ਸ਼ਰਾਬ ਦੇ ਨਸ਼ੇ ''ਚ ਕੱਢੀਆਂ ਗਾਲ੍ਹਾਂ ਤਾਂ ਸੁਪਰਵਾਈਜ਼ਰ ਨੇ ਕਰ''ਤਾ ਕਤਲ, ਪੁਲਸ ਨੇ 48 ਘੰਟਿਆਂ ''ਚ ਸੁਲਝਾਈ ਗੁੱਥੀ
Sunday, Jul 21, 2024 - 02:06 AM (IST)
ਜਲੰਧਰ (ਪੁਨੀਤ)- ਰੇਲਵੇ ਦੇ ਲੱਕੜ ਪੁਲ ਨੇੜੇ 2 ਦਿਨ ਪਹਿਲਾਂ ਹੋਈ ਚੌਕੀਦਾਰ ਰਾਜੂ ਬੰਗਾਲੀ ਦੇ ਕਤਲ ਦੀ ਗੁੱਥੀ ਨੂੰ ਪੁਲਸ ਨੇ ਸੁਲਝਾ ਲਿਆ ਹੈ। ਮੁਲਜ਼ਮ ਸਾਗਰ ਮ੍ਰਿਤਕ ਚੌਕੀਦਾਰ ਰਾਜੂ ਉਰਫ ਬੰਗਾਲੀ ਦਾ ਸੁਪਰਵਾਈਜ਼ਰ ਸੀ ਤੇ ਗੁੱਸੇ ’ਚ ਉਸ ਨੇ ਕਹੀ ਦੇ ਦਸਤੇ (ਲੱਕੜੀ) ਨਾਲ ਵਾਰ ਕੀਤਾ, ਜਿਸ ਕਾਰਨ ਰਾਜੂ ਬੰਗਾਲੀ ਦੀ ਮੌਤ ਹੋ ਗਈ।
ਘਟਨਾ ਦੇ ਬਾਅਦ ਤੋਂ ਸਾਗਰ ਗਾਇਬ ਸੀ ਤੇ ਉਸ ਦਾ ਫੋਨ ਬੰਦ ਸੀ, ਜਿਸ ’ਤੇ ਪੁਲਸ ਨੇ ਹਰਿਆਣਾ ’ਚ ਸਾਗਰ ਦੇ ਘਰ ਰੇਡ ਕੀਤੀ। ਇਸ ਤੋਂ ਪਤਾ ਲੱਗਾ ਕਿ ਸਾਗਰ ਕਿਸੇ ਰਿਸ਼ਤੇਦਾਰ ਕੋਲ ਗਿਆ ਹੋਇਆ ਹੈ ਪਰ ਉਸ ਦਾ ਫੋਨ ਬੰਦ ਸੀ, ਜਿਸ ਤੋਂ ਪੁਲਸ ਦਾ ਸ਼ੱਕ ਯਕੀਨ ’ਚ ਬਦਲ ਗਿਆ। ਪੁਲਸ ਦੀ ਰੇਡ ਤੋਂ ਘਬਰਾਏ ਮੁਲਜ਼ਮ ਸਾਗਰ ਨੇ ਆਤਮ-ਸਮਰਪਣ ਕਰ ਦਿੱਤਾ।
ਮੁਲਜ਼ਮ ਸਾਗਰ ਨੇ ਪੁਲਸ ਨੂੰ ਦੱਸਿਆ ਕਿ ਹੱਤਿਆ ਵਾਲੇ ਦਿਨ ਮ੍ਰਿਤਕ ਰਾਜੂ ਨੇ ਸ਼ਰਾਬ ਪੀਤੀ ਹੋਈ ਸੀ ਤੇ ਨਸ਼ੇ ’ਚ ਉਹ ਗਾਲ੍ਹਾਂ ਕੱਢਣ ਲੱਗਾ, ਜਿਸ ਤੋਂ ਬਾਅਦ ਦੋਵਾਂ ’ਚ ਝਗੜਾ ਹੋ ਗਿਆ ਤੇ ਝਗੜੇ ’ਚ ਰਾਜੂ ਦੀ ਜਾਨ ਚਲੀ ਗਈ।
