ਪਾਕਿਸਤਾਨ ਤੋਂ ਅਟਾਰੀ ਸਟੇਸ਼ਨ ਪੁੱਜੀ ਮਾਲ ਗੱਡੀ 'ਚੋਂ 5 ਕਰੋੜ ਦੀ ਹੈਰੋਇਨ ਬਰਾਮਦ

06/16/2018 8:15:05 PM

ਅੰਮ੍ਰਿਤਸਰ (ਨੀਰਜ)- ਕੌਮਾਂਤਰੀ ਅਟਾਰੀ ਰੇਲਵੇ ਸਟੇਸ਼ਨ 'ਤੇ ਕਸਟਮ ਵਿਭਾਗ ਦੀ ਟੀਮ ਨੇ ਪਾਕਿਸਤਾਨ ਤੋਂ ਆਉਣ ਵਾਲੀ ਮਾਲ-ਗੱਡੀ ਦੀ ਬੋਗੀ ਵਿਚੋਂ ਇੱਕ ਕਿੱਲੋ ਹੈਰੋਇਨ ਜ਼ਬਤ ਕੀਤੀ ਹੈ, ਜਿਸ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ ਪੰਜ ਕਰੋੜ ਰੁਪਏ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਅਸਿਸਟੈਂਟ ਕਮਿਸ਼ਨਰ ਐਸ.ਜੇ.ਐਸ ਚੁਘ ਦੀ ਅਗਵਾਈ ਵਿਚ ਕਸਟਮ ਵਿਭਾਗ ਦੀ ਟੀਮ ਪਾਕਿਸਤਾਨ ਤੋਂ ਆਉਣ ਵਾਲੀ ਮਾਲ-ਗੱਡੀ ਦੀਆਂ ਬੋਗੀਆਂ ਦੀ ਰੈਮਜਿੰਗ ਕਰ ਰਹੀ ਸੀ। ਇਸ ਦੌਰਾਨ ਇੱਕ ਖਾਲੀ ਵੈਗਨ ਦੀ ਰੈਮਜਿੰਗ ਦੌਰਾਨ ਦੋ ਪੈਕੇਟ ਹੈਰੋਇਨ ਕੈਵੇਟੀਜ ਵਿਚ ਲੁਕਾਏ ਮਿਲੇ। ਦੋਵੇਂ ਪੈਕੇਟ ਅੱਧਾ-ਅੱਧਾ ਕਿੱਲੋ ਦੇ ਸਨ, ਜਿਨ੍ਹਾਂ ਦੀ ਜਾਂਚ ਤੋਂ ਬਾਅਦ ਹੈਰੋਇਨ ਟਰੇਸ ਕੀਤੀ ਗਈ। ਦੱਸ ਦਈਏ ਕਿ ਪਾਕਿਸਤਾਨ ਤੋਂ ਆਉਣ ਵਾਲੀ ਮਾਲ-ਗੱਡੀ ਸਭ ਤੋਂ ਪਹਿਲਾਂ ਅਟਾਰੀ ਬਾਰਡਰ ਕਰਾਸ ਕਰਕੇ ਇੰਟਰਨੈਸ਼ਨਲ ਅਟਾਰੀ ਰੇਲਵੇ ਸਟੇਸ਼ਨ 'ਤੇ ਖੜੀ ਹੁੰਦੀ ਹੈ ਅਤੇ ਇਸ ਤੋਂ ਬਾਅਦ ਸੀ.ਪੀ.ਐਸ ਛੇਹਰਟਾ ਅਤੇ ਇਸ ਦਾ ਆਖਰੀ ਪੜਾਅ ਅੰਮ੍ਰਿਤਸਰ ਦਾ ਇੰਟਰਨੈਸ਼ਨਲ ਰੇਲ ਕਾਰਗੋ ਹੁੰਦਾ ਹੈ।
PunjabKesari
ਇਹ ਉਹੀ ਮਾਲ-ਗੱਡੀ ਹੈ ਜਿਸ ਦੀਆਂ ਬੋਗੀਆਂ ਵਿਚ ਪਿਛਲੇ ਸਾਲਾਂ ਦੌਰਾਨ ਹੈਰੋਇਨ ਦੀ ਵੱਡੀ ਖੇਪ ਫੜੀ ਜਾਂਦੀ ਰਹੀ ਹੈ। ਇਥੋਂ ਤੱਕ ਕਿ 105 ਕਿੱਲੋ ਹੈਰੋਇਨ ਦੀ ਖੇਪ ਵੀ ਇਸ ਮਾਲਗਾੜੀ ਦੀਆਂ ਬੋਗੀਆਂ ਤੋਂ ਫੜੀ ਜਾ ਚੁੱਕੀ ਹੈ। ਹੈਰੋਇਨ ਤਸਕਰੀ ਦਾ ਇਕ ਵੱਡਾ ਕਿੰਗਪਿਨ ਪੰਜਾਬ ਪੁਲਸ ਦਾ ਬਰਖਾਸਤ ਸਭ-ਇੰਸਪੈਕਟਰ ਅਟਾਰੀ ਬਾਰਡਰ ਦੇ ਸੀਮਾਵਰਤੀ ਪਿੰਡ ਮੋਦੇ ਵਾਸੀ ਰਣਜੀਤ ਸਿੰਘ ਉਰਫ ਰਾਣੇ ਦੇ ਦੋ ਕੁਰੀਅਰ ਕੁੱਲੀਆਂ ਨੂੰ ਵੀ ਡੀ.ਆਰ.ਆਈ. ਦੀ ਟੀਮ ਨੇ ਇਸ ਮਾਲ-ਗੱਡੀ ਦੀਆਂ ਬੋਗੀਆਂ ਤੋਂ 22 ਕਿੱਲੋ ਹੈਰੋਇਨ ਕੱਢਦੇ ਹੋਏ ਰੰਗੇ ਹੱਥੀਂ ਫੜਿਆ ਸੀ। ਹੈਰੋਇਨ ਦੀ ਵਾਰ-ਵਾਰ ਖੇਪ ਫੜੇ ਜਾਣ ਦੇ ਚਲਦੇ ਹੀ ਕਈ ਵਾਰ ਪਾਕਿਸਤਾਨ ਤੋਂ ਆਉਣ ਵਾਲੀ ਮਾਲ-ਗੱਡੀ ਮਹੀਨਿਆਂ ਤੱਕ ਬੰਦ ਵੀ ਰਹੀ ਹੈ ਫਿਲਹਾਲ ਕਸਟਮ ਕਮਿਸ਼ਨਰ ਦੀਪਕ ਕੁਮਾਰ ਗੁਪਤਾ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਹਰ ਪਹਿਲੂ ਨੂੰ ਖੰਗਾਲਿਆ ਜਾ ਰਿਹਾ ਹੈ।


Related News