ਲੁਧਿਆਣਾ 'ਚ ਸਿਰ ਵੱਢੀ ਲਾਸ਼ ਦੀ ਗੁੱਥੀ ਸੁਲਝੀ, ਸੀਰੀਅਲ ਕਿਲਰ ਨੇ ਪਤਨੀ ਨਾਲ ਮਿਲ ਰਚੀ ਸੀ ਖ਼ੌਫ਼ਨਾਕ ਸਾਜ਼ਿਸ਼

Monday, Jul 10, 2023 - 05:05 PM (IST)

ਲੁਧਿਆਣਾ 'ਚ ਸਿਰ ਵੱਢੀ ਲਾਸ਼ ਦੀ ਗੁੱਥੀ ਸੁਲਝੀ, ਸੀਰੀਅਲ ਕਿਲਰ ਨੇ ਪਤਨੀ ਨਾਲ ਮਿਲ ਰਚੀ ਸੀ ਖ਼ੌਫ਼ਨਾਕ ਸਾਜ਼ਿਸ਼

ਲੁਧਿਆਣਾ (ਰਾਜ/ਬੇਰੀ) : ਆਦਰਸ਼ ਨਗਰ 'ਚ ਮਿਲੀ ਸਿਰ ਕੱਟੀ ਲਾਸ਼ ਦੀ ਗੁੱਥੀ ਪੁਲਸ ਨੇ ਸੁਲਝਾ ਲਈ ਹੈ। ਇਸ ਮਾਮਲੇ 'ਚ ਪੁਲਸ ਨੇ ਜੋੜੇ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜ੍ਹਿਆ ਗਿਆ ਮੁੱਖ ਮੁਲਜ਼ਮ ਪੰਕਜ ਸ਼ਰਮਾ ਹੈ, ਜਦੋਂ ਕਿ ਉਸ ਦੇ ਅਪਰਾਧ 'ਚ ਉਸ ਦਾ ਸਾਥ ਦੇਣ ਵਾਲੀ ਉਸ ਦੀ ਪਤਨੀ ਨੇਹਾ ਹੈ। ਮੁਲਜ਼ਮ ਪੰਕਜ ਸ਼ਰਮਾ ਇਕ ਸੀਰੀਅਲ ਕਿਲਰ ਹੈ, ਜੋ ਕਿ ਕਈ ਮਾਮਲਿਆਂ 'ਚ ਮੋਸਟ ਵਾਂਟੇਡ ਚੱਲ ਰਿਹਾ ਹੈ, ਜਦੋਂ ਕਿ ਮਰਨ ਵਾਲਾ ਵਿਅਕਤੀ ਰਾਮ ਪ੍ਰਸਾਦ ਹੈ। ਪੁਲਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਮ੍ਰਿਤਕ ਦਾ ਸਿਰ ਅਤੇ ਉਸ ਦੇ ਹੱਥ ਦੀਆਂ ਉਂਗਲਾਂ, ਵਾਰਦਾਤ ਵਿਚ ਵਰਤੇ ਬਾਈਕ, ਸਿਰ ਕੱਟਣ ਵਾਲੀ ਆਰੀ, ਮ੍ਰਿਤਕ ਦਾ ਮੋਬਾਇਲ ਅਤੇ ਦਸਤਾਵੇਜ਼ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ ਮੁਲਜ਼ਮ ਨੇ 11 ਮਹੀਨੇ ਪਹਿਲਾਂ ਜ਼ਿਲ੍ਹਾ ਪੂਰਨੀਆਂ ਤੋਂ ਦੋ ਬੱਚਿਆਂ ਨੂੰ ਅਗਵਾ ਕੀਤਾ ਸੀ।

