ਸਮਾਣਾ ''ਚ ਪੁਲਸ-ਪਬਲਿਕ ਮੀਟਿੰਗ ਆਯੋਜਿਤ

Friday, Aug 11, 2017 - 07:41 AM (IST)

ਸਮਾਣਾ ''ਚ ਪੁਲਸ-ਪਬਲਿਕ ਮੀਟਿੰਗ ਆਯੋਜਿਤ

ਸਮਾਣਾ  (ਦਰਦ) - ਇਲਾਕੇ ਵਿਚ ਲੋਕਾਂ ਦੀਆਂ ਸਮੱਸਿਆਵਾਂ ਨੂੰ ਜਾਣਨ, ਉਨ੍ਹਾਂ ਨੂੰ ਹੱਲ ਕਰਨ ਅਤੇ ਲੋਕਾਂ ਨਾਲ ਸਿੱਧਾ ਸੰਪਰਕ ਕਰਨ ਦੇ ਉਦੇਸ਼ ਨਾਲ ਏ. ਡੀ. ਜੀ. ਪੀ. ਲਾਅ ਐਂਡ ਆਰਡਰ ਰੋਹਿਤ ਚੌਧਰੀ ਦੀ ਅਗਵਾਈ ਹੇਠ ਸਥਾਨਕ ਸਿਟੀ ਪੁਲਸ ਥਾਣਾ 'ਚ ਪੁਲਸ-ਪਬਲਿਕ ਮੀਟਿੰਗ ਆਯੋਜਿਤ ਕੀਤੀ ਗਈ। ਇਸ ਵਿਚ ਆਈ. ਜੀ. ਏ. ਐੱਸ. ਰਾਏ, ਡੀ. ਆਈ. ਜੀ. ਡਾ. ਸੁਖਚੈਨ ਸਿੰਘ ਗਿੱਲ, ਐੱਸ. ਐੱਸ. ਪੀ. ਡਾ. ਐੱਸ. ਭੂਪਤੀ, ਐੱਸ. ਪੀ. ਹਰਵਿੰਦਰ ਸਿੰਘ ਵਿਰਕ, ਡੀ. ਐੱਸ. ਪੀ. ਰਾਜਵਿੰਦਰ ਸਿੰਘ ਰੰਧਾਵਾ ਸਣੇ ਸਿਟੀ, ਸਦਰ ਪੁਲਸ ਮੁਖੀ ਅਤੇ ਹੋਰ ਵੀ ਸ਼ਾਮਿਲ ਹੋਏ।  ਮੀਟਿੰਗ ਦੌਰਾਨ ਹਾਜ਼ਰ ਲੋਕਾਂ ਨੇ ਸ਼ਹਿਰ ਦੀ ਵਿਗੜਦੀ ਟ੍ਰੈਫਿਕ ਸਮੱਸਿਆ, ਬਾਜ਼ਾਰਾਂ ਅਤੇ ਸੜਕਾਂ 'ਤੇ ਰੇਹੜੀਆਂ ਵੱਲੋਂ ਹੋਏ ਨਾਜਾਇਜ਼ ਕਬਜ਼ੇ, ਸ਼ਰਾਬ ਦੇ ਠੇਕੇਦਾਰਾਂ ਅਤੇ ਕਰਿੰਦਿਆਂ ਵੱਲੋਂ ਮਚਾਈ ਦਹਿਸ਼ਤ, ਲਾਵਾਰਿਸ ਪਸ਼ੂਆਂ ਦਾ ਸ਼ਹਿਰ 'ਚ ਹੋ ਰਿਹਾ ਵਾਧਾ ਅਤੇ ਉਨ੍ਹਾਂ ਕਾਰਨ ਵਾਪਰਦੇ ਹਾਦਸਿਆਂ ਆਦਿ ਦੇ ਮੁੱਦੇ ਛਾਏ ਰਹੇ। ਸ਼ਹਿਰ ਦੇ ਮੁੱਖ ਸਥਾਨਾਂ 'ਤੇ ਸੀ. ਸੀ. ਟੀ. ਵੀ. ਕੈਮਰੇ ਲਾ ਕੇ ਅਪਰਾਧਾਂ ਨੂੰ ਨੱਥ ਪਾਉਣ ਦੀ ਫਰਿਆਦ ਕੀਤੀ ਗਈ। 
