ਪੁਲਸ ਚੌਕੀ ਦੀ ਵਾਇਰਲ ਹੋਈ ਵੀਡੀਓ ਦੀ ਸੱਚਾਈ ਆਈ ਸਾਹਮਣੇ
Thursday, Jun 28, 2018 - 06:38 AM (IST)
ਸ੍ਰੀ ਚਮਕੌਰ ਸਾਹਿਬ, (ਕੌਸ਼ਲ)- ਜਿਥੇ ਸੋਸ਼ਲ ਨੈੱਟਵਰਕ ਦਾ ਸਮਾਜ ਨੂੰ ਫਾਇਦਾ ਹੋਇਆ ਹੈ, ਉਥੇ ਹੀ ਨੁਕਸਾਨ ਵੀ ਹੋਣਾ ਸ਼ੁਰੂ ਹੋ ਗਿਆ ਹੈ ਕਿਉਂਕਿ ਕੁਝ ਲੋਕ ਕਾਨੂੰਨ ਦੀ ਆਜ਼ਾਦੀ ਦਾ ਨਾਜਾਇਜ਼ ਫਾਇਦਾ ਚੁੱਕ ਕੇ ਨਾਜਾਇਜ਼ ਕੰਮ ਨੂੰ ਵੀ ਜਾਇਜ਼ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਕੁਝ ਇੰਝ ਹੀ ਹੋਇਆ ਨਜ਼ਦੀਕੀ ਪੁਲਸ ਚੌਕੀ ਡੱਲਾ ਵਿਚ, ਜਿਸ ਦੀ ਵੀਡੀਓ ਵਾਇਰਲ ਹੁੰਦਿਆਂ ਹੀ ਇਥੇ ਇਕਦਮ ਚਰਚਾ ਸ਼ੁਰੂ ਹੋ ਗਈ।
ਵੀਡੀਓ ਵਿਚ 30 ਕੁ ਸਾਲਾ ਨੌਜਵਾਨ 6 ਮਹੀਨਿਆਂ ਦੀ ਬੱਚੀ ਨੂੰ ਗੋਦ 'ਚ ਚੁੱਕ ਕੇ ਰੋ ਰਿਹਾ ਸੀ ਤੇ ਇਹ ਕਹਿ ਰਿਹਾ ਸੀ ਕਿ ਸਾਹਮਣੇ ਬੈਠੇ ਡੱਲਾ ਪੁਲਸ ਚੌਕੀ ਦੇ ਮੁਨਸ਼ੀ ਵਿਜੇ ਕੁਮਾਰ ਨੇ ਮੇਰੇ ਸਹੁਰੇ ਪਰਿਵਾਰ ਤੋਂ ਰਿਸ਼ਵਤ ਲਈ ਹੈ ਤੇ ਇਨ੍ਹਾਂ ਮੇਰੇ ਤੇ ਬੱਚੀ ਨਾਲ ਕੁੱਟ-ਮਾਰ ਕੀਤੀ ਹੈ, ਮੈਨੂੰ ਇਨਸਾਫ਼ ਦਿਵਾਉਣ ਲਈ ਇਹ ਵੀਡਿਓ ਵੱਧ ਤੋਂ ਵੱਧ ਸ਼ੇਅਰ ਕੀਤੀ ਜਾਵੇ। ਜਦੋਂ ਪੱਤਰਕਾਰ ਉਪਰੋਕਤ ਚੌਕੀ 'ਚ ਪਹੁੰਚੇ ਤਾਂ ਗੱਲ ਹੋਰ ਹੀ ਸਾਹਮਣੇ ਆਈ।
ਇਸ ਸਬੰਧੀ ਚੌਕੀ ਇੰਚਾਰਜ ਨਰਿੰਦਰ ਸਿੰਘ ਨੇ ਦੱਸਿਆ ਕਿ ਅਸਲ ਵਿਚ ਜੋ ਵਿਅਕਤੀ ਵੀਡੀਓ ਵਿਚ ਹੈ, ਉਸਦਾ ਨਾਂ ਵਰਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਨਿਊਆ ਥਾਣਾ ਖੇੜੀ ਨੌਧ ਸਿੰਘ ਜ਼ਿਲਾ ਫਤਿਹਗੜ੍ਹ ਸਾਹਿਬ ਹੈ। ਇਸ ਨੇ ਆਪਣੀ ਮਰਜ਼ੀ ਨਾਲ ਡੇਢ ਸਾਲ ਪਹਿਲਾਂ ਜਗਸੀਰ ਕੌਰ ਪੁੱਤਰੀ ਕਰਮਚੰਦ ਵਾਸੀ ਹਿਮਾਚਲ ਪ੍ਰਦੇਸ਼ ਨਾਲ ਵਿਆਹ ਕਰਵਾਇਆ ਸੀ ਤੇ ਹੁਣ ਦੋਵਾਂ ਵਿਚ ਝਗੜਾ ਰਹਿਣ ਲਗ ਪਿਆ, ਜਦਕਿ ਵਰਿੰਦਰ ਸਿੰਘ ਦੀ ਪਤਨੀ ਦਾ ਕਹਿਣਾ ਹੈ ਕਿ ਮੇਰੇ ਲੜਕੀ ਹੋਣ ਤੋਂ ਬਾਅਦ ਪਤੀ ਤੇ ਮੇਰੇ ਸਹੁਰੇ ਪਰਿਵਾਰ ਨੇ ਮੈਨੂੰ ਮੇਰੇ ਪੇਕੇ ਪਰਿਵਾਰ ਤੋਂ ਖਰਚਾ ਆਦਿ ਲਿਆਉਣ ਲਈ ਮਜਬੂਰ ਆਦਿ ਕਰਨਾ ਸ਼ੁਰੂ ਕਰ ਦਿੱਤਾ, ਜਦਕਿ ਮੇਰੇ ਪੇਕੇ ਪਰਿਵਾਰ ਨੇ ਮੈਨੂੰ ਇਸ ਵਿਅਕਤੀ ਨਾਲ ਵਿਆਹ ਕਰਵਾਉਣ ਕਾਰਨ ਬੇਦਖਲ ਕਰ ਦਿੱਤਾ ਸੀ। ਇਸ ਝਗੜੇ ਕਾਰਨ ਮੈਂ ਬੀਮਾਰ ਵੀ ਰਹੀ ਤੇ ਮਾਛੀਵਾੜਾ ਸਾਹਿਬ ਗੁਰਦੁਆਰੇ ਵਿਚ ਆਪਣਾ ਸਹੁਰਾ ਪਰਿਵਾਰ ਛੱਡ ਕੇ ਰਹਿਣ ਲੱਗ ਪਈ ਤੇ ਉਥੋਂ ਮੈਨੂੰ ਮੇਰੀ ਭੂਆ ਤੇ ਫੁੱਫੜ ਇਥੋਂ ਨੇੜੇ ਪੈਂਦੇ ਪਿੰਡ ਫਤਿਹਪੁਰ ਲੈ ਆਏ।
ਉਸ ਨੇ ਕਿਹਾ ਕਿ ਮੇਰੇ ਸਹੁਰੇ ਪਰਿਵਾਰ ਨੇ ਥਾਣਾ ਖੇੜੀ ਨੌਧ ਸਿੰਘ ਵਿਚ ਮੇਰੇ ਖਿਲਾਫ ਦਰਖਾਸਤ ਦੇ ਦਿੱਤੀ, ਜਿਥੇ ਕਿ ਪੰਚਾਇਤ ਦੀ ਸਹਿਮਤੀ ਨਾਲ ਅਸੀਂ ਵੱਖ ਹੋ ਗਏ ਤੇ ਮੇਰੀ ਬੇਟੀ ਵੀ ਮੇਰੇ ਸਹੁਰੇ ਪਰਿਵਾਰ ਨੇ ਲੈ ਲਈ ਤੇ ਹੁਣ ਮੇਰੇ ਪਤੀ ਨੇ ਡੱਲਾ ਪੁਲਸ ਚੌਕੀ ਵਿਚ ਦਰਖਾਸਤ ਦਿੱਤੀ ਕਿ ਮੈਂ ਆਪਣੀ ਪਤਨੀ ਫਿਰ ਆਪਣੇ ਘਰ ਲੈ ਕੇ ਜਾਣੀ ਹੈ ਤੇ ਜਦੋਂ ਮੈਂ ਆਪਣੇ ਰਿਸ਼ਤੇਦਾਰਾਂ ਸਮੇਤ ਥਾਣੇ ਵਿਚ ਪੁੱਜੀ ਤਾਂ ਮੇਰਾ ਪਤੀ ਉੱਚੀ-ਉੱਚੀ ਰੋਣ ਲਗ ਪਿਆ ਤੇ ਧਮਕੀਆਂ ਦੇਣ ਲਗ ਪਿਆ ਕਿ ਜੇਕਰ ਤੂੰ ਮੇਰੇ ਨਾਲ ਨਾ ਗਈ ਤਾਂ ਮੈਂ ਆਪਣੀ ਬੇਟੀ ਨੂੰ ਵੀ ਮਾਰ ਦਿਆਂਗਾ ਤੇ ਥਾਣੇ ਦੇ ਮੁਨਸ਼ੀ ਖਿਲਾਫ ਇਹ ਇਲਜ਼ਾਮ ਲਾ ਕੇ ਵੀਡੀਓ ਵਾਇਰਲ ਕਰ ਦਿੱਤੀ।
ਉਧਰ ਥਾਣੇ ਦੇ ਸਬੰਧਤ ਮੁਨਸ਼ੀ ਵਿਜੇ ਕੁਮਾਰ ਨੇ ਦੱਸਿਆ ਕਿ ਮੈਂ ਇਸ ਵਿਅਕਤੀ ਕੋਲੋਂ ਕੋਈ ਰਿਸ਼ਵਤ ਨਹੀਂ ਲਈ ਤੇ ਨਾ ਹੀ ਕੁੱਟ-ਮਾਰ ਕੀਤੀ ਹੈ, ਸਗੋਂ ਛੋਟੀ ਬੱਚੀ ਨੂੰ ਬਾਜ਼ਾਰੋਂ ਦੁੱਧ ਲਿਆ ਕੇ ਵੀ ਪਿਲਾਇਆ ਹੈ। ਉਧਰ ਇਸ ਸਬੰਧੀ ਐੱਸ. ਐੱਸ. ਪੀ. ਰਾਜਬਚਨ ਸਿੰਘ ਸੰਧੂ ਨੇ ਦੱਸਿਆ ਕਿ ਇਸ ਦੀ ਜਾਂਚ ਚੱਲ ਰਹੀ ਹੈ ਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
