ਬੱਲੜਵਾਲ ਕਤਲ ਕਾਂਡ 'ਚ ਮੁੱਖ ਦੋਸ਼ੀ ਦੀ ਨਾਬਾਲਿਗ ਧੀ ਵਲੋਂ ਜਬਰ-ਜ਼ਨਾਹ ਦੇ ਦੋਸ਼ ਤੋਂ ਬਾਅਦ ਪੁਲਸ ਵਲੋਂ ਕਰਾਸ ਕੇਸ ਦਰਜ
Wednesday, Jul 07, 2021 - 10:17 PM (IST)
ਬਟਾਲਾ/ਘੁਮਾਣ(ਬੇਰੀ, ਸਰਬਜੀਤ)- ਬਲੜਵਾਲ ਕਤਲ ਕਾਂਡ 'ਚ ਅੱਜ ਪੁਲਸ ਵਲੋਂ ਇਕ ਕਰਾਸ ਕੇਸ ਦਰਜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਘੁਮਾਣ ਦੇ ਐੱਸ.ਐੱਚ.ਓ ਜੋਗਿੰਦਰ ਸਿੰਘ ਨੇ ਦੱਸਿਆ ਕਿ ਸੁਖਜਿੰਦਰ ਸਿੰਘ ਸੋਨੀ ਦੀ ਨਾਬਾਲਿਗ ਲੜਕੀ ਨੇ ਆਪਣੇ ਨਾਲ ਹੋਏ ਜਬਰ ਜ਼ਨਾਹ ਸੰਬੰਧੀ ਅੱਜ ਪੁਲਸ ਨੂੰ ਬਿਆਨ ਦਰਜ ਕਰਵਾਏ ਹਨ ਜਿਸ ਵਿਚ ਉਸਨੇ ਲਿਖਵਾਇਆ ਕਿ ਚਾਰ ਵਿਅਕਤੀਆਂ ਜਿਨ੍ਹਾਂ ਵਿਚ ਜਰਮਨਜੀਤ ਸਿੰਘ, ਹਰਮਨਜੀਤ ਸਿੰਘ, ਜੱਸ, ਸੰਨੀ ਨੇ ਉਸ ਨਾਲ ਜਬਰਦਸਤੀ ਜਬਰ ਜ਼ਨਾਹ ਕੀਤਾ ਹੈ | ਉਨ੍ਹਾਂ ਕਿਹਾ ਕਿ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਮੁਕੱਦਮਾ ਨੰ. 74 ਧਾਰਾ 376-ਡੀ (ਏ), 451 ਅਤੇ ਪੋਸਕੋ ਐਕਟ ਤਹਿਤ ਥਾਣਾ ਘੁਮਾਣ ਵਿਖੇ ਕੇਸ ਦਰਜ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਪੁਲਸ ਵਲੋਂ ਅੱਜ ਲੜਕੀ ਦਾ ਮੈਡੀਕਲ ਵੀ ਕਰਵਾਇਆ ਜਾਵੇਗਾ ਅਤੇ ਜੋ ਰਿਪੋਰਟ ਆਵੇਗੀ, ਉਸਦੇ ਆਧਾਰ 'ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |
ਇਹ ਵੀ ਪੜ੍ਹੋ- ਅਗਲੀ ਕੈਬਨਿਟ ਦੀ ਮੀਟਿੰਗ 'ਚ ਪੇਸ਼ ਕੀਤਾ ਜਾਵੇਗਾ ਅਧਿਆਪਕਾਂ ਦੀਆਂ ਮੰਗਾਂ ਦਾ ਪ੍ਰਸਤਾਵ : ਸਿੰਗਲਾ
ਕੀ ਹੈ ਪੂਰਾ ਮਾਮਲਾ
