ਫਿਲੌਰ ਪੁਲਸ ਹੱਥ ਲੱਗੀ ਵੱਡੀ ਕਾਮਯਾਬੀ ਲਾਪ੍ਰਵਾਹੀ ਕਾਰਨ ਨਾਕਾਮਯਾਬੀ ’ਚ ਬਦਲੀ, ਜਾਣੋ ਪੂਰਾ ਮਾਮਲਾ

Sunday, Apr 10, 2022 - 11:56 AM (IST)

ਫਿਲੌਰ ਪੁਲਸ ਹੱਥ ਲੱਗੀ ਵੱਡੀ ਕਾਮਯਾਬੀ ਲਾਪ੍ਰਵਾਹੀ ਕਾਰਨ ਨਾਕਾਮਯਾਬੀ ’ਚ ਬਦਲੀ, ਜਾਣੋ ਪੂਰਾ ਮਾਮਲਾ

ਫਿਲੌਰ (ਭਾਖੜੀ)- ਸਥਾਨਕ ਪੁਲਸ ਦੇ ਹੱਥ ਲੱਗੀ ਵੱਡੀ ਕਾਮਯਾਬੀ ਪੁਲਸ ਦੀ ਢਿੱਲੀ ਕਾਰਵਾਈ ਕਾਰਨ ਨਾਕਾਮਯਾਬੀ ਵਿਚ ਬਦਲ ਗਈ। ਸ਼ਰਾਬ ਸਮੱਗਲਰ ਦੇ ਘਰ ਛਾਪੇਮਾਰੀ ਦੌਰਾਨ ਪੁਲਸ ਨੇ ਉਥੋਂ 3 ਬੈਗ, ਜਿਸ ਵਿਚ ਸੋਨੇ ਦੇ ਗਹਿਣੇ ਅਤੇ ਰੁਪਏ ਸਨ, ਚੁੱਕ ਕੇ ਲੈ ਗਈ, ਜਦੋਂਕਿ ਪਰਿਵਾਰ ਦੇ ਮੈਂਬਰ ਰੌਲਾ ਪਾਉਂਦੇ ਰਹੇ, ਜਿਨ੍ਹਾਂ ਦੇ ਇਹ ਬੈਗ ਹਨ, ਉਹ ਘਰੋਂ ਬਾਹਰ ਨਿਕਲ ਕੇ ਭੱਜ ਰਹੇ ਹਨ। ਪੁਲਸ ਉਨ੍ਹਾਂ ਵਿਚੋਂ ਇਕ ਨੂੰ ਵੀ ਨਹੀਂ ਫੜ ਸਕੀ। ਡੀ. ਐੱਸ. ਪੀ. ਨੇ ਕਿਹਾ ਘਰੋਂ ਸਿਰਫ਼ 5 ਲੱਖ 35 ਹਜ਼ਾਰ ਰੁਪਏ ਮਿਲੇ ਹਨ। ਲੜਕੀ ਨੇ ਕਿਹਾ ਪੁਲਸ ਉਸ ਦਾ ਅੱਧਾ ਕਿਲੋ ਸੋਨਾ ਅਤੇ 3 ਲੱਖ ਜੋ ਲੈ ਕੇ ਗਈ, ਉਹ ਕੌਣ ਹਜ਼ਮ ਕਰ ਗਿਆ।