ਇਨ੍ਹਾਂ ਨੂੰ ਸ਼੍ਰੀ ਚੌਧਰੀ ਨੇ ਹੱਲ ਕਰਨ ਦਾ ਵਿਸ਼ਵਾਸ ਅਤੇ ਅਧਿਕਾਰੀਆਂ ਨੂੰ ਪੂਰੀ ਲਗਨ ਨਾਲ ਸਮੱਸਿਆਵਾਂ ਦੇ ਹੱਲ ਲਈ ਕੰਮ ਕਰਨ ਦਾ ਹੁਕਮ ਦਿੱਤਾ।  ਉਨ੍ਹਾਂ ਕਿਹਾ ਕਿ ਪੁਰਾਣੇ ਅਨਟ੍ਰੇਸ ਮਾਮਲਿਆਂ ਨੂੰ ਟ੍ਰੇਸ ਕਰਨ ਅਤੇ ਲੋਕਾਂ ਦੇ ਸਹਿਯੋਗ ਨਾਲ ਸੀ. ਸੀ. ਟੀ. ਵੀ. ਕੈਮਰੇ ਵੀ ਜਲਦੀ ਲਾਏ ਜਾਣਗੇ।
ਕਾਂਗਰਸੀ ਨੇਤਾ ਨੇ ਅਫੀਮ-ਭੁੱਕੀ ਦੇ ਠੇਕੇ ਖੋਲ੍ਹਣ ਦੀ ਮੰਗ ਉਠਾਈ
ਪੁਲਸ ਅਧਿਕਾਰੀਆਂ ਦੇ ਨਾਲ ਪਬਲਿਕ ਮੀਟਿੰਗ ਦੌਰਾਨ ਪਹੁੰਚੇ ਜ਼ਿਲਾ ਕਾਂਗਰਸ ਉਪ ਪ੍ਰਧਾਨ ਰਜਿੰਦਰ ਸਿੰਘ ਮੂੰਡਖੇੜਾ ਨੇ ਨਸ਼ਿਆਂ ਦੇ ਆਦੀ ਲੋਕਾਂ ਨੂੰ ਚੰਗੀ ਕੁਆਲਟੀ ਅਤੇ ਸਹੀ ਰੇਟਾਂ 'ਤੇ ਅਫੀਮ ਅਤੇ ਭੁੱਕੀ ਮੁਹੱਈਆ ਕਰਵਾਉਣ ਲਈ ਏ. ਡੀ. ਜੀ. ਪੀ. ਤੋਂ ਅਫੀਮ-ਭੁੱਕੀ ਦੇ ਠੇਕੇ ਖੋਲ੍ਹਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਅਕਾਲੀ ਸ਼ਾਸਨ ਦੌਰਾਨ ਖੁੱਲ੍ਹੇ ਤੌਰ 'ਤੇ ਵਿਕ ਰਹੇ ਨਸ਼ਿਆਂ ਦੇ ਸੌਦਾਗਰਾਂ ਨੂੰ ਬੇਸ਼ੱਕ ਨੱਥ ਪਾਈ ਗਈ ਹੈ ਪਰ ਹੁਣ ਵੀ ਇਹ ਨਸ਼ੇ ਮਿਲ ਰਹੇ ਹਨ। ਨਸ਼ਿਆਂ ਦੇ ਆਦੀ ਲੋਕਾਂ ਨੂੰ ਮਹਿੰਗੇ ਭਾਅ 'ਤੇ ਘਟੀਆ ਕੁਆਲਿਟੀ ਖਰੀਦਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਨ੍ਹਾਂ ਨਸ਼ਿਆਂ ਲਈ ਲੋਕ ਚੋਰੀ ਅਤੇ ਲੁੱਟ-ਖੋਹ ਵਰਗੇ ਅਪਰਾਧਾਂ 'ਚ ਸ਼ਾਮਲ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਫੀਮ ਅਤੇ ਭੁੱਕੀ ਦਾ ਸੇਵਨ ਕਰਨ ਵਾਲਾ ਵਿਅਕਤੀ ਕਦੇ ਕੋਈ ਅਪਰਾਧ ਨਹੀਂ ਕਰਦਾ। ਇਸ ਲਈ ਇਨ੍ਹਾਂ ਨਸ਼ਿਆਂ ਦੇ ਆਦੀ ਲੋਕਾਂ ਲਈ ਸਰਕਾਰ ਨੂੰ ਉਚਿਤ ਕਦਮ ਉਠਾਉਣੇ ਚਾਹੀਦੇ ਹਨ।