ਜੀ.ਆਰ.ਪੀ. ਥਾਣੇ ਦੇ ਐੱਸ.ਐੱਚ.ਓ. ਪਲਵਿੰਦਰ ਸਿੰਘ ਭਿੰਡਰ ਨੇ ਪ੍ਰੈੱਸ ਕਾਨਫਰੰਸ ’ਚ ਇਸ ਪੂਰੀ ਕਹਾਣੀ ਤੋਂ ਪਰਦਾ ਚੁੱਕਿਆ। ਮੂਲ ਰੂਪ ਤੋਂ ਵੈਸਟ ਬੰਗਾਲ ਦੇ ਰਹਿਣ ਵਾਲੇ ਰਾਜੂ ਬਰਮਨ ਉਰਫ ਬੰਗਾਲੀ ਦੀ ਲਾਸ਼ 18 ਜੁਲਾਈ ਨੂੰ ਰੇਲਵੇ ਸਟੇਸ਼ਨ ਦੇ ਲੱਕੜ ਵਾਲੇ ਪੁਲ ਦੇ ਪਾਵਰ ਕੈਬਿਨ ਨੇੜਿਓਂ ਮਿਲੀ ਸੀ। ਰਾਜੂ ਬਰਮਨ ਬੰਗਾਲੀ ਹਰਿਆਣਾ ਦੀ ਬਾਲਾ ਸੁੰਦਰੀ ਕੰਸਟਰੱਕਸ਼ਨ ਕੰਪਨੀ ਦੇ ਲੱਕੜ ਵਾਲੇ ਪੁਲ ਨੇੜੇ ਬਣੇ ਸਟੋਰ ’ਚ ਚੌਕੀਦਾਰੀ ਦਾ ਕੰਮ ਕਰਦਾ ਸੀ।
ਹੱਤਿਆ ਦਾ ਮੁਲਜ਼ਮ ਸਾਗਰ ਪੁੱਤਰ ਰਮੇਸ਼ ਕੁਮਾਰ ਨਿਵਾਸੀ ਪਿੰਡ ਖੋਜਗੀਪੁਰ, ਜ਼ਿਲ੍ਹਾ ਪਾਨੀਪਤ (ਹਰਿਆਣਾ) ਦਾ ਰਹਿਣ ਵਾਲਾ ਹੈ ਤੇ ਬਾਲਾ ਸੁੰਦਰੀ ਕੰਪਨੀ ’ਚ ਸੁਪਰਵਾਈਜ਼ਰ ਦੇ ਅਹੁਦੇ ’ਤੇ ਤਾਇਨਾਤ ਸੀ।
ਹੱਤਿਆ ਵਾਲੇ ਦਿਨ ਮ੍ਰਿਤਕ ਰਾਜੂ ਬੰਗਾਲੀ ਨੂੰ ਤਨਖਾਹ ਮਿਲੀ ਸੀ, ਜਿਸ ’ਤੇ ਸੁਪਰਵਾਈਜ਼ਰ ਸਾਗਰ ਤੇ ਰਾਜੂ ਮਿਲ ਕੇ ਬਾਜ਼ਾਰ ’ਚੋਂ ਪੱਖਾ, ਬਟਨਾਂ ਵਾਲਾ ਮੋਬਾਈਲ ਤੇ ਹੋਰ ਸਾਮਾਨ ਖਰੀਦ ਕੇ ਲਿਆਏ ਸਨ। ਇਸੇ ਦੌਰਾਨ ਰਾਜੂ ਨੇ ਬਾਜ਼ਾਰ ’ਚੋਂ ਸ਼ਰਾਬ ਵੀ ਖਰੀਦ ਲਈ ਤੇ ਰਾਤ ਨੂੰ ਰਾਜੂ ਸ਼ਰਾਬ ਪੀਣ ਲੱਗਾ। ਸਾਗਰ ਦਾ ਕਹਿਣਾ ਸੀ ਕਿ ਰਾਜੂ ਬਾਜ਼ਾਰ ’ਚੋਂ ਹੋਰ ਸ਼ਰਾਬ ਲਿਆਉਣ ਦੀ ਗੱਲ ਕਰਨ ਲੱਗਾ, ਜਿਸ ਤੋਂ ਉਸ ਨੇ ਮਨ੍ਹਾ ਕਰ ਦਿੱਤਾ।
ਸਾਗਰ ਨੇ ਪੁਲਸ ਨੂੰ ਦੱਸਿਆ ਕਿ ਰਾਜੂ ਬਹੁਤ ਨਸ਼ੇ ’ਚ ਸੀ ਤੇ ਲੜਖੜਾਉਣ ਕਾਰਨ ਉਹ ਕਈ ਵਾਰ ਡਿੱਗਿਆ, ਜਿਸ ਨਾਲ ਉਸ ਨੂੰ ਸੱਟਾਂ ਵੀ ਲੱਗੀਆਂ। ਇਸੇ ਦੌਰਾਨ ਰਾਜੂ ਨੇ ਸਾਗਰ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਦੋਵਾਂ ਵਿਚਕਾਰ ਝਗੜਾ ਵਧ ਗਿਆ। ਸੁਪਰਵਾਈਜ਼ਰ ਸਾਗਰ ਨੇ ਰਾਜੂ ’ਤੇ ਲੱਕੜੀ ਨਾਲ ਵਾਰ ਕੀਤਾ, ਜਿਸ ਨਾਲ ਉਹ ਡਿੱਗ ਗਿਆ ਤੇ ਖੂਨ ਨਿਕਲਣ ਲੱਗਾ।
