ਝੋਟਾ ਕਤਲਕਾਂਡ ਨੂੰ ਲੈ ਕੇ ਪੁਲਸ ਪੂਰੀ ਤਰ੍ਹਾਂ ਚੌਕਸ, ਸ਼ਹਿਰ ਦੇ ਚੱਪੇ-ਚੱਪੇ ’ਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ

Monday, Oct 19, 2026 - 12:52 PM (IST)

ਝੋਟਾ ਕਤਲਕਾਂਡ ਨੂੰ ਲੈ ਕੇ ਪੁਲਸ ਪੂਰੀ ਤਰ੍ਹਾਂ ਚੌਕਸ, ਸ਼ਹਿਰ ਦੇ ਚੱਪੇ-ਚੱਪੇ ’ਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ

ਮਾਨਸਾ (ਸੰਦੀਪ ਮਿੱਤਲ) : ਪਰਵਿੰਦਰ ਸਿੰਘ ਝੋਟਾ ਕਤਲਕਾਂਡ ਨੂੰ ਲੈ ਕੇ ਮਾਨਸਾ ’ਚ ਬਣੇ ਤਣਾਅ ਪੂਰਨ ਮਾਹੌਲ ਦੇ ਬਾਵਜੂਦ ਸ਼ਹਿਰ ’ਚ ਅਮਨ-ਸ਼ਾਂਤੀ ਅਤੇ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਜ਼ਿਲ੍ਹਾ ਪੁਲਸ ਵੱਲੋਂ ਪੁਖ਼ਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਐੱਸ. ਐੱਸ. ਪੀ. ਵੈਭਵ ਚੌਧਰੀ ਦੀ ਅਗਵਾਈ ਹੇਠ ਪੁਲਸ ਫੋਰਸ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲੀ ਹੋਈ ਹੈ। ਪੁਲਸ ਵੱਲੋਂ ਸ਼ਰਾਰਤੀ ਅਨਸਰਾਂ ’ਤੇ ਸਖਤ ਨਜ਼ਰ ਰੱਖੀ ਜਾ ਰਹੀ ਹੈ, ਤਾਂ ਜੋ ਕੋਈ ਵੀ ਵਿਅਕਤੀ ਮੌਜੂਦਾ ਸਥਿਤੀ ਦਾ ਫਾਇਦਾ ਉਠਾ ਕੇ ਮਾਹੌਲ ਖ਼ਰਾਬ ਨਾ ਕਰ ਸਕੇ। ਧਰਨੇ ਵਾਲੀ ਥਾਂ ’ਤੇ ਲੋਕਾਂ ਦਾ ਇਕੱਠ ਹੋਣ ਕਾਰਨ ਸਥਿਤੀ ਸੰਵੇਦਨਸ਼ੀਲ ਬਣੀ ਹੋਈ ਹੈ, ਜਦੋਂ ਕਿ ਸ਼ਹਿਰ ਦੇ ਬਾਜ਼ਾਰਾਂ ’ਚ ਆਮ ਕੰਮਕਾਜ ਜਾਰੀ ਹੈ। ਐੱਸ. ਐੱਸ. ਪੀ. ਵੈਭਵ ਚੌਧਰੀ ਦੀ ਨਿਗਰਾਨੀ ਹੇਠ ਪੁਲਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਪ੍ਰਬੰਧਾਂ ਨੂੰ ਲਗਾਤਾਰ ਮਜ਼ਬੂਤ ਕੀਤਾ ਜਾ ਰਿਹਾ ਹੈ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸ਼ਹਿਰ ਦੇ ਮਹੱਤਵਪੂਰਨ ਚੌਕਾਂ, ਸੰਵੇਦਨਸ਼ੀਲ ਥਾਵਾਂ ਅਤੇ ਧਰਨੇ ਦੇ ਆਲੇ-ਦੁਆਲੇ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਬਾਹਰਲੇ ਜ਼ਿਲ੍ਹਿਆਂ ਤੋਂ ਵੀ ਪੁਲਸ ਫੋਰਸ ਮੰਗਵਾਈ ਗਈ ਹੈ। ਪੁਲਸ ਅਧਿਕਾਰੀ ਸਥਿਤੀ ’ਤੇ ਲਗਾਤਾਰ ਨਜ਼ਰ ਰੱਖ ਰਹੇ ਹਨ ਅਤੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ, ਤਾਂ ਜੋ ਸ਼ਹਿਰ ’ਚ ਸ਼ਾਂਤੀ ਬਣਾਈ ਰੱਖੀ ਜਾ ਸਕੇ।