ਕੌਂਸਲ ਪ੍ਰਧਾਨ ਤੇ ਕੌਂਸਲਰਾਂ ਤੱਕ ਨੂੰ ਨਹੀਂ ਦਿੱਤਾ ਸੱਦਾ
ਪੁਲਸ ਅਤੇ ਪਬਲਿਕ ਮੀਟਿੰਗ ਦੇ ਆਯੋਜਨ ਸਬੰਧੀ ਮੀਡੀਆ ਨੂੰ ਕੋਈ ਸੂਚਨਾ ਪੁਲਸ ਅਧਿਕਾਰੀਆਂ ਵੱਲੋਂ ਨਹੀਂ ਦਿੱਤੀ ਗਈ। ਇਸ ਲਈ ਲੋਕਾਂ ਤੋਂ ਪ੍ਰਾਪਤ ਸੂਚਨਾ ਦੇ ਆਧਾਰ 'ਤੇ ਇਸ ਮੀਟਿੰਗ ਵਿਚ ਕੁਝ ਪੱਤਰਕਾਰ ਹੀ ਪਹੁੰਚੇ। ਉਹ ਵੀ ਅਖੀਰ ਵਿਚ ਅਤੇ ਉਨ੍ਹਾਂ ਨੂੰ ਬੈਠਣ ਲਈ ਮੀਟਿੰਗ ਵਿਚ ਕੋਈ ਜਗ੍ਹਾ ਵੀ ਨਹੀਂ ਮਿਲੀ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸ਼ਹਿਰ ਦੇ ਜ਼ਿੰਮੇਵਾਰ ਨਗਰ ਕੌਂਸਲ ਪ੍ਰਧਾਨ ਤੇ ਕੌਂਸਲਰਾਂ ਨੂੰ ਪੁਲਸ-ਪਬਲਿਕ ਮੀਟਿੰਗ ਵਿਚ ਸ਼ਾਮਲ ਹੋਣ ਦਾ ਸੁਨੇਹਾ ਤੱਕ ਵੀ ਦਿੱਤਾ ਗਿਆ। ਕੇਵਲ ਕੁਝ ਸਥਾਨਕ ਕਾਂਗਰਸੀਆਂ ਦੀ ਹਾਜ਼ਰੀ ਤੋਂ ਇੰਝ ਲਗਦਾ ਸੀ ਕਿ ਇਹ ਮੀਟਿੰਗ ਕਾਂਗਰਸ ਦੀ ਹੈ। ਹਾਜ਼ਰ ਕਾਂਗਰਸੀਆਂ ਨੇ ਸ਼ਹਿਰ ਅਤੇ ਇਲਾਕੇ ਦੀਆਂ ਕੁੱਝ ਸਮੱਸਿਆਵਾਂ ਦਾ ਜ਼ਿਕਰ ਕੀਤਾ। ਮੀਟਿੰਗ ਵਿਚ ਕਾਂਗਰਸ ਸਰਕਾਰ ਅਤੇ ਪੁਲਸ ਦਾ ਹੀ ਗੁਣਗਾਨ ਕੀਤਾ ਗਿਆ। ਹਾਜ਼ਰ ਲੋਕਾਂ 'ਚ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਯਸ਼ਪਾਲ ਸਿੰਗਲਾ, ਪਵਨ ਸ਼ਾਸਤਰੀ, ਯੂਥ ਕਾਂਗਰਸ ਨੇਤਾ ਹੀਰਾ ਜੈਨ, ਸੋਨੂੰ ਕਲਿਆਣ, ਪੱਪੂ ਨਾਗੀ, ਸੁਖਵਿੰਦਰ ਕਾਲਾ ਫਤਿਹਗੜ੍ਹ ਛੰਨਾ, ਮੰਗਤ ਮਵੀ, ਜੀਵਨ ਗਰਗ, ਸ਼ਾਮ ਸਿੰਗਲਾ, ਪ੍ਰਵੀਨ ਸ਼ਰਮਾ, ਸਰਪੰਚ ਕਸ਼ਮੀਰ ਸਿੰਘ ਰਾਜਲਾ, ਗੋਪਾਲ ਕ੍ਰਿਸ਼ਨ ਗਰਗ, ਬੇਅੰਤ ਸਿੰਘ ਪੱਪੀ ਅਤੇ ਜਿੰਮੀ ਗਰਗ ਆਦਿ ਵੀ ਹਾਜ਼ਰ ਸਨ।


Related News