ਰਾਜੂ ਨੂੰ ਇਸ ਹਾਲਤ ’ਚ ਦੇਖ ਕੇ ਸਾਗਰ ਘਬਰਾ ਗਿਆ ਤੇ ਮੌਕੇ ਤੋਂ ਭੱਜ ਗਿਆ। ਇਸ ਦੌਰਾਨ ਸਾਗਰ ਨੇ ਆਪਣਾ ਮੋਬਾਈਲ ਫੋਨ ਬੰਦ ਕਰ ਦਿੱਤਾ। ਐੱਸ.ਐੱਚ.ਓ. ਪਲਵਿੰਦਰ ਸਿੰਘ ਭਿੰਡਰ ਨੇ ਦੱਸਿਆ ਕਿ ਫੋਨ ਬੰਦ ਹੋਣ ਕਾਰਨ ਸ਼ੱਕ ਸਿੱਧਾ ਸਾਗਰ ’ਤੇ ਜਾ ਰਿਹਾ ਸੀ। ਸਾਗਰ ਦੇ ਘਰ ਰੇਡ ਕਰਨ ਤੋਂ ਬਾਅਦ ਮੁਲਜ਼ਮ ਨੇ ਆਤਮ-ਸਮਰਪਣ ਕਰ ਦਿੱਤਾ। ਅਦਾਲਤ ਵੱਲੋਂ ਮੁਲਜ਼ਮ ਦਾ 2 ਦਿਨ ਦਾ ਪੁਲਸ ਰਿਮਾਂਡ ਦਿੱਤਾ ਗਿਆ, ਜਿਸ ਦੇ ਆਧਾਰ ’ਤੇ ਪਹਿਲੇ ਤੱਥ ਸਾਹਮਣੇ ਆਏ ਹਨ। ਪੁਲਸ ਵੱਲੋਂ ਮਾਮਲੇ ਦੀ ਅਗਲੇਰੀ ਪੁੱਛਗਿੱਛ ਜਾਰੀ ਹੈ। ਜੀ.ਆਰ.ਪੀ. ਥਾਣੇ ਵੱਲੋਂ ਐੱਫ.ਆਈ.ਆਰ. ਨੰਬਰ 74 ਵਿਚ ਭਾਰਤੀ ਨਿਆਂ ਸੰਘਤਾ ਦੀ ਧਾਰਾ 103(1) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਸਾਗਰ ਨੇ ਲੁਆਈ ਸੀ ਮ੍ਰਿਤਕ ਰਾਜੂ ਦੀ ਨੌਕਰੀ
ਮੁਲਜ਼ਮ ਸਾਗਰ ਮੂਲ ਰੂਪ ਤੋਂ ਹਰਿਆਣਾ ਦਾ ਰਹਿਣ ਵਾਲਾ ਹੈ ਤੇ ਰੇਲਵੇ ’ਚ ਠੇਕੇਦਾਰੀ ਕਰਨ ਵਾਲੀ ਬਾਲਾ ਸੁੰਦਰੀ ਕੰਸਟਰੱਕਸ਼ਨ ਕੰਪਨੀ ’ਚ ਸੁਪਰਵਾਈਜ਼ਰ ਦੇ ਅਹੁਦੇ ’ਤੇ ਤਾਇਨਾਤ ਹੈ। ਉਹ ਬਸ਼ੀਰਪੁਰਾ ’ਚ ਕਿਰਾਏ ਦੇ ਮਕਾਨ ’ਚ ਕੰਪਨੀ ਦੇ ਹੋਰਨਾਂ ਕਰਮਚਾਰੀਆਂ ਨਾਲ ਰਹਿੰਦਾ ਸੀ। ਸਾਗਰ ਨੇ ਆਪਣੀ ਕੰਪਨੀ ’ਚ ਰਾਜੂ ਨੂੰ 9 ਹਜ਼ਾਰ ਰੁਪਏ ਤਨਖਾਹ ’ਤੇ ਚੌਕੀਦਾਰ ਰਖਵਾਇਆ ਸੀ। ਰਾਜੂ ਨੇ ਕੁਝ ਸਮਾਂ ਪਹਿਲਾਂ ਹੀ ਨੌਕਰੀ ਸ਼ੁਰੂ ਕੀਤੀ ਸੀ। ਇਸ ਦੌਰਾਨ ਬਸ਼ੀਰਪੁਰਾ ’ਚ ਕਈ ਵਾਰ ਰਾਜੂ ਤੇ ਸਾਗਰ ਨੂੰ ਇਕੱਠੇ ਦੇਖਿਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਵਿਚਕਾਰ ਦੋਸਤੀ ਹੋ ਗਈ ਹੋਵੇਗੀ, ਜਦੋਂ ਕਿ ਸਾਗਰ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਰਾਜੂ ਨਾਲ ਸ਼ਰਾਬ ਨਹੀਂ ਪੀਤੀ ਸੀ।
ਮ੍ਰਿਤਕ ਦੀ ਬੇਟੀ ਨੂੰ ਡੈੱਡ ਬਾਡੀ ਸੌਂਪੀ
ਹੱਤਿਆ ਦੇ ਕੇਸ ਤੋਂ ਪਰਦਾ ਚੁੱਕਣ ਲਈ ਪੁਲਸ ਵੱਲੋਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ। ਇਸੇ ਦੌਰਾਨ ਪੁਲਸ ਮ੍ਰਿਤਕ ਦੀ ਬੇਟੀ ਤਕ ਪਹੁੰਚੀ ਸੀ। ਮ੍ਰਿਤਕ ਰਾਜੂ ਦੀ ਬੇਟੀ ਪੰਪਾ ਤੇ ਜਵਾਈ ਰਾਖਲ ਬਰਮਨ ਹਿਮਾਚਲ ਦੇ ਚੌਹਾਲ ਨੇੜੇ ਕਿਸੇ ਸਾਈਟ ’ਤੇ ਕੰਮ ਕਰਦੇ ਹਨ। ਪੁਲਸ ਵੱਲੋਂ ਇਸ ਪੂਰੇ ਘਟਨਾਕ੍ਰਮ ਬਾਰੇ ਮ੍ਰਿਤਕ ਦੀ ਬੇਟੀ ਨੂੰ ਜਾਣਕਾਰੀ ਦਿੱਤੀ ਗਈ। ਇਸ ਤੋਂ ਬਾਅਦ ਉਕਤ ਲੋਕ ਜਲੰਧਰ ਪੁੱਜੇ, ਜਿਸ ’ਤੇ ਪੁਲਸ ਨੇ ਮ੍ਰਿਤਕ ਦੀ ਡੈੱਡ ਬਾਡੀ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ।
ਇਹ ਵੀ ਪੜ੍ਹੋ- ਹਮਲੇ ਤੋਂ ਬਾਅਦ ਟਰੰਪ ਦਾ ਪਹਿਲਾ ਭਾਸ਼ਣ, ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕਿਹਾ 'Aliens', ਬੋਲੇ- ''ਉਹ ਖਾ ਜਾਣਗੇ ਤੁਹਾਨੂੰ''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e