ਪੁਲਸ ਨੇ ਸਮਾਜ ਵਿਰੋਧੀ ਅਨਸਰਾਂ ਤੇ ਅਪਰਾਧਾਂ ’ਚ ਸ਼ਾਮਲ ਵਿਅਕਤੀਆਂ ਦੇ ਟਿਕਾਣਿਆਂ ’ਤੇ ਕੀਤੀ ਛਾਪੇਮਾਰੀ

Friday, May 19, 2023 - 07:55 PM (IST)

ਪੁਲਸ ਨੇ ਸਮਾਜ ਵਿਰੋਧੀ ਅਨਸਰਾਂ ਤੇ ਅਪਰਾਧਾਂ ’ਚ ਸ਼ਾਮਲ ਵਿਅਕਤੀਆਂ ਦੇ ਟਿਕਾਣਿਆਂ ’ਤੇ ਕੀਤੀ ਛਾਪੇਮਾਰੀ

ਚੰਡੀਗੜ੍ਹ (ਬਿਊਰੋ) : ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੇ ਹਿੱਸੇ ਵਜੋਂ ਪੰਜਾਬ ਪੁਲਸ ਨੇ ਸ਼ੁੱਕਰਵਾਰ ਨੂੰ ਸਮਾਜ ਵਿਰੋਧੀ ਅਨਸਰਾਂ ਅਤੇ ਅਪਰਾਧਾਂ ਵਿਚ ਸ਼ਾਮਲ ਵਿਅਕਤੀਆਂ ਦੇ ਟਿਕਾਣਿਆਂ ’ਤੇ ਇਕੋ ਸਮੇਂ ਛਾਪੇਮਾਰੀ ਕੀਤੀ। ਇਹ ਛਾਪੇਮਾਰੀ ਡਾਇਰੈਕਟਰ ਜਨਰਲ ਆਫ ਪੁਲਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ’ਤੇ ਕੀਤੀ ਗਈ ।

ਵਿਸ਼ੇਸ਼ ਡੀ.ਜੀ.ਪੀ. ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਸੂਬੇ ਭਰ ਵਿਚ ਦਿਨ ਭਰ ਚੱਲੇ ਇਸ ਆਪ੍ਰੇਸ਼ਨ ਨੂੰ ਸਿੰਕ੍ਰੋਨਾਈਜ਼ ਢੰਗ ਨਾਲ ਚਲਾਇਆ ਗਿਆ ਸੀ ਅਤੇ ਸਾਰੇ ਸੀ.ਪੀਜ਼/ਐੱਸ.ਐੱਸ.ਪੀਜ਼ ਨੂੰ ਕਿਹਾ ਗਿਆ ਸੀ ਕਿ ਇਨ੍ਹਾਂ ਸ਼ੱਕੀ ਵਿਅਕਤੀਆਂ ਦੇ ਟਿਕਾਣਿਆਂ ਦੀ ਜਾਂਚ ਲਈ ਸਬ-ਇੰਸਪੈਕਟਰ (ਐੱਸ. ਆਈ.) ਰੈਂਕ ਦੇ ਅਧਿਕਾਰੀਆਂ ਅਧੀਨ ਘੱਟੋ-ਘੱਟ ਇਕ ਪੁਲਸ ਪਾਰਟੀ ਪ੍ਰਤੀ ਥਾਣੇ ਲਈ ਤਾਇਨਾਤ ਕੀਤੀ ਜਾਵੇ।  

ਉਨ੍ਹਾਂ ਕਿਹਾ ਕਿ 3000 ਤੋਂ ਵੱਧ ਪੁਲਸ ਮੁਲਾਜ਼ਮਾਂ ਦੀ ਸ਼ਮੂਲੀਅਤ ਵਾਲੀਆਂ 450 ਪੁਲਸ ਪਾਰਟੀਆਂ ਨੇ ਘੱਟੋ-ਘੱਟ 4171 ਅਜਿਹੇ ਵਿਅਕਤੀਆਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ, ਜੋ ਅਪਰਾਧਿਕ ਪਿਛੋਕੜ ਨਾਲ ਸਬੰਧਤ ਹਨ। ਵਿਸ਼ੇਸ਼ ਡੀ.ਜੀ.ਪੀ. ਨੇ ਕਿਹਾ ਕਿ ਇਸ ਆਪ੍ਰੇਸ਼ਨ ਨੂੰ ਅੰਜਾਮ ਦੇਣ ਦਾ ਮਕਸਦ ਅਜਿਹੇ ਵਿਅਕਤੀਆਂ ਦੀਆਂ ਗਤੀਵਿਧੀਆਂ ਦਾ ਪਤਾ ਲਗਾਉਣ ਤੋਂ ਇਲਾਵਾ ਇਹ ਯਕੀਨੀ ਬਣਾਉਣਾ ਵੀ ਸੀ ਕਿ ਰਾਹ ਤੋਂ ਭਟਕੇ ਅਜਿਹੇ ਵਿਅਕਤੀਆਂ ਨੂੰ ਮੁੱਖ ਧਾਰਾ ਦੀ ਜੀਵਨ ਸ਼ੈਲੀ ਵਿਚ ਵਾਪਸ ਪਰਤੇ ਹਨ ਜਾ ਨਹੀਂ।

ਉਨ੍ਹਾਂ ਕਿਹਾ ਕਿ ਪੁਲਸ ਟੀਮਾਂ ਨੇ ਅਪਰਾਧਾਂ ਵਿਚ ਸ਼ਾਮਲ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ  ਅਤੇ ਬੈਂਕਾਂ ਸਬੰਧੀ ਲੈਣ-ਦੇਣ, ਵੈਸਟਰਨ ਯੂਨੀਅਨ ਅਤੇ ਜਾਇਦਾਦ ਦੇ ਵੇਰਵੇ ਵੀ ਚੈੱਕ ਕੀਤੇ । ਉਨ੍ਹਾਂ ਕਿਹਾ ਕਿ ਪੁਲਸ ਟੀਮਾਂ ਨੇ ਮੌਕੇ ’ਤੇ ਖੜ੍ਹੇ ਵਾਹਨਾਂ ਦੀ ਵੀ ਚੈਕਿੰਗ ਕੀਤੀ  ਅਤੇ ਵਾਹਨ ਮੋਬਾਈਲ ਐਪ ਰਾਹੀਂ ਉਨ੍ਹਾਂ ਦੇ ਰਜਿਸਟ੍ਰੇਸ਼ਨ ਨੰਬਰਾਂ ਦੀ ਵੀ ਪੁਸ਼ਟੀ ਕੀਤੀ। ਜ਼ਿਕਰਯੋਗ ਹੈ ਕਿ ਅਜਿਹੀਆਂ ਕਵਾਇਦਾਂ ਆਮ ਲੋਕਾਂ ਵਿਚ ਸੁਰੱਖਿਆ ਦੀ ਭਾਵਨਾ ਪੈਦਾ ਕਰਦੀਆਂ ਹਨ ਅਤੇ ਸਮਾਜ ਵਿਰੋਧੀ ਤੱਤਾਂ ’ਚ ਪੁਲਸ ਦਾ ਡਰ ਪੈਦਾ ਕਰਨ ’ਚ ਮਦਦ ਕਰਦੀਆਂ ਹਨ।


author

Manoj

Content Editor

Related News