ਉਹ ਵੀ ਪੁਲਸ ਨੇ ਮੁਲਜ਼ਮਾਂ ਦੇ ਕੋਲੋਂ ਬਰਾਮਦ ਕਰ ਲਏ ਹਨ। ਇਸ ਸਬੰਧੀ ਜ਼ਿਲ੍ਹਾ ਪੂਰਨੀਆਂ ਦੀ ਪੁਲਸ ਨੂੰ ਸੂਚਨਾ ਭੇਜ ਦਿੱਤੀ ਹੈ। ਹਾਲਾਂਕਿ ਇਸ ਸਾਰੇ ਕਤਲਕਾਂਡ 'ਚ ਪੰਕਜ ਦੇ ਨਾਲ ਇਕ ਹੋਰ ਵਿਅਕਤੀ ਵੀ ਸ਼ਾਮਲ ਸੀ, ਜਿਸ ਨੇ ਪੰਕਜ ਦੀ ਮਦਦ ਕੀਤੀ ਸੀ। ਹੁਣ ਪੁਲਸ ਉਸ ਦੀ ਭਾਲ ਕਰ ਰਹੀ ਹੈ। ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੰਕਜ ਸ਼ਰਮਾ ਵਿਹਾਰ ਦੇ ਜ਼ਿਲ੍ਹਾ ਮਾਧੇਪੁਰਾ ਦਾ ਰਹਿਣ ਵਾਲਾ ਹੈ, ਜੋ ਕਿ ਇਸ ਸਮੇਂ ਕਿਦਵਈ ਨਗਰ 'ਚ ਦੇ ਮਹਾਸ਼ਾ ਮੁਹੱਲੇ 'ਚ ਕਿਰਾਏ ’ਤੇ ਰਹਿ ਰਿਹਾ ਸੀ। ਉਸ ਦਾ ਦੂਜਾ ਵਿਆਹ ਨੇਹਾ ਦੇ ਨਾਲ ਹੋਇਆ ਸੀ। ਪੰਕਜ ਦੇ 6 ਬੱਚੇ ਹਨ। ਉਸ ਦੀ ਪਹਿਲੀ ਪਤਨੀ ਪਿੰਡ 'ਚ ਰਹਿੰਦੀ ਹੈ, ਜਿਸ 'ਚ ਪੰਜ ਬੱਚੇ ਪਹਿਲੀ ਪਤਨੀ ਅਤੇ ਇਕ ਬੱਚਾ ਦੂਜੀ ਪਤਨੀ ਦਾ ਹੈ। ਪੰਜ ਬੱਚੇ ਪਿੰਡ 'ਚ ਰਹਿੰਦੇ ਹਨ, ਜਦੋਂ ਕਿ ਦੂਜੀ ਪਤਨੀ ਨਾਲ ਹੋਇਆ ਇਕ ਬੱਚਾ ਉਸ ਦੇ ਨਾਲ ਹੀ ਹੈ। ਪੰਕਜ ਦੇ ਖ਼ਿਲਾਫ਼ ਅੱਧਾ ਦਰਜਨ ਦੇ ਕਰੀਬ ਕਤਲ, ਕਤਲ ਦੇ ਯਤਨ, ਕਿਡਨੈਪਿੰਗ ਵਰਗੀਆਂ ਸੰਗੀਨ ਧਾਰਾਵਾਂ ਦੇ ਤਹਿਤ ਕੇਸ ਦਰਜ ਹੈ। ਉਹ ਪਿਛਲੇ 10 ਸਾਲਾਂ ਤੋਂ ਪੁਲਸ ਤੋਂ ਬਚਦਾ ਫਿਰ ਰਿਹਾ ਹੈ। ਇਸ ਲਈ ਉਸ ਨੇ ਇਨ੍ਹਾਂ ਕੇਸਾਂ 'ਚੋਂ ਖ਼ੁਦ ਨੂੰ ਕੱਢਣ ਲਈ ਇਕ ਪਲਾਨ ਬਣਾਇਆ ਕਿ ਉਸ ਦੀ ਜਗ੍ਹਾ ਕਿਸੇ ਹੋਰ ਨੂੰ ਮਾਰ ਕੇ ਉਹ ਖ਼ੁਦ ਨੂੰ ਮਰਿਆ ਹੋਇਆ ਸਾਬਤ ਕਰ ਦੇਵੇਗਾ ਅਤੇ ਉਸ ਦੀ ਝੂਠੀ ਮੌਤ ਦੇ ਨਾਲ ਸਾਰੇ ਕੇਸ ਵੀ ਖ਼ਤਮ ਹੋ ਜਾਣਗੇ।

ਇਹ ਵੀ ਪੜ੍ਹੋ : ਚੰਡੀਗੜ੍ਹ-ਮੋਹਾਲੀ ਵਾਲੇ ਪਾਸੇ ਆਉਣ ਵਾਲੇ ਸਾਵਧਾਨ! ਜ਼ਰਾ ਇਨ੍ਹਾਂ ਤਸਵੀਰਾਂ ਵੱਲ ਮਾਰ ਲਓ ਇਕ ਨਜ਼ਰ
ਪਤਨੀ ਨੂੰ ਸਾਜ਼ਿਸ਼ 'ਚ ਸ਼ਾਮਲ ਕਰਕੇ ਰਾਮ ਪ੍ਰਸਾਦ ਨਾਲ ਕੀਤੀ ਦੋਸਤੀ
ਸੀ. ਪੀ. ਸਿੱਧੂ ਨੇ ਦੱਸਿਆ ਕਿ ਪੰਕਜ ਦੀ ਮੁਲਾਕਾਤ ਰਾਮ ਪ੍ਰਸਾਦ ਨਾਲ ਹੋਈ ਸੀ, ਜੋ ਮੂਲ ਰੂਪ ਤੋਂ ਯੂ. ਪੀ. ਦਾ ਰਹਿਣ ਵਾਲਾ ਸੀ ਅਤੇ ਲੁਧਿਆਣਾ ਦੇ ਮੁਹੱਲਾ ਜਗਦੀਸ਼ਪੁਰਾ 'ਚ ਰਹਿੰਦਾ ਸੀ। ਪੰਕਜ ਨੂੰ ਲੱਗਾ ਕਿ ਰਾਮ ਪ੍ਰਸਾਦ ਦੇ ਸਰੀਰ ਦੀ ਬਣਤਰ ਉਸ ਦੇ ਨਾਲ ਮਿਲਦਾ-ਜੁਲਦੀ ਹੈ। ਉਹ ਫਿਰ ਉਸ ਨੂੰ ਇਕ ਦਿਨ ਆਪਣੇ ਕਮਰੇ 'ਚ ਲੈ ਕੇ ਗਿਆ। ਇਸ ਤੋਂ ਬਾਅਦ ਪੰਕਜ ਦੇ ਕਹਿਣ ’ਤੇ ਉਸ ਦੀ ਪਤਨੀ ਨੇ ਰਾਮ ਪ੍ਰਸਾਦ ਨਾਲ ਦੋਸਤੀ ਵਧਾਈ ਅਤੇ ਉਸ ਨੂੰ ਆਪਣੇ ਵਿਹੜੇ 'ਚ ਕਮਰੇ ਲੈ ਕੇ ਰਹਿਣ ਲਈ ਕਿਹਾ ਸੀ ਕਿਉਂਕਿ ਰਾਮ ਪ੍ਰਸਾਦ ਇੱਥੇ ਇਕੱਲਾ ਰਹਿੰਦਾ ਸੀ। ਇਸ ਤੋਂ ਬਾਅਦ ਮੁਲਜ਼ਮਾਂ ਨੇ 3 ਜੁਲਾਈ ਨੂੰ ਰਾਮ ਪ੍ਰਸਾਦ ਨੂੰ ਆਪਣੇ ਕਮਰੇ 'ਚ ਬੁਲਾ ਕੇ ਖੂਬ ਸ਼ਰਾਬ ਪਿਲਾਈ ਸੀ। ਉਸ ਨੂੰ ਸ਼ਰਾਬ ਦੇ ਨਸ਼ੇ 'ਚ ਟੱਲੀ ਕਰਨ ਤੋਂ ਬਾਅਦ ਉਸ ਨੂੰ ਕਮਰੇ 'ਚ ਹੀ ਬੰਦੀ ਬਣਾ ਲਿਆ ਸੀ। ਉਹ ਰੌਲਾ ਨਾ ਪਾਵੇ, ਇਸ ਦੇ ਲਈ ਉਸ ਦੇ ਬੁੱਲਾਂ ’ਤੇ ਕਵਿੱਕਫਿਕਸ ਲਗਾ ਦਿੱਤੀ, ਜਿਸ ਕਾਰਨ ਉਸ ਦੇ ਬੁੱਲ ਆਪਸ 'ਚ ਜੁੜ ਗਏ। ਇਸ ਤੋਂ ਬਾਅਦ ਆਰੀ ਨਾਲ ਪਹਿਲਾਂ ਉਸ ਦਾ ਸਿਰ ਵੱਢਿਆ, ਫਿਰ ਦੋਵੇਂ ਹੱਥਾਂ ਦੀਆਂ ਉੱਗਲੀਆਂ ਕੱਟ ਦਿੱਤੀਆਂ ਸਨ। ਇਸ ਤੋਂ ਬਾਅਦ 2 ਦਿਨ ਤੱਕ ਘਰ ਦੇ ਬੈੱਡ ਦੇ ਅੰਦਰ ਲਾਸ਼ ਰੱਖ ਰਹੀ। ਫਿਰ ਤੀਜੇ ਦਿਨ ਜਾ ਕੇ ਸੁੱਟੀ।

ਇਹ ਵੀ ਪੜ੍ਹੋ : ਭਾਰੀ ਮੀਂਹ ਦੌਰਾਨ ਨੁਕਸਾਨੀਆਂ ਥਾਵਾਂ ਦਾ ਜਾਇਜ਼ਾ ਲੈਣ ਪੁੱਜੇ CM ਮਾਨ, ਲੋਕਾਂ ਨੂੰ ਕੀਤੀ ਇਹ ਅਪੀਲ
ਮ੍ਰਿਤਕ ਦੀ ਪੈਂਟ ’ਚ ਪਰਸ ਰੱਖਿਆ ਤਾਂ ਕਿ ਲਾਸ਼ ਦੀ ਪਛਾਣ ਪੰਕਜ ਵੱਜੋਂ ਹੋਵੇ 
ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੇ ਪਹਿਲਾਂ ਧੜ੍ਹ ਦੀ ਪੈਂਟ ਦੀ ਜੇਬ 'ਚ ਆਪਣਾ ਪਰਸ ਰੱਖ ਦਿੱਤਾ, ਜਿਸ 'ਚ ਆਧਾਰ ਕਾਰਡ ਅਤੇ ਹੋਰ ਦਸਤਾਵੇਜ਼ ਸਨ। ਪੰਕਜ ਚਾਹੁੰਦਾ ਸੀ ਕਿ ਪੁਲਸ ਨੂੰ ਰਾਮ ਪ੍ਰਸਾਦ ਦੀ ਜਦੋਂ ਲਾਸ਼ ਮਿਲੇ ਤਾਂ ਪੁਲਸ ਇਸ ਨੂੰ ਪੰਕਜ ਦੀ ਲਾਸ਼ ਸਮਝ ਕੇ ਅੱਗੇ ਕਾਰਵਾਈ ਕਰੇ। ਮੁਲਜ਼ਮਾਂ ਨੇ ਰਾਮ ਪ੍ਰਸਾਦ ਦੇ ਧੜ੍ਹ ਨੂੰ ਤਿੰਨ ਰੈਪ ਕੀਤੇ ਸਨ। ਪਹਿਲਾਂ ਕਾਲੇ ਰੰਗ ਦੇ ਲਿਫ਼ਾਫ਼ੇ ਨਾਲ ਰੈਪ ਕੀਤਾ। ਉਸ ਦੇ ਉੱਪਰ ਫਿਰ ਸਫ਼ੈਦ ਰੰਗ ਦੇ ਲਿਫ਼ਾਫ਼ੇ ’ਤੇ ਟੇਪ ਰੈਪ ਕੀਤੀ। ਫਿਰ ਬੋਰੀ ਵੀ ਪਾਈ ਅਤੇ ਉਸ ਦੇ ਉੱਪਰ ਕੰਬਲ ਬੰਨ੍ਹਿਆ ਸੀ ਤਾਂ ਕਿ ਉਸ ਦੀ ਬਦਬੂ ਨਾ ਹੋਵੇ। 6 ਜੁਲਾਈ ਨੂੰ ਤੜਕੇ ਸਵੇਰੇ ਪੰਕਜ ਆਪਣੀ ਪਤਨੀ ਦੇ ਨਾਲ ਗਿਆ ਅਤੇ ਪਹਿਲਾਂ ਆਦਰਸ਼ ਨਗਰ 'ਚ ਸਿਰ ਕੱਟੀ ਲਾਸ਼ ਦਾ ਬੋਰਾ ਸੁੱਟਿਆ, ਫਿਰ ਲਿਫ਼ਾਫ਼ੇ 'ਚ ਬੰਦ ਮ੍ਰਿਤਕ ਦਾ ਸਿਰ ਅਤੇ ਉਂਗਲਾਂ ਕੂੜੇ 'ਚ ਸੁੱਟ ਦਿੱਤੀਆਂ।
ਲੁਧਿਆਣਾ ਆ ਕੇ ਆਪਣਾ ਨਾਂ ਪੰਕਜ ਤੋਂ ਰੱਖ ਲਿਆ ਸੀ ਸੰਜੇ
ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਬਹੁਤ ਹੀ ਸ਼ਾਤਰ ਹੈ। ਉਹ ਪੁਲਸ ਤੋਂ ਬਚਦਾ ਹੋਇਆ ਲੁਧਿਆਣਾ ਆ ਕੇ ਰਹਿਣ ਲੱਗ ਗਿਆ ਸੀ। ਜਿੱਥੇ ਉਸ ਨੇ ਆਪਣੀ ਪਛਾਣ ਹੀ ਲੁਕੋ ਲਈ ਸੀ ਜਿੱਥੇ ਉਹ ਖ਼ੁਦ ਨੂੰ ਪੰਕਜ ਨਹੀਂ, ਸਗੋਂ ਸੰਜੇ ਦੱਸਦਾ ਸੀ ਅਤੇ ਹੁਣ ਸਾਜਨ ਨਾਮ ਨਾਲ ਹੀ ਖ਼ੁਦ ਦੀ ਪਛਾਣ ਕਰਵਾਉਂਦਾ ਹੈ। ਮੁਲਜ਼ਮ ਵਲੋਂ ਪਹਿਲਾਂ ਕੀਤੀਆਂ ਵਾਰਦਾਤਾਂ ਦਾ ਵੇਰਵਾ ਸੀ. ਪੀ. ਸਿੱਧੂ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਕਰੀਬ ਅੱਧਾ ਦਰਜਨ ਕੇਸ ਦਰਜ ਹਨ, ਜਿਸ ’ਚ ਜ਼ਿਆਦਾਤਰ ਕਤਲ, ਕਤਲ ਦੇ ਯਤਨ ਅਤੇ ਕਿਡਨੈਪਿੰਗ ਦਾ ਕੇਸ ਦਰਜ ਹੈ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News