾ ਰੇਂਜ ਦੀ ਟੀਮ ਨੇ ਜਾਲ ਵਿਛਾ ਕੇ ਛੋਟੇ ਥਾਣੇਦਾਰ ਤਾਰਾ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਸ਼ਿਕਾਇਤਕਰਤਾ ਤੋਂ 3,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮੁਲਜ਼ਮ ਏ.ਐੱਸ.ਆਈ. ਖਿਲਾਫ਼ ਵਿਜੀਲੈਂਸ ਬਿਊਰੋ ਥਾਣਾ ਬਠਿੰਡਾ ਰੇਂਜ ਵਿਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ : NRI ਨੂੰ ਗੋਲੀਆਂ ਮਾਰਨ ਦੇ ਮਾਮਲੇ 'ਚ ਐਕਸ਼ਨ 'ਚ ਡੀ. ਜੀ. ਪੀ., ਇਸ ਅਫ਼ਸਰ ਨੂੰ ਸੌਂਪੀ ਜ਼ਿੰਮੇਵਾਰੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Gurminder Singh

Content Editor

Related News