ਪੁਲਸ ਭਰਤੀ ਰੈਕੇਟ ਦੀ ਪੜਤਾਲ ਲਈ ਡੀ. ਜੀ. ਪੀ. ਵੱਲੋਂ 'ਸਿਟ' ਗਠਿਤ

Sunday, Dec 29, 2019 - 10:22 AM (IST)

ਪੁਲਸ ਭਰਤੀ ਰੈਕੇਟ ਦੀ ਪੜਤਾਲ ਲਈ ਡੀ. ਜੀ. ਪੀ. ਵੱਲੋਂ 'ਸਿਟ' ਗਠਿਤ

ਚੰਡੀਗੜ੍ਹ/ਜਲੰਧਰ (ਸ਼ਰਮਾ, ਧਵਨ)— ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੇ ਪੁਲਸ ਭਰਤੀ ਰੈਕੇਟ 'ਚ ਅਗਲੀ ਛਾਣਬੀਣ ਲਈ ਵਿਸ਼ੇਸ਼ ਜਾਂਚ ਟੀਮ (ਸਿਟ) ਦਾ ਗਠਨ ਕੀਤਾ ਹੈ। ਇਹ ਵਿਸ਼ੇਸ਼ ਜਾਂਚ ਟੀਮ ਆਈ. ਜੀ. ਪਟਿਆਲਾ ਰੇਂਜ ਦੀ ਨਿਗਰਾਨੀ ਹੇਠ ਕੰਮ ਕਰੇਗੀ ਅਤੇ ਅੰਮ੍ਰਿਤਸਰ ਦਿਹਾਤੀ, ਮੋਹਾਲੀ, ਬਰਨਾਲਾ, ਸੰਗਰੂਰ ਅਤੇ ਪਟਿਆਲਾ ਦੇ ਐੱਸ. ਐੱਸ. ਪੀਜ਼ ਇਸ ਦੇ ਮੈਂਬਰ ਹੋਣਗੇ। ਹਰਿੰਦਰ ਸਿੰਘ ਉਰਫ ਬੱਬੂ 12 ਬੋਰ, ਜਿਸ ਨੇ ਪੁਲਸ 'ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਕਥਿਤ ਤੌਰ 'ਤੇ 11 ਲੋਕਾਂ ਨੂੰ ਠੱਗਿਆ ਸੀ, ਦੀ ਗ੍ਰਿਫਤਾਰੀ ਨਾਲ ਇਸ ਰੈਕੇਟ ਦਾ ਪਰਦਾਫਾਸ਼ ਹੋਇਆ ਹੈ। ਪੁਲਸ ਦੇ ਇਕ ਬੁਲਾਰੇ ਅਨੁਸਾਰ ਵਿਸ਼ੇਸ਼ ਜਾਂਚ ਟੀਮ (ਸਿਟ) ਵੱਲੋਂ ਇਸ ਰੈਕੇਟ 'ਚ ਸ਼ਾਮਲ ਹੋਰ ਦੋਸ਼ੀਆਂ ਦੀ ਭੂਮਿਕਾ ਬਾਰੇ ਅੱਗੇ ਪੜਤਾਲ ਕੀਤੀ ਜਾਵੇਗੀ। ਬੁਲਾਰੇ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ 'ਚ ਖੁਲਾਸਾ ਹੋਇਆ ਹੈ ਕਿ ਹਰਿੰਦਰ ਨੇ ਪੁਲਸ ਵਿਭਾਗ 'ਚ ਭਰਤੀ ਕਰਵਾਉਣ ਦਾ ਵਾਅਦਾ ਕਰਕੇ ਘੱਟੋ-ਘੱਟ 11 ਵਿਅਕਤੀਆਂ ਕੋਲੋਂ 70 ਲੱਖ ਰੁਪਏ ਠੱਗੇ ਸਨ।

