ਆਖਿਰ ਖੁੱਲ੍ਹੀਆਂ ਐੱਸ. ਐੱਚ. ਓ. ਸਾਬ੍ਹ ਦੀਆਂ ਪੋਲਾਂ, ਸਰਚ ਦੌਰਾਨ ਹੋਏ ਕਈ ਅਹਿਮ ਖੁਲਾਸੇ (ਤਸਵੀਰਾਂ)

Tuesday, Sep 12, 2017 - 07:45 PM (IST)

ਆਖਿਰ ਖੁੱਲ੍ਹੀਆਂ ਐੱਸ. ਐੱਚ. ਓ. ਸਾਬ੍ਹ ਦੀਆਂ ਪੋਲਾਂ, ਸਰਚ ਦੌਰਾਨ ਹੋਏ ਕਈ ਅਹਿਮ ਖੁਲਾਸੇ (ਤਸਵੀਰਾਂ)

ਜਲਾਲਾਬਾਦ (ਸੇਤੀਆ) : ਭਾਵੇਂ ਪੁਲਸ ਪ੍ਰਸ਼ਾਸਨ ਵਲੋਂ ਨਸ਼ੇ ਨੂੰ ਜੜ੍ਹੋਂ ਖਤਮ ਕਰਨ ਲਈ ਲੋਕਾਂ ਵਲੋਂ ਸਹਿਯੋਗ ਦੀ ਉਮੀਦ ਕੀਤੀ ਜਾਂਦੀ ਹੈ ਪਰ ਜੇਕਰ ਪੁਲਸ ਕੋਲੋਂ ਹੀ ਸੰਥੈਟਿਕ ਨਸ਼ਿਆਂ ਦੀ ਸਮੱਗਰੀ ਮਿਲਣੀ ਸ਼ੁਰੂ ਹੋ ਜਾਵੇਗੀ ਤਾਂ ਫਿਰ ਆਮ ਲੋਕ ਸਾਫ-ਸੁਥਰੇ ਪ੍ਰਸ਼ਾਸਨ ਦੀ ਉਮੀਦ ਕਿਸ ਤੋਂ ਲਗਾ ਸਕਦੇ ਹਨ। ਜਿਸਦੀ ਮਿਸਾਲ ਉਸ ਵੇਲੇ ਦੇਖਣ ਨੂੰ ਜਦੋਂ ਬੀਤੇ ਦਿਨੀਂ ਵਿਜੀਲੈਂਸ ਵਿਭਾਗ ਵਲੋਂ ਰਿਸ਼ਵਤ ਲੈਣ ਦੇ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਥਾਣਾ ਅਮੀਰ ਖਾਸ ਦੇ ਐੱਸ. ਐੱਚ. ਓ. ਸਾਹਿਬ ਦੇ ਅਸਥਾਈ ਘਰ 'ਚ ਤਲਾਸ਼ੀ ਦੌਰਾਨ ਸੰਥੈਟਿਕ ਨਸ਼ੇ ਦੀ ਬਰਾਮਦਗੀ ਸਾਹਮਣੇ ਆਈ। ਇਸ ਮੌਕੇ ਸਬ ਡਿਵੀਜ਼ਨ ਐੱਸ. ਡੀ. ਐੱਮ. ਅਮਰਜੀਤ ਸਿੰਘ, ਮਸ਼ਿਦਰ ਸਿੰਘ ਮਾਨ ਵਿਜੀਲੈਂਸ ਇੰਸਪੈਕਟਰ, ਏ. ਐੱਸ. ਆਈ. ਮੁਖਤਿਆਰ ਸਿੰਘ, ਏ. ਐੱਸ. ਆਈ. ਪਵਨ ਕੁਮਾਰ ਮੌਜੂਦ ਸਨ।
ਵਿਜੀਲੈਂਸ ਇੰਸਪੈਕਟਰ ਮਸ਼ਿੰਦਰ ਸਿੰਘ ਮਾਨ ਨੇ ਦੱਸਿਆ ਕਿ ਜ਼ਿਲਾ ਵਿਜੀਲੈਂਸ ਪੁਲਸ ਕਪਤਾਨ ਦੀਆਂ ਹਿਦਾਇਤਾਂ ਅਨੁਸਾਰ ਦੇਰ ਰਾਤ ਜਲਾਲਾਬਾਦ ਦੀ ਪੁਲਸ ਪਾਰਟੀ ਨੂੰ ਨਾਲ ਲੈ ਕੇ ਐੱਸ. ਐੱਚ. ਓ. ਦੀ ਰਿਹਾਇਸ਼ੀ 'ਤੇ ਰੇਡ ਕੀਤੀ ਗਈ ਸੀ।ਜਾਣਕਾਰੀ ਅਨੁਸਾਰ ਵਿਜੀਲੈਂਸ ਵਿਭਾਗ ਦੇ ਡੀਐਸਪੀ ਪਲਵਿੰਦਰ ਸਿੰਘ ਨੇ ਆਪਣੀ ਟੀਮ ਸਹਿਤ ਥਾਣਾ ਅਮੀਰ ਖਾਸ ਵਿਚ ਮੁੱਦਈ ਦੀ ਸ਼ਿਕਾਇਤ 'ਤੇ ਰੇਡ ਕੀਤੀ ਤਾਂ ਡਿਊਟੀ 'ਤੇ ਮੌਜੂਦ ਐੱਸ. ਐੱਚ. ਓ. ਸਾਹਿਬ ਸਿੰਘ ਕੋਲੋਂ ਮੌਕੇ 'ਤੇ 50 ਹਜ਼ਾਰ ਰੁਪਏ ਬਰਾਮਦ