ਦੱਸ ਦੇਈਏ ਕਿ ਜ਼ਿਲ੍ਹਾ ਬਟਾਲਾ ਦੇ ਅਧੀਨ ਪੈਂਦੇ ਪਿੰਡ ਬੱਲੜਵਾਲ ਵਿੱਚ ਇਕ ਕਾਂਗਰਸੀ ਆਗੂ ਨੇ ਅੰਨ੍ਹੇਵਾਹ ਗੋਲੀਆਂ ਚਲਾਉਂਦਿਆਂ ਇਕੋ ਪਰਿਵਾਰ ਦੇ 4 ਜੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਜਿਸ ਤੋਂ ਬਾਅਦ ਪੁਲਸ ਵਲੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਗੋਲੀਕਾਂਡ ਮਾਮਲੇ ’ਚ ਉਸ ਸਮੇਂ ਨਵਾਂ ਮੋੜ ਆ ਗਿਆ, ਜਦੋਂ ਜਬਰ-ਜ਼ਿਨਾਹ ਪੀੜਤਾ ਧੀ ਨੇ ਪਿਤਾ ਵੱਲੋਂ ਆਪਣੀ ਅਣਖ ਦੀ ਖਾਤਿਰ 4 ਲੋਕਾਂ ਨੂੰ ਮੌਤ ਦੇ ਘਾਟ ਉਤਾਰੇ ਜਾਣ ਦਾ ਖੁਲਾਸਾ ਕਰ ਦਿੱਤਾ। ਸਿਵਲ ਹਸਪਤਾਲ ਬਟਾਲਾ ਵਿਚ ਆਪਣੀ ਨਾਨੀ ਤੇ ਪਰਿਵਾਰਿਕ ਮੈਂਬਰਾਂ ਦੇ ਨਾਲ ਮੈਡੀਕਲ ਕਰਵਾਉਣ ਪਹੁੰਚੀ 15 ਸਾਲਾ ਨਾਬਾਲਿਗ ਪੀੜਤਾ ਨੇ ਦੱਸਿਆ ਕਿ ਸਾਡੇ ਪਿੰਡ ਦਾ ਰਹਿਣ ਵਾਲਾ ਨੌਜਵਾਨ ਜਰਮਨ ਸਿੰਘ ਮੈਨੂੰ ਫੋਨ ’ਤੇ ਵੱਖ-ਵੱਖ ਨੰਬਰਾਂ ਤੋਂ ਮੈਸੇਜ ਵਗੈਰਾ ਕਰਦਾ ਸੀ। ਇਸ ਸੰਬੰਧ ਵਿਚ ਮੈਂ ਅਤੇ ਮੇਰੇ ਪਰਿਵਾਰਿਕ ਮੈਂਬਰਾਂ ਨੇ ਉਕਤ ਨੌਜਵਾਨ ਨੂੰ ਕਈ ਵਾਰ ਸਮਝਾਇਆ ਸੀ ਪਰ ਉਹ ਨਹੀਂ ਮੰਨਿਆ।
ਇਹ ਵੀ ਪੜ੍ਹੋ- ਬੈਂਸ ਦੀਆਂ ਮੁਸ਼ਕਿਲਾਂ 'ਚ ਵਾਧਾ, ਅਦਾਲਤ ਵਲੋਂ ਬਲਾਤਕਾਰ ਮਾਮਲੇ 'ਚ ਪੁਲਸ ਨੂੰ FIR ਦਰਜ ਕਰਨ ਦੇ ਹੁਕਮ
ਉਸ ਨੇ ਦੱਸਿਆ ਕਿ ਬੀਤੀ 3-4 ਜੁਲਾਈ ਦੀ ਅੱਧੀ ਰਾਤ ਨੂੰ ਜਰਮਨ ਸਿੰਘ ਆਪਣੇ ਨਾਲ ਤਿੰਨ ਨੌਜਵਾਨਾਂ ਨੂੰ ਲੈ ਕੇ ਸਾਡੇ ਘਰ ਦੀ ਕੰਧ ਟੱਪ ਕੇ ਆ ਗਿਆ ਅਤੇ ਮੇਰੇ ਕਮਰੇ ’ਚ ਆ ਕੇ ਮੇਰੇ ਮੂੰਹ ਨੂੰ ਰੁਮਾਲ ਨਾਲ ਬੰਦ ਕਰ ਦਿੱਤਾ। ਗਲੇ ਵਿੱਚ ਪਰਨਾ ਪਾ ਕੇ ਜ਼ਬਰਦਸਤੀ ਸਾਥੀਆਂ ਦੇ ਨਾਲ ਚੁੱਕ ਕੇ ਮੋਟਰ ’ਤੇ ਲੈ ਗਿਆ, ਜਿਥੇ ਜਰਮਨ ਸਿੰਘ ਨੇ ਮੇਰੇ ਨਾਲ ਜਬਰ-ਜ਼ਿਨਾਹ ਕੀਤਾ। ਜਬਰ-ਜ਼ਿਨਾਹ ਕਰਨ ਤੋਂ ਬਾਅਦ ਉਹ ਸਵੇਰੇ ਤੜਕਸਾਰ ਸਾਡੇ ਘਰ ਤੋਂ ਕੁਝ ਦੂਰੀ ’ਤੇ ਮੈਨੂੰ ਛੱਡ ਕੇ ਚਲਾ ਗਿਆ।
ਪੀੜਤਾ ਨੇ ਦੱਸਿਆ ਕਿ ਉਸ ਨੇ ਇਸ ਦੇ ਬਾਰੇ ਆਪਣੇ ਚਾਚਾ ਤੇ ਪਿਤਾ ਨੂੰ ਸਾਰੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਮੇਰੇ ਪਿਤਾ ਉਕਤ ਨੌਜਵਾਨ ਦੇ ਘਰ ਸ਼ਿਕਾਇਤ ਕਰਨ ਗਏ, ਤਾਂ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਨੇ ਮੇਰੇ ਪਿਤਾ ਨਾਲ ਝਗੜਾ ਕਰਦੇ ਹੋਏ ਉਨ੍ਹਾਂ ਨੂੰ ਘੇਰ ਲਿਆ। ਆਪਣੇ ਬਚਾਅ ਲਈ ਹਵਾਈ ਫਾਇਰ ਕਰ ਕੇ ਉਥੋਂ ਭੱਜ ਨਿਕਲੇ ਪਰ ਜਰਮਨ ਸਿੰਘ ਨੇ ਪਰਿਵਾਰਿਕ ਮੈਂਬਰ ਵੀ ਮੇਰੇ ਪਿਤਾ ਦੇ ਪਿਛੇ ਦੌੜ ਪਏ ਤੇ ਆਪਣੇ ਬਚਾਅ ’ਚ ਉਨ੍ਹਾਂ ਨੇ ਸੰਬੰਧਿਤ ਪਰਿਵਾਰ ਦੇ 4 ਵਿਅਕਤੀਆਂ ਨੂੰ ਗੋਲੀ ਮਾਰ ਦਿੱਤੀ।
ਇਹ ਵੀ ਪੜ੍ਹੋ- ਸਾਬਕਾ ਭਾਜਪਾ ਨੇਤਾ ਮਲਵਿੰਦਰ ਸਿੰਘ ਕੰਗ ‘ਆਪ’ ’ਚ ਸ਼ਾਮਲ
ਸਿਵਲ ਹਸਪਤਾਲ ਵਿਚ ਮੈਡੀਕਲ ਕਰਵਾਉਣ ਆਈ ਰੇਪ ਪੀੜਤਾ ਨੇ ਪੁਲਸ ’ਤੇ ਵੀ ਦੋਸ਼ ਲਗਾਏ ਹੈ ਕਿ ਪੁਲਸ ਉਨ੍ਹਾਂ ਦੇ ਨਾਲ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਉਣ ਨਹੀਂ ਆਈ ਅਤੇ ਉਸ ਨੂੰ ਇਕੱਲੇ ਭੇਜ ਦਿੱਤਾ ਗਿਆ। ਜਦਕਿ ਹਸਪਤਾਲ ਦੇ ਡਾਕਟਰ ਉਸ ਦਾ ਮੈਡੀਕਲ ਨਹੀਂ ਕਰ ਰਹੇ ਅਤੇ ਕਹਿ ਰਹੇ ਹਨ ਤੁਹਾਡੇ ਨਾਲ ਕੋਈ ਪੁਲਸ ਅਧਿਕਾਰੀ ਨਹੀਂ ਆਇਆ ਹੈ।