ਜ਼ਿਕਰਯੋਗ ਹੈ ਕਿ ਪੰਜਾਬ ਪੁਲਸ ਵਿਭਾਗ 'ਚ ਭਰਤੀ ਕਰਵਾਉਣ ਦੇ ਨਾਂ 'ਤੇ ਲੋਕਾਂ ਨੂੰ ਠੱਗਣ ਦੇ ਦੋਸ਼ 'ਚ ਏ. ਐੱਸ. ਆਈ. ਪਰਮਿੰਦਰ ਸਿੰਘ ਦੀ ਸ਼ਿਕਾਇਤ 'ਤੇ ਹਰਿੰਦਰ ਸਿੰਘ ਨੂੰ 20 ਦਸੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਧਾਰਾ 419, 420, 467, 468, 471, 120-ਬੀ ਅਤੇ ਆਈ. ਟੀ. ਐਕਟ ਦੀ ਧਾਰਾ 66-ਡੀ ਤਹਿਤ ਐੱਫ. ਆਈ. ਆਰ. ਨੰ. 157 ਮਿਤੀ 20/12/2019 ਪੁਲਸ ਥਾਣਾ ਤਪਾ ਜ਼ਿਲਾ ਬਰਨਾਲਾ ਵਿਖੇ ਦਰਜ ਕੀਤੀ ਗਈ ਸੀ। ਸ਼ਿਕਾਇਤ ਅਨੁਸਾਰ ਦੋਸ਼ੀ ਨੇ ਸ਼ਿਕਾਇਤਕਰਤਾ ਪਰਮਿੰਦਰ ਸਿੰਘ ਨਾਲ 40 ਲੱਖ ਰੁਪਏ ਦੀ ਠੱਗੀ ਮਾਰੀ ਸੀ।
ਬੁਲਾਰੇ ਨੇ ਦੱਸਿਆ ਕਿ ਹਰਿੰਦਰ ਸਿੰਘ ਪਟਿਆਲਾ ਜ਼ਿਲੇ ਦੇ ਇਕ ਖੇਤੀਬਾੜੀ ਪਰਿਵਾਰ ਨਾਲ ਸਬੰਧਤ ਹੈ ਅਤੇ ਖਰੜ, ਮੋਹਾਲੀ ਅਤੇ ਪਟਿਆਲਾ ਵਿਖੇ ਫਲੈਟ ਤੋਂ ਆਪ੍ਰੇਟ ਕਰਦਾ ਸੀ। ਉਸ ਨੇ ਪੰਜਾਬ ਪੁਲਸ 'ਚ ਸਬ-ਇੰਸਪੈਕਟਰ ਹੋਣ ਦਾ ਡਰਾਮਾ ਰਚਿਆ ਅਤੇ ਦਾਅਵਾ ਕੀਤਾ ਕਿ ਉਹ ਖੁਫੀਆ ਆਪ੍ਰੇਸ਼ਨਜ਼ 'ਚ ਕੰਮ ਕਰ ਰਿਹਾ ਹੈ, ਇਸ ਲਈ ਪੁਲਸ ਦੀ ਵਰਦੀ ਨਹੀਂ ਪਹਿਨਦਾ। ਦੋਸ਼ੀ ਪੈਸੇ ਦੇ ਬਦਲੇ ਫਰਜ਼ੀ ਨਿਯੁਕਤੀ ਪੱਤਰ ਤਿਆਰ ਕਰਕੇ ਨਿਰਦੋਸ਼ ਪੀੜਤਾਂ ਨੂੰ ਦਿੰਦਾ ਸੀ।

ਜਾਂਚ ਦੌਰਾਨ ਪੁਲਸ ਵੱਲੋਂ ਹਰਿੰਦਰ ਪਾਸੋਂ ਸ਼ਿਕਾਇਤਕਰਤਾਵਾਂ ਦੇ ਸਰਟੀਫਿਕੇਟ, 3 ਲੱਖ ਰੁਪਏ ਦੀ ਨਕਦੀ ਅਤੇ ਸਿਮ ਕਾਰਡ ਸਮੇਤ ਦੋਸ਼ੀ ਦਾ ਮੋਬਾਇਲ ਬਰਾਮਦ ਕੀਤਾ ਗਿਆ ਸੀ। ਦੋਸ਼ੀ ਵੱਲੋਂ ਅਪਰਾਧ ਕਰਨ ਲਈ ਵਰਤੀ ਜਾ ਰਹੀ ਪਜੈਰੋ ਕਾਰ ਨੰ. ਪੀ ਬੀ 08 ਸੀ ਟੀ 0027 ਨੂੰ ਪੁਲਸ ਨੇ ਜ਼ਬਤ ਕਰ ਲਿਆ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਦੇ ਸੈਕਟਰ-35 ਵਿਖੇ ਸਥਿਤ ਇਕ ਸਾਈਬਰ ਕੈਫੇ ਦੇ ਕੰਪਿਊਟਰ ਸਿਸਟਮ ਨੂੰ ਡਿਜੀਟਲ ਸਬੂਤ ਵਜੋਂ ਜ਼ਬਤ ਕਰ ਲਿਆ ਗਿਆ ਹੈ, ਜਿਸ ਦੀ ਵਰਤੋਂ ਸ਼ਿਕਾਇਤਕਰਤਾਵਾਂ ਨੂੰ ਫਰਜ਼ੀ ਨਿਯੁਕਤੀ ਪੱਤਰ ਅਤੇ ਡੀ. ਓ. ਪੱਤਰ ਦੇਣ ਲਈ ਕੀਤੀ ਗਈ ਸੀ।


author

shivani attri

Content Editor

Related News