ਮਿਲੀ ਸੂਚਨਾ ਮੁਤਾਬਕ ਸਥਾਨਕ ਪੁਲਸ ਵੱਲੋਂ ਆਪਣੀ ਪਿੱਠ ਥਾਪੜਨ ਲਈ ਥਾਣੇ ਦਾ ਗੇਟ ਬੰਦ ਕਰਕੇ ਅੰਦਰ ਜੋ ਖਿੱਚੜੀ ਬਣਾਈ ਜਾ ਰਹੀ ਸੀ, ਉਸ ਦੀ ਖੁਸ਼ਬੂ ਪੰਜਾਬ ਹੀ ਨਹੀਂ, ਸਗੋਂ ਦੂਜੇ ਪ੍ਰਦੇਸ਼ ਹਰਿਆਣਾ ਤੱਕ ਫੈਲ ਗਈ, ਜਿਸ ਤੋਂ ਬਾਅਦ ਦੁਪਹਿਰ ਐੱਸ. ਪੀ. ਡੀ. ਜਲੰਧਰ ਨੂੰ ਵੀ ਥਾਣੇ ਆਉਣਾ ਪਿਆ। ਸ਼ਨੀਵਾਰ ਸਵੇਰ 11 ਵਜੇ ਥਾਣਾ ਮੁਖੀ ਫਿਲੌਰ ਨੇ ਪੁਲਸ ਪਾਰਟੀ ਦੇ ਨਾਲ ਸ਼ਹਿਰ ਦੇ ਵਾਰਡ ਨੰਬਰ 10 ਵਿਚ ਪੈਂਦੇ ਪਹਿਲਾਂ ਸ਼ਰਾਬ ਸਮੱਗਲਿੰਗ ਦਾ ਧੰਦਾ ਕਰਨ ਵਾਲੇ ਜੋਜੀ ਦੇ ਘਰ ਛਾਪਾ ਮਾਰਿਆ। ਗੱਡੀਆਂ ਤੋਂ ਉੱਤਰ ਕੇ ਪੁਲਸ ਸਿੱਧਾ ਜੋਜੀ ਦੇ ਘਰ ਦਾਖ਼ਲ ਹੋਈ। ਘਰ ਵਿਚ ਪਏ ਬੈਗ ਅਤੇ ਟਰੰਕ ਖੋਲ੍ਹ ਕੇ ਉਸ ਵਿਚ ਪਏ 3 ਕਾਲੇ, ਭੂਰੇ ਅਤੇ ਲਾਲ ਰੰਗ ਦੇ ਬੈਗ ਚੁੱਕ ਕੇ ਲੈ ਗਈ।

