ਆਖਿਰ ਪੁਲਸ ਨੇ ਆਨਲਾਈਨ ਲਾਟਰੀ ਦਾ ਧੰਦਾ ਕਰਨ ਵਾਲੇ ਕਾਬੂ ਕੀਤੇ
Saturday, Nov 16, 2019 - 04:37 PM (IST)

ਸ੍ਰੀ ਮੁਕਤਸਰ ਸਾਹਿਬ (ਰਿਣੀ, ਪਵਨ ਤਨੇਜਾ) : ਸ਼ਹਿਰ ਵਿਚ ਕੰਪਿਊਟਰ ਲਾਟਰੀ ਦੇ ਨਾਮ 'ਤੇ ਚੱਲ ਰਹੇ ਗੋਰਖ ਧੰਦੇ ਨੂੰ ਆਖਰ ਪੁਲਸ ਨੇ ਬੰਦ ਕਰਵਾਉਣ ਵੱਲ ਪਹਿਲਾ ਕਦਮ ਪੁਟਦਿਆਂ ਕੁਝ ਲੋਕਾਂ ਨੂੰ ਕਾਬੂ ਕੀਤਾ ਹੈ। ਸੀਨੀਅਰ ਪੁਲਸ ਕਪਤਾਨ ਰਾਜ ਬਚਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ 'ਤੇ ਖ਼ੁਫ਼ੀਆ ਸੋਰਸ ਲਗਾ ਕੇ ਮਾੜੇ ਕੰਮਾਂ ਕਰਨ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਇਹ ਹਦਾਇਤ ਕੀਤੀ ਗਈ। ਇਸ ਤਹਿਤ ਵੀਰਾ ਸਿੰਘ ਐੱਸ.ਆਈ ਸਮੇਤ ਪੁਲਸ ਪਾਰਟੀ ਪੁਰਾਣੀ ਚੂੰਗੀ ਕੋਟਕਪੂਰਾ ਰੋਡ ਮੌਜੂਦ ਸੀ ਤਾਂ ਉਸ ਪਾਸ ਬਲਜਿੰਦਰ ਸਿੰਘ ਉਰਫ ਸ਼ੇਰਾ ਪੁੱਤਰ ਸੁਰਿੰਦਰ ਸਿੰਘ ਵਾਸੀ ਚੱਕ ਬੀੜ ਸਰਕਾਰ ਸ੍ਰੀ ਮੁਕਤਸਰ ਸਾਹਿਬ ਲਿਖਵਾਇਆ ਕਿ ਲਾਟਰੀ ਦਾ ਗੋਰਖ ਧੰਦਾ ਏ. ਸੀ. ਮਾਰਕੀਟ ਵਿਚ ਚੱਲ ਰਿਹਾ ਹੈ ਤਾਂ ਪੁਲਸ ਪਾਰਟੀ ਨੇ ਮੁਦਈ ਦੇ ਬਿਆਨ ਦੇ ਕੇ ਮੁਕੱਦਮਾ ਦਰਜ ਕਰਾਉਣ ਲਈ ਭੇਜਿਆ ਮੁਦਈ ਨੂੰ ਨਾਲ ਲੈ ਕੇ ਏ. ਸੀ. ਮਾਰਕੀਟ ਵਿਚ ਚੋਰੀ ਛਿਪੇ ਸਰਕਾਰੀ ਲਾਟਰੀ ਦੀ ਆੜ ਵਿਚ ਦੋ ਨੰਬਰ ਦੀ ਲਾਟਰੀ ਦਾ ਗੋਰਖ ਧੰਦਾ ਚੱਲ ਰਿਹਾ ਸੀ।
ਇਸ ਦੌਰਾਨ ਪੁਲਸ ਵੱਲੋਂ ਸਾਗਰ ਪੁੱਤਰ ਅਸ਼ੋਕ ਕੁਮਾਰ ਪੰਡਿਤ ਜੈ ਦਿਆਲ ਵਾਲੀ ਗਲੀ ਸ੍ਰੀ ਮੁਕਤਸਰ ਸਾਹਿਬ, ਕੁਲਦੀਪ ਕੁਮਾਰ ਸ਼ੇਰਾ ਪੁੱਤਰ ਅਵਤਾਰ ਸਿੰਘ ਵਾਸੀ ਦਸ਼ਮੇਸ਼ ਨਗਰ ਸ੍ਰੀ ਮੁਕਤਸਰ ਸਾਹਿਬ ਦੀਪਕ ਕੁਮਾਰ ਦੀਪਾ ਪੁੱਤਰ ਸੁਦਰਸ਼ਨ ਕੁਮਾਰ ਵਾਸੀ ਗਾਂਧੀ ਨਗਰ ਸ੍ਰੀ ਮੁਕਤਸਰ ਸਾਹਿਬ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ ਪਾਸੋਂ ਅਲੱਗ ਅਲੱਗ ਕੰਪਨੀਆਂ ਦੇ ਚਾਰ ਲੈਪਟਾਪ, ਵੱਖ ਵੱਖ ਕੰਪਨੀਆਂ ਦੇ ਚਾਰ ਮੋਬਾਈਲ, ਇੰਟਰਨੈੱਟ ਵਾਲਾ ਇਕ ਬਕਸਾ ਅਤੇ 9700 ਰੁਪਏ ਨਗਦ ਬਰਾਮਦ ਕੀਤੇ। ਪੁਲਸ ਨੇ ਇਨ੍ਹਾਂ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।