ਪੁਲਸ ਮੁਲਾਜ਼ਮ ਨੇ ਨਹਿਰ ''ਚ ਮਾਰੀ ਛਾਲ, ਮੌਤ
Tuesday, Mar 31, 2020 - 11:31 AM (IST)
ਪਟਿਆਲਾ (ਜੋਸਨ): ਅੱਜ ਇਥੇ ਸਮਾਣਾ-ਪਟਿਆਲਾ ਰੋਡ ਸਥਿਤ ਆਦਰਸ਼ ਨਰਸਿੰਗ ਕਾਲਜ ਸਾਹਮਣੇ ਇਕ ਪੁਲਸ ਮੁਲਾਜ਼ਮ ਨੇ ਦਿਨ-ਦਿਹਾੜੇ ਨਹਿਰ ਵਿਚ ਛਾਲ ਮਾਰ ਕੇ ਆਪਣੀ ਜੀਵਨ-ਲੀਲਾ ਸਮਾਪਤ ਕਰ ਲਈ ਹੈ। ਇਸ ਮੌਕੇ ਮੌਜੂਦ ਆਸ-ਪਾਸ ਖੜ੍ਹੇ ਲੋਕਾਂ ਨੇ ਉਸ ਨੂੰ ਛਾਲ ਮਾਰਦੇ ਹੋਏ ਵੇਖਿਆ ਪਰ ਜਦੋਂ ਤੱਕ ਨਹਿਰ ਕੰਢੇ ਪੁੱਜੇ ਤਾਂ ਉਸ ਦੀ ਲਾਸ਼ ਪਾਣੀ ਦੇ ਵਹਾਅ ਕਾਰਣ ਹੇਠਾਂ ਜਾ ਚੁੱਕੀ ਸੀ। ਪੁਲਸ ਮੁਲਾਜ਼ਮ ਨੇ ਆਪਣਾ ਬੁਲੇਟ ਮੋਟਰਸਾਈਕਲ ਸੜਕ ਕੰਢੇ ਖੜ੍ਹਾ ਕੀਤਾ ਹੋਇਆ ਸੀ । ਲੋਕਾਂ ਮੋਟਰਸਾਈਕਲ ਨਾਲ ਟੰਗੇ ਬੈਗ ਨੂੰ ਫਰੋਲਿਆ ਤਾਂ ਉਸ 'ਚੋਂ ਪੁਲਸ ਦੀ ਵਰਦੀ ਅਤੇ ਕਾਂਸਟੇਬਲ ਗੁਰਵਿੰਦਰ ਸਿੰਘ ਨਾਂ ਦਾ ਆਈ ਕਾਰਡ ਬਰਾਮਦ ਹੋਇਆ। ਇਸ ਮਾਮਲੇ ਦੀ ਜਾਂਚ ਥਾਣਾ ਸਦਰ ਸਮਾਣਾ ਕਰ ਰਿਹਾ ਹੈ। ਗੋਤਾਖੋਰਾਂ ਦੇ ਪਾਸ ਨਾ ਬਣਨ ਕਾਰਣ ਲਾਸ਼ ਲੱਭਣ ਵਿਚ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ।
ਗੋਤਾਖੋਰਾਂ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਉਕਤ ਮਾਮਲੇ ਸਬੰਧੀ ਜਾਣਕਾਰੀ ਮਿਲੀ ਸੀ ਪਰ ਕਿਸੇ ਵੀ ਗੋਤਾਖੋਰ ਕੋਲ ਕਰਫਿਊ ਪਾਸ ਨਾ ਹੋਣ ਕਾਰਣ ਹੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਭਾਰਦਵਾਜ ਨੇ ਦੱਸਿਆ ਕਿ ਸਾਡੀ ਟੀਮ ਜ਼ਿਲਾ ਪਟਿਆਲਾ ਅਧੀਨ ਆਉਂਦੇ ਇਲਾਕੇ ਗੰਡਾ ਖੇੜੀ, ਘਨੌਰ ਪੁਲ, ਸਰਾਏ ਬੰਜਾਰਾ, ਸਿੱਧੂਵਾਲ, ਨਾਭਾ ਰੋਡ, ਪਸਿਆਣਾ, ਸਮਾਣਾ ਅਤੇ ਖਨੌਰੀ ਸਮੇਤ ਹੋਰਨਾਂ ਕਈ ਪੁਆਇੰਟਾਂ 'ਤੇ ਕੰਮ ਕਰਦੀ ਹੈ। ਇਸ ਲਈ ਇੰਨਾ ਲੰਬਾ ਏਰੀਆ ਹੋਣ ਅਤੇ ਕਰਫਿਊ ਲੱਗਣ ਕਾਰਣ ਕੋਈ ਵੀ ਦਿੱਕਤ ਪੇਸ਼ ਆ ਸਕਦੀ ਹੈ। ਪ੍ਰਸ਼ਾਸਨ ਵੱਲੋਂ ਸਾਨੂੰ ਪਾਸ ਜਾਰੀ ਨਹੀਂ ਕੀਤੇ ਜਾ ਰਹੇ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਸਿਰਫ 2 ਪਾਸ ਜਾਰੀ ਕਰਨ ਦੀ ਗੱਲ ਕਰ ਰਿਹਾ ਹੈ। ਨਹਿਰ 'ਚੋਂ ਲਾਸ਼ਾਂ ਕੱਢਣਾ ਇਕ ਗੰਭੀਰ ਮਾਮਲਾ ਹੈ। 2 ਗੋਤਾਖੋਰ ਇੰਨੀ ਵੱਡੀ ਲੰਬੀ ਨਹਿਰ ਨੂੰ ਸੰਭਾਲ ਨਹੀਂ ਸਕਦੇ। ਉਨ੍ਹਾਂ ਮੰਗ ਕੀਤੀ ਕਿ ਘੱਟੋ-ਘੱਟ 15-18 ਗੋਤਾਖੋਰਾਂ ਦੇ ਪਾਸ ਬਣਾਏ ਜਾਣ।