ਇਹ ਵੀ ਪੜ੍ਹੋ:  ਸ਼੍ਰੀ ਅਮਰਨਾਥ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ

PunjabKesari
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜੋ 3 ਬੈਗ ਪੁਲਸ ਉਥੋਂ ਲੈ ਕੇ ਗਈ, ਉਨ੍ਹਾਂ ਵਿਚ ਕਾਲੇ ਅਤੇ ਭੂਰੇ ਰੰਗ ਦੇ ਬੈਗ ਨੋਟਾਂ ਨਾਲ ਭਰੇ ਹੋਏ ਸਨ, ਜਦੋਂਕਿ ਲਾਲ ਰੰਗ ਦੇ ਬੈਗ ਵਿਚ ਅੱਧਾ ਕਿਲੋ ਸੋਨੇ ਦੇ ਗਹਿਣੇ ਅਤੇ 3 ਲੱਖ ਰੁਪਏ ਸਨ, ਜਿਸ ਦੀ ਪੁਸ਼ਟੀ ਉਸ ਘਰ ਦੀ ਲੜਕੀ ਮੋਨਿਕਾ ਅਤੇ ਹੋਰ ਪਰਿਵਾਰ ਵਾਲਿਆਂ ਨੇ ਵੀ ਕੀਤੀ। ਉਸ ਨੇ ਕਿਹਾ ਕਿ ਦੂਜੇ 2 ਬੈਗਾਂ ਵਿਚ ਕਿੰਨਾ ਕੈਸ਼ ਸੀ, ਉਹ ਨਹੀਂ ਜਾਣਦੇ ਅਤੇ ਜੋ ਰਾਮ ਨੂੰ ਅੰਬਾਲਾ ਤੋਂ ਉਨ੍ਹਾਂ ਦੇ ਰਿਸ਼ਤੇਦਾਰ ਦੇ ਨਾਲ ਉਨ੍ਹਾਂ ਦੇ ਘਰ 2 ਲਗਜ਼ਰੀ ਗੱਡੀਆਂ ਵਿਚ ਬੈਠ ਕੇ ਆਏ ਸਨ। ਜਦੋਂ ਪੁਲਸ ਨੇ ਉਨ੍ਹਾਂ ਦੇ ਘਰ ਛਾਪਾ ਮਾਰਿਆ ਤਾਂ ਉਹ 8 ਵਿਅਕਤੀ ਉਸ ਸਮੇਂ ਉਥੇ ਹੀ ਮੌਜੂਦ ਸਨ। ਉਸ ਨੇ ਰੌਲਾ ਪਾ-ਪਾ ਕੇ ਫਿਲੌਰ ਪੁਲਸ ਨੂੰ ਕਿਹਾ ਕਿ ਪਹਿਲਾਂ ਇਨ੍ਹਾਂ 8 ਵਿਅਕਤੀਆਂ ਨੂੰ ਫੜੋ, ਜਿਨ੍ਹਾਂ ਦੇ ਇਹ ਦੋਵੇਂ ਬੈਗ ਹਨ। ਪੁਲਸ ਘਰ ਦੀ ਤਲਾਸ਼ੀ ਲੈਣ ਅਤੇ ਬੈਗ ਫੜ ਕੇ ਲਿਜਾਣ ਲੱਗੀ ਰਹੀ, ਜਦੋਂਕਿ ਇਕ-ਇਕ ਕਰ ਕੇ ਉਹ ਅੱਠੇ ਵਿਅਕਤੀ, ਜਿਨ੍ਹਾਂ ਵਿਚ 4 ਔਰਤਾਂ ਅਤੇ 4 ਪੁਰਸ਼ ਸਨ, ਪੁਲਸ ਦੀਆਂ ਅੱਖਾਂ ਦੇ ਸਾਹਮਣੇ ਫਾਰਚਿਊਨਰ ਗੱਡੀ ਵਿਚ ਬੈਠ ਕੇ ਫਰਾਰ ਹੋ ਗਏ। ਉਨ੍ਹਾਂ ਦੇ ਜਾਣ ਤੋਂ ਬਾਅਦ ਪੁਲਸ ਫਿਰ ਉਨ੍ਹਾਂ ਦੇ ਘਰ ਆਈ ਅਤੇ ਉਕਤ ਲੋਕਾਂ ਦੀ ਉਥੇ ਛੁੱਟ ਗਈ ਕਾਲੇ ਰੰਗ ਦੀ ਸਕਾਰਪੀਓ ਗੱਡੀ ਐੱਚ. ਆਰ. 85 ਈ 2956 ਚੁੱਕ ਕੇ ਲੈ ਗਈ।