ਇਸੇ ਦੌਰਾਨ ਸਿਵਲ ਹਸਪਤਾਲ ਮਾਨਸਾ ’ਚ ਪਰਵਿੰਦਰ ਸਿੰਘ ਝੋਟਾ ਦੀ ਮ੍ਰਿਤਕ ਦੇਹ ਦੀ ਰਖਵਾਲੀ ਲਈ ਬੈਠੇ ਨਿਹੰਗ ਸਿੰਘਾਂ ਦਾ ਧਰਨਾ-ਪ੍ਰਦਰਸ਼ਨ ਜਾਰੀ ਹੈ। ਪਰਵਿੰਦਰ ਝੋਟਾ ਇਨਸਾਫ਼ ਕਮੇਟੀ ਵੱਲੋਂ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ। ਸਥਿਤੀ ਨੂੰ ਸ਼ਾਂਤਮਈ ਬਣਾਈ ਰੱਖਣ ਲਈ ਪੁਲਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਇਨਸਾਫ ਕਮੇਟੀ ਦੇ ਨੁਮਾਇੰਦਿਆਂ ਨਾਲ ਲਗਾਤਾਰ ਸੰਪਰਕ ’ਚ ਹਨ। ਪ੍ਰਸ਼ਾਸਨ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਧਰਨੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਸਥਿਤੀ ਪੈਦਾ ਨਾ ਹੋਵੇ ਅਤੇ ਆਮ ਲੋਕਾਂ ਨੂੰ ਆਪਣੇ ਕੰਮਕਾਜ ’ਚ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਨਸਾਫ ਕਮੇਟੀ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਨ ਉਪਰੰਤ ਐੱਸ. ਐੱਸ. ਪੀ. ਵੈਭਵ ਚੌਧਰੀ ਨੇ ਦੱਸਿਆ ਕਿ ਧਰਨੇ ਵਾਲੀ ਥਾਂ ਤੋਂ ਕੁੱਝ ਦੂਰੀ ’ਤੇ ਸਥਿਤ ਤਿੰਨਕੋਨੀ ਚੌਂਕ ’ਚ ਬੈਰੀਕੇਡਿੰਗ ਕੀਤੀ ਗਈ ਹੈ। ਇਸ ਦਾ ਮਕਸਦ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਪ੍ਰਭਾਵਸ਼ਾਲੀ ਬਣਾਈ ਰੱਖਣਾ ਹੈ। ਉਨ੍ਹਾਂ ਕਿਹਾ ਕਿ ਧਰਨਾਕਾਰੀਆਂ ਨੂੰ ਸ਼ਹਿਰ ਦੇ ਬਾਜ਼ਾਰਾਂ ਵੱਲ ਜਾਣ ਤੋਂ ਰੋਕਣ ਲਈ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਬਾਜ਼ਾਰਾਂ ’ਚ ਆਮ ਜਨਜੀਵਨ ਪ੍ਰਭਾਵਿਤ ਨਾ ਹੋਵੇ ਅਤੇ ਦੁਕਾਨਦਾਰਾਂ ਸਮੇਤ ਲੋਕ ਆਪਣੇ ਰੋਜ਼ਾਨਾ ਦੇ ਕੰਮ ਆਮ ਵਾਂਗ ਕਰ ਸਕਣ।

ਐੱਸ. ਐੱਸ. ਪੀ. ਨੇ ਕਿਹਾ ਕਿ ਮਾਨਸਾ ਦੇ ਬਾਜ਼ਾਰ ਪੂਰੀ ਤਰ੍ਹਾਂ ਖੁੱਲ੍ਹੇ ਹਨ ਅਤੇ ਲੋਕਾਂ ਦੇ ਕੰਮ-ਧੰਦੇ ਅਮਨ-ਅਮਾਨ ਨਾਲ ਚੱਲ ਰਹੇ ਹਨ। ਪੁਲਸ ਪ੍ਰਸ਼ਾਸਨ ਦੀ ਪਹਿਲੀ ਤਰਜੀਹ ਸ਼ਹਿਰ ’ਚ ਸ਼ਾਂਤੀ ਕਾਇਮ ਰੱਖਣਾ, ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਅਤੇ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣਾ ਹੈ। ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖੀ ਜਾ ਰਹੀ ਹੈ। ਐੱਸ. ਐੱਸ. ਪੀ. ਵੈਭਵ ਚੌਧਰੀ ਨੇ ਕਿਹਾ ਕਿ ਸ਼ਹਿਰ ਅੰਦਰ ਅਮਨ-ਸ਼ਾਂਤੀ ਬਣੀ ਹੋਈ ਹੈ ਅਤੇ ਸਿਵਲ ਤੇ ਪੁਲਸ ਪ੍ਰਸ਼ਾਸਨ ਵਿਚਕਾਰ ਲਗਾਤਾਰ ਤਾਲਮੇਲ ਕਾਇਮ ਹੈ। ਉਨ੍ਹਾਂ ਦੀ ਅਗਵਾਈ ਹੇਠ ਪੁਲਸ ਫੋਰਸ ਪੂਰੀ ਤਰ੍ਹਾਂ ਚੌਕਸ ਹੈ ਅਤੇ ਸੁਰੱਖਿਆ ਪ੍ਰਬੰਧਾਂ ’ਚ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਵਰਤੀ ਜਾ ਰਹੀ। ਪੁਲਸ ਵੱਲੋਂ ਸਥਿਤੀ ’ਤੇ ਨਜ਼ਰ ਰੱਖਦਿਆਂ ਲੋੜ ਅਨੁਸਾਰ ਪ੍ਰਬੰਧ ਕੀਤੇ ਜਾ ਰਹੇ ਹਨ, ਤਾਂ ਜੋ ਪਰਵਿੰਦਰ ਸਿੰਘ ਝੋਟਾ ਕਤਲਕਾਂਡ ਨੂੰ ਲੈ ਕੇ ਬਣੀ ਸੰਵੇਦਨਸ਼ੀਲ ਸਥਿਤੀ ਦੌਰਾਨ ਸ਼ਹਿਰ ’ਚ ਸ਼ਾਂਤੀ ਕਾਇਮ ਰਹੇ, ਲੋਕਾਂ ਦੇ ਕਾਰੋਬਾਰ ਪ੍ਰਭਾਵਿਤ ਨਾ ਹੋਣ ਅਤੇ ਆਮ ਜਨਤਾ ਆਪਣੇ ਕੰਮ ਨਿਡਰ ਹੋ ਕੇ ਕਰ ਸਕੇ।
 


author

Babita

Content Editor

Related News