ਪੁਲਸ ਨੇ ਲੁੱਟ ਦੀ ਵੱਡੀ ਵਾਰਦਾਤ ਸੁਲਝਾਈ, ਨੌਕਰਾਣੀ ਸਣੇ 3 ਗ੍ਰਿਫ਼ਤਾਰ

07/18/2022 5:12:52 PM

ਫ਼ਰੀਦਕੋਟ (ਰਾਜਨ)-ਸਥਾਨਕ ਨਿਊ ਕੈਂਟ ਰੋਡ ਦੀ ਗਲੀ ਨੰਬਰ-2 ਨਿਵਾਸੀ ਡੌਲੀ ਜੈਨ ਦੇ ਘਰ ’ਚ ਨੌਕਰਾਣੀ ਸਮੇਤ ਇਕੱਲੀ ਹੋਣ ਦੀ ਸੂਰਤ ’ਚ ਇੰਟਰਨੈੱਟ ਠੀਕ ਕਰਨ ਦੇ ਬਹਾਨੇ ਤਿੰਨ ਲੁਟੇਰਿਆਂ ਵੱਲੋਂ ਲੱਖਾਂ ਦੀ ਨਕਦੀ ਅਤੇ ਸੋਨੇ ਦੇ ਗਹਿਣਿਆਂ ਦੀ ਕੀਤੀ ਗਈ ਲੁੱਟ-ਖੋਹ ਦੀ ਵਾਰਦਾਤ ਨੂੰ ਜ਼ਿਲ੍ਹਾ ਪੁਲਸ ਵੱਲੋਂ ਸੁਲਝਾ ਕੇ ਘਰ ਦੀ ਨੌਕਰਾਣੀ ਸਮੇਤ ਤਿੰਨ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ, ਜਦਕਿ ਚੌਥੇ ਮੁਲਜ਼ਮ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਇਹ ਜਾਣਕਾਰੀ ਜ਼ਿਲ੍ਹੇ ਦੇ ਸੀਨੀਅਰ ਪੁਲਸ ਕਪਤਾਨ ਮੈਡਮ ਅਵਨੀਤ ਕੌਰ ਸਿੱਧੂ ਨੇ ਅੱਜ ਸਥਾਨਕ ਪੁਲਸ ਲਾਈਨ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਬੀਤੀ 16 ਜੁਲਾਈ ਨੂੰ ਥਾਣਾ ਸਿਟੀ ਫ਼ਰੀਦਕੋਟ ਵਿਖੇ ਡੌਲੀ ਜੈਨ ਪਤਨੀ ਕੁਲਭੂਸ਼ਨ ਜੈਨ, ਵਾਸੀ ਨਿਊ ਕੈਂਟ ਰੋਡ ਦੇ ਬਿਆਨਾਂ ’ਤੇ ਇਸ ਮਾਮਲੇ ’ਚ ਅਧੀਨ ਧਾਰਾ 394/455/342/323/506 ਅਤੇ 25/27/54/59 ਅਸਲਾ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਪੰਨੂ ਨੇ 15 ਅਗਸਤ ਤਕ ਭਾਰਤ ਦੇ ਵੱਡੇ ਸ਼ਹਿਰਾਂ ’ਚ ਬਿਜਲੀ ਸਪਲਾਈ ’ਚ ਵਿਘਨ ਪਾਉਣ ਦੀ ਦਿੱਤੀ ਧਮਕੀ

PunjabKesari

ਉਨ੍ਹਾਂ ਦੱਸਿਆ ਕਿ ਇਸ ਘਟਨਾ ਨੂੰ ਟ੍ਰੇਸ ਕਰਨ ਲਈ ਗਗਨੇਸ਼ ਕੁਮਾਰ ਐੱਸ. ਪੀ. (ਡੀ) ਅਤੇ ਜਤਿੰਦਰ ਸਿੰਘ ਉੱਪ ਕਪਤਾਨ ਪੁਲਸ (ਡੀ) ਦੀ ਅਗਵਾਈ ਹੇਠ ਇੰਸਪੈਕਟਰ ਸੀ. ਆਈ. ਏ. ਸਟਾਫ਼ ਮੁਖੀ ਅੰਮ੍ਰਿਤਪਾਲ ਸਿੰਘ ਭਾਟੀ ਅਤੇ ਥਾਣਾ ਸਿਟੀ ਦੇ ਸਹਾਇਕ ਥਾਣੇਦਾਰ ਬੇਅੰਤ ਸਿੰਘ ਵੱਲੋਂ ਸਾਂਝੇ ਆਪ੍ਰੇਸ਼ਨ ਦੌਰਾਨ ਸਥਾਨਕ ਤਲਵੰਡੀ ਰੋਡ ’ਤੇ ਕੀਤੀ ਗਈ ਨਾਕਾਬੰਦੀ ਦੌਰਾਨ ਮੁਲਜ਼ਮ ਗੁਰਵਿੰਦਰ ਸਿੰਘ ਉਰਫ਼ ਅਜੈ ਪੁੱਤਰ ਦਾਰੀ ਅਤੇ ਬਲਬੀਰ ਸਿੰਘ ਪੁੱਤਰ ਮਲਕੀਤ ਸਿੰਘ ਦੋਵੇਂ ਵਾਸੀ ਖਵਾਜੇ ਕੇ ਜ਼ਿਲ੍ਹਾ ਲੁਧਿਆਣਾ ਅਤੇ ਡੌਲੀ ਜੈਨ ਦੇ ਘਰ ਦੀ ਨੌਕਰਾਣੀ ਰੀਨਾ ਕੌਰ ਪਤਨੀ ਪਾਲਾ ਸਿੰਘ ਵਾਸੀ ਪਿੰਡ ਫਿੱਡੇਥਾਣਾ ਮੁੱਦਕੀ ਹਾਲ ਆਬਾਦ ਕੰਮੇਆਣਾ ਚੌਕ ਫਰੀਦਕੋਟ ਨੂੰ ਮੋਟਰਸਾਈਕਲ ਨੰਬਰ ਪੀ. ਬੀ. 04/6928, ਜਿਸ ਦਾ ਅਸਲ ਨੰਬਰ ਹੋਰ ਹੈ, ਸਮੇਤ ਕਾਬੂ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਨੇ ਇਕ ਪਿੱਠੂ ਕਿੱਟ ਬੈਗ ਰੰਗ ਕਾਲਾ ਭੂਰਾ ਟੰਗਿਆ ਹੋਇਆ ਸੀ, ਜਿਸ ’ਚੋਂ 3,12,000 ਰੁਪਏ ਦੀ ਨਕਦੀ ਅਤੇ ਕੁਝ ਆਰਟੀਫੀਸ਼ੀਅਲ ਜੇਵਰਾਤ ਵੀ ਬਰਾਮਦ ਹੋਏ ਹਨ।