ਪੁਲਸ ਨੇ ਪੂਰਾ ਦਿਨ ਮੀਡੀਆ ਤੋਂ ਦੂਰੀ ਬਣਾਈ
ਪੁਲਸ ਦੀ ਛਾਪੇਮਾਰੀ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਹਫੜ-ਦਫੜੀ ਮਚ ਗਈ ਕਿ ਪੁਲਸ ਨੇ ਸਮੱਗਲਰ ਦੇ ਘਰੋਂ ਕਰੋੜਾਂ ਰੁਪਏ ਦੇ ਨੋਟਾਂ ਨਾਲ ਭਰੇ ਬੈਗ ਬਰਾਮਦ ਕੀਤੇ ਹਨ, ਜਿਸ ਤੋਂ ਤੁਰੰਤ ਬਾਅਦ ਮੀਡੀਆ ਦੇ ਲੋਕ ਥਾਣੇ ਵਿਚ ਇਕੱਠੇ ਹੋ ਗਏ। ਤਾਂ ਵੀ ਪੁਲਸ ਨੇ ਇਕ ਥਾਣੇਦਾਰ ਨੂੰ ਭੇਜ ਕੇ ਨੋਟ ਗਿਣਨ ਲਈ ਮਸ਼ੀਨ ਵੀ ਮੰਗਵਾ ਲਈ। ਜਦੋਂ ਪੁਲਸ ਤੋਂ ਜਾਣਕਾਰੀ ਮੰਗਣੀ ਚਾਹੀ ਤਾਂ ਥਾਣਾ ਮੁਖੀ ਅਤੇ ਡੀ. ਐੱਸ. ਪੀ. ਨੇ ਕਿਹਾ ਕਿ ਕੋਈ ਖ਼ਾਸ ਗੱਲ ਨਹੀਂ। ਉਹ ਇਕ ਘੰਟੇ ਬਾਅਦ ਜਾਣਕਾਰੀ ਦੇ ਦੇਣਗੇ। ਉਸ ਤੋਂ ਬਾਅਦ ਪੁਲਸ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ। ਦੁਪਹਿਰ ਤੋਂ ਬਾਅਦ ਐੱਸ. ਪੀ. ਡੀ. ਜਲੰਧਰ ਵੀ ਥਾਣੇ ਪੁੱਜ ਗਏ। ਉਨ੍ਹਾਂ ਨੇ ਵੀ ਇਹੀ ਕਿਹਾ ਕਿ ਪਹਿਲਾਂ ਜੋ ਪੁਲਸ ਬੋਲ ਰਹੀ ਸੀ, ਕੋਈ ਖ਼ਾਸ ਨਹੀਂ ਹੈ। ਸ਼ਾਮ ਸਾਢੇ 4 ਵਜੇ ਡੀ. ਐੱਸ. ਪੀ. ਬਾਹਰ ਆਏ ਅਤੇ ਕਿਹਾ ਕਿ ਉਨ੍ਹਾਂ ਦੀ ਪੁਲਸ ਨੇ ਜੋਜੀ ਦੇ ਘਰ ਛਾਪਾ ਮਾਰ ਕੇ ਉਥੋਂ 5 ਲੱਖ 35 ਹਜ਼ਾਰ ਬਰਾਮਦ ਕੀਤੇ ਹਨ, ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਇੰਨੀ ਜਿਹੀ ਜਾਣਕਾਰੀ ਲਈ ਪੱਤਰਕਾਰਾਂ ਨੂੰ ਸਾਰਾ ਦਿਨ ਥਾਣੇ ’ਚ ਖੜ੍ਹਾ ਕਰਵਾਈ ਰੱਖਿਆ ਅਤੇ ਨੋਟ ਗਿਣਨ ਵਾਲੀਆਂ ਮਸ਼ੀਨਾਂ ਵੀ ਮੰਗਵਾ ਲਈਆਂ ਤਾਂ ਉਹ ਹੱਸ ਕੇ ਵਾਪਸ ਚਲੇ ਗਏ। ਕਾਲੇ ਰੰਗ ਦੀ ਸਕਾਰਪੀਓ ਗੱਡੀ ਸਬੰਧੀ ਵੀ ਡੀ. ਐੱਸ. ਪੀ. ਨੇ ਕੋਈ ਪੂਰਾ ਜਵਾਬ ਨਹੀਂ ਦਿੱਤਾ ਅਤੇ ਇਥੋਂ ਤੱਕ ਵੀ ਕਹਿ ਦਿੱਤਾ ਕਿ ਉਨ੍ਹਾਂ ਦੀ ਪੁਲਸ ਨੇ ਕੋਈ ਸੋਨਾ ਨਹੀਂ ਫੜਿਆ।

ਇਹ ਵੀ ਪੜ੍ਹੋ: ਸੁਨੀਲ ਜਾਖੜ ਦਾ ਬਿਆਨ, ਸਿਆਸੀ ਨੇਤਾ ਮਾੜੇ ਪ੍ਰਚਾਰ ਨਾਲ ਪੰਜਾਬ ਦਾ ਮਾਹੌਲ ਖ਼ਰਾਬ ਨਾ ਕਰਨ

PunjabKesari

ਡੀ. ਐੱਸ. ਪੀ. ਦੇ ਖ਼ੁਲਾਸੇ ਤੋਂ ਬਾਅਦ ਦੋਵਾਂ ਭੈਣਾਂ ਨੇ ਖੋਲ੍ਹ ਦਿੱਤੇ ਸਾਰੇ ਰਾਜ਼
ਜਿਵੇਂ ਹੀ ਡੀ. ਐੱਸ. ਪੀ. ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਪੁਲਸ ਨੇ ਸਿਰਫ਼ 5 ਲੱਖ 35 ਹਜ਼ਾਰ ਰੁਪਏ ਬਰਾਮਦ ਕੀਤੇ ਹਨ ਅਤੇ ਕਿਸੇ ਨੂੰ ਵੀ ਗ੍ਰਿਫ਼ਤਾਰ ਨਹੀਂ ਕੀਤਾ ਤਾਂ ਦੋਵੇਂ ਭੈਣਾਂ ਮੋਨਿਕਾ ਅਤੇ ਸਲਮਾ ਨੇ ਸਾਹਮਣੇ ਆ ਕੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਸ ਜਬਰੀ ਉਨ੍ਹਾਂ ਦੀ ਮਾਤਾ ਪਾਸ਼ੋ ਨੂੰ ਫੜ ਕੇ ਆਪਣੇ ਨਾਲ ਥਾਣੇ ਲੈ ਗਈ ਹੈ। ਉਨ੍ਹਾਂ ਦੀ ਮਾਤਾ ਦਾ ਉਨ੍ਹਾਂ ਨੋਟਾਂ ਨਾਲ ਭਰੇ ਬੈਗਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਬੀਤੀ ਰਾਤ ਅੰਬਾਲਾ ਤੋਂ 2 ਕਾਲੇ ਰੰਗ ਦੀਆਂ ਗੱਡੀਆਂ ਸਕਾਰਪੀਓ ਅਤੇ ਫਾਰਚਿਊਨਰ ਵਿਚ ਸਵਾਰ 8 ਵਿਅਕਤੀ, ਜਿਨ੍ਹਾਂ ਵਿਚ 4 ਔਰਤਾਂ ਅਤੇ 4 ਪੁਰਸ਼ ਸਨ, ਉਨ੍ਹਾਂ ਦੇ ਘਰ ਆਏ ਸਨ। ਉਹ ਅੰਬਾਲਾ ਵਿਚ ਕੀ ਕਰ ਕੇ ਆਏ, ਨਾ ਤਾਂ ਉਨ੍ਹਾਂ ਨੂੰ ਅਤੇ ਨਾ ਹੀ ਉਨ੍ਹਾਂ ਦੀ ਮਾਤਾ ਨੂੰ ਕੁਝ ਪਤਾ ਹੈ। ਡੀ. ਐੱਸ. ਪੀ. ਸਿਰਫ 5 ਲੱਖ 35 ਹਜ਼ਾਰ ਦੀ ਗੱਲ ਕਰ ਰਹੇ ਹਨ, ਜਦੋਂਕਿ ਇਕ ਬੈਗ ਵਿਚ ਉਨ੍ਹਾਂ ਦਾ ਖੁਦ ਦਾ 3 ਲੱਖ ਰੁਪਏ ਅਤ ਅੱਧਾ ਕਿਲੋ ਸੋਨਾ ਸੀ। ਪੁਲਸ ਉਹ ਵੀ ਚੁੱਕ ਕੇ ਲੈ ਗਈ। ਇੰਨੀ ਜਲਦੀ ਪੁਲਸ ਉਨ੍ਹਾਂ ਦਾ ਸੋਨਾ ਕਿਵੇਂ ਹਜ਼ਮ ਕਰ ਗਈ, ਜਦੋਂਕਿ ਉਨ੍ਹਾਂ ਕੋਲ ਆਪਣੇ ਰੁਪਏ ਅਤੇ ਗਹਿਣਿਆਂ ਦੇ ਪੂਰੇ ਸਬੂਤ ਵੀ ਹਨ। ਉਹ ਸਮਾਂ ਆਉਣ ’ਤੇ ਉੱਚ ਅਧਿਕਾਰੀਆਂ ਦੇ ਸਾਹਮਣੇ ਰੱਖਣਗੇ।

ਇਹ ਵੀ ਪੜ੍ਹੋ: ਮੋਗਾ ਦੇ SSP ਦੀ ਵੱਡੀ ਕਾਰਵਾਈ, SHO ਸਮੇਤ ਦੋ ਏ.ਐੱਸ.ਆਈ. ਕੀਤੇ ਸਸਪੈਂਡ

PunjabKesari

ਅੰਬਾਲਾ ਪੁਲਸ ਨੇ ਕਿਹਾ-ਮਾਮਲਾ ਗ੍ਰਹਿ ਮਹਿਕਮੇ ਦੇ ਧਿਆਨ ਵਿਚ, ਡੀ. ਜੀ. ਪੀ. ਪੰਜਾਬ ਨਾਲ ਹੋਵੇਗੀ ਗੱਲ
ਪਤਾ ਲੱਗਣ ’ਤੇ ਜਦੋਂ ਅੰਬਾਲਾ ਪੁਲਸ ਦੇ ਇਕ ਵੱਡੇ ਪੁਲਸ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਹੈਰਾਨੀਜਨਕ ਖੁਲਾਸੇ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਦੀ 2 ਦਿਨ ਪਹਿਲਾਂ ਹੀ ਅੰਬਾਲਾ ਵਿਚ ਇਕ ਵੱਡੇ ਗਿਰੋਹ ਨੂੰ ਫੜਦੇ ਸਮੇਂ ਉਨ੍ਹਾਂ ਨਾਲ ਮੁਠਭੇੜ ਹੋਈ ਸੀ। ਇਸ ਹਮਲੇ ’ਚ ਉਨ੍ਹਾਂ ਦੇ 2 ਪੁਲਸ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੀ ਪੁਲਸ ਨੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕਰ ਲਈ, ਜਿਨ੍ਹਾਂ ਵਿਚ ਇਕ ਸਾਬਕਾ ਕੌਂਸਲਰ ਗੂੰਗਾ ਸ਼ਾਮਲ ਹੈ। ਬੀਤੀ ਰਾਤ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਗਿਰੋਹ ਦੇ ਬਾਕੀ ਦੇ 8 ਤੋਂ 10 ਵਿਅਕਤੀ ਕਾਲੇ ਰੰਗ ਦੀਆਂ 2 ਗੱਡੀਆਂ ਵਿਚ, ਜਿਨ੍ਹਾਂ ਵਿਚ ਇਕ ਸਕਾਰਪੀਓ ਅਤੇ ਇਕ ਫਾਰਚਿਊਨਰ ਵਿਚ ਬੈਠ ਕੇ ਪੰਜਾਬ ਦੇ ਫਿਲੌਰ ਸ਼ਹਿਰ ’ਚ ਪੁੱਜ ਗਏ ਹਨ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਉਨ੍ਹਾਂ ਦੀਆਂ ਪੁਲਸ ਪਾਰਟੀਆਂ ਤਿਆਰੀ ਕਰ ਰਹੀਆਂ ਸਨ। ਫਿਲੌਰ ਪੁਲਸ ਨੂੰ ਪਤਾ ਨਹੀਂ ਕਿਵੇਂ ਇਸ ਦੀ ਭਿਣਕ ਪੈ ਗਈ ਅਤੇ ਉਨ੍ਹਾਂ ਦੇ ਪੁੱਜਣ ਤੋਂ ਪਹਿਲਾਂ ਹੀ ਪੁਲਸ ਨੇ ਉਥੇ ਛਾਪੇਮਾਰੀ ਕਰ ਦਿੱਤੀ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਉਕਤ ਵਿਅਕਤੀ ਪੁਲਸ ਦੀਆਂ ਅੱਖਾਂ ਸਾਹਮਣੇ ਹੀ ਇਕ ਕਾਰ ਵਿਚ ਬੈਠ ਕੇ ਉਥੋਂ ਫਰਾਰ ਹੋ ਗਏ। ਉਨ੍ਹਾਂ ਨੇ ਕਿਹਾ ਕਿ ਇਹ ਕੋਈ ਛੋਟਾ-ਮੋਟਾ ਗਿਰੋਹ ਨਹੀਂ ਅਤੇ ਇਸ ਗਿਰੋਹ ਨੇ ਕੋਈ ਇਕ-ਦੋ ਕਰੋੜ ਨਹੀਂ, ਸਗੋਂ ਕਈ ਕਰੋੜਾਂ ਦਾ ਘਪਲਾ ਕੀਤਾ ਹੈ। ਫਿਲੌਰ ਪੁਲਸ ਨੇ ਉਥੋਂ ਉਕਤ ਗਿਰੋਹ ਦੇ ਲੋਕਾਂ ਦੇ ਜੋ ਬੈਗ ਚੁੱਕੇ ਹਨ, ਉਨ੍ਹਾਂ ਵਿਚ ਕਿੰਨਾ ਰੁਪਇਆ ਸੀ, ਉਸ ਦਾ ਉਨ੍ਹਾਂ ਨੂੰ ਪੂਰੀ ਤਰ੍ਹਾਂ ਖ਼ੁਲਾਸਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਉਹ ਲਗਾਤਾਰ ਥਾਣਾ ਮੁਖੀ ਫਿਲੌਰ ਨੂੰ ਉਥੋਂ ਫੋਨ ਕਰ ਰਹੇ ਹਨ। ਉਹ ਉਨ੍ਹਾਂ ਦਾ ਫੋਨ ਤੱਕ ਨਹੀਂ ਚੁੱਕ ਰਹੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹ ਪੂਰਾ ਮਾਮਲਾ ਹਰਿਆਣਾ ਦੇ ਗ੍ਰਹਿ ਮਹਿਕਮੇ ਦੇ ਧਿਆਨ ’ਚ ਹੈ, ਜੋ ਜਲਦ ਹੀ ਡੀ. ਜੀ. ਪੀ. ਪੰਜਾਬ ਨਾਲ ਗੱਲ ਕਰਕੇ ਉਨ੍ਹਾਂ ਨੂੰ ਫਿਲੌਰ ਪੁਲਸ ਦੀ ਕਾਰਜਪ੍ਰਣਾਲੀ ਦੀ ਜਾਣਕਾਰੀ ਦੇਣਗੇ, ਜਿਸ ਗਿਰੋਹ ਨੂੰ ਫੜਨ ਲਈ ਪੂਰੇ ਹਰਿਆਣਾ ਦੀ ਪੁਲਸ ਸਖਤ ਮਿਹਨਤ ਕਰ ਰਹੀ ਹੈ। ਫਿਲੌਰ ਪੁਲਸ ਨੇ ਉਨ੍ਹਾਂ ਨੂੰ ਆਸਾਨੀ ਨਾਲ ਜਾਣ ਦਿੱਤਾ ਅਤੇ ਉੱਪਰੋਂ ਉਹ ਉਨ੍ਹਾਂ ਨਾਲ ਗੱਲ ਤੱਕ ਨਹੀਂ ਕਰ ਰਹੀ।

ਇਹ ਵੀ ਪੜ੍ਹੋ: ਬਠਿੰਡਾ ਪੁੱਜੇ CM ਭਗਵੰਤ ਮਾਨ ਨੇ ਕਿਹਾ- ਅਜਿਹੀ ਪਲਾਨਿੰਗ ਕਰਾਂਗੇ ਕਿ ਅੰਗਰੇਜ਼ ਵੀ ਇਥੇ ਨੌਕਰੀਆਂ ਮੰਗਣ ਆਉਣਗੇ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News