ਇਹ ਖ਼ਬਰ ਵੀ ਪੜ੍ਹੋ : ਗੈਂਗਸਟਰ ਗੋਲਡੀ ਬਰਾੜ ਦੇ ਦੋਸ਼ਾਂ ਮਗਰੋਂ ਬੋਲੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ, ਕਹੀਆਂ ਇਹ ਗੱਲਾਂ

ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਚੌਥੇ ਸਾਥੀ ਮੁਲਜ਼ਮ ਬਲਕਾਰ ਸਿੰਘ ਉਰਫ਼ ਜੱਸਾ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਸ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਗੁਰਵਿੰਦਰ ਸਿੰਘ ’ਤੇ ਪਹਿਲਾਂ ਹੀ ਮੁਕੱਦਮਾ 263 ਥਾਣਾ ਜਮਾਲਪੁਰ ਲੁਧਿਆਣਾ ਵਿਖੇ ਦਸੰਬਰ 2021 ਵਿਚ ਅਤੇ ਫਿਰ ਫ਼ਰਵਰੀ 2022 ’ਚ ਜਮਾਲਪੁਰ ਵਿਖੇ ਹੀ ਦੂਸਰਾ ਮੁਕੱਦਮਾ ਦਰਜ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਬਲਬੀਰ ਸਿੰਘ ’ਤੇ ਵੀ ਪਹਿਲਾਂ ਦੋ ਮੁਕੱਦਮੇ ਦਰਜ ਹਨ। ਉਨ੍ਹਾਂ ਦੱਸਿਆ ਕਿ ਗੁਰਵਿੰਦਰ ਸਿੰਘ ਕੋਲੋਂ 1 ਲੱਖ ਦੀ ਨਕਦੀ ਅਤੇ ਜੇਵਰਾਤ ਆਰਟੀਫੀਸ਼ਲ, ਬਲਬੀਰ ਸਿੰਘ ਕੋਲੋਂ 1 ਲੱਖ 12000 ਰੁਪਏ ਅਤੇ ਤੀਸਰੀ ਮੁਲਜ਼ਮ ਰੀਨਾ ਕੌਰ ਕੋਲੋਂ 1 ਲੱਖ ਦੀ ਨਕਦੀ, ਵੋਟਰ ਕਾਰਡ ਅਤੇਆਧਾਰ ਕਾਰਡ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਰੀਨਾ ਕੌਰ ਸ਼ਿਕਾਇਤਕਰਤਾ ਡੌਲੀ ਜੈਨ ਦੇ ਘਰੇ ਕਰੀਬ ਢਾਈ ਸਾਲ ਤੋਂ ਕੰਮ ਕਰ ਰਹੀ ਸੀ, ਜਿਸ ਦੌਰਾਨ ਇਸ ਨੇ ਘਰ ਵਾਲਿਆਂ ਦਾ ਵਿਸ਼ਵਾਸ ਪੂਰੀ ਤਰ੍ਹਾਂ ਜਿੱਤ ਲਿਆ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਵੱਲੋਂ ਕਾਫ਼ੀ ਸਮੇਂ ਤੋਂ ਇਸ ਘਟਨਾ ਨੂੰ ਅੰਜਾਮ ਦੇਣ ਲਈ ਪਲਾਨਿੰਗ ਕੀਤੇ ਜਾਣ ਤੋਂ ਇਲਾਵਾ ਰੇਕੀ ਆਦਿ ਕਰਨ ਉਪਰੰਤ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਦਾ ਪੁਲਸ ਰਿਮਾਂਡ ਲੈ ਕੇ ਇਨ੍ਹਾਂ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਇਸ ਮਾਮਲੇ ਦੀ ਤਹਿ ਤੱਕ ਜਾ ਕੇ ਇਨ੍ਹਾਂ ਵੱਲੋਂ ਕੀਤੀਆਂ
ਹੋਰ ਸੰਭਾਵੀ ਵਾਰਦਾਤਾਂ ਦਾ ਵੀ ਪਤਾ ਲਗਾਇਆ ਜਾ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਬਰਾਮਦ ਕੀਤੇ ਗਏ ਜੇਵਰਾਤ ਦੀ ਵੀ ਜਾਂਚ ਕਰਵਾਈ ਜਾਵੇਗੀ।


Manoj

Content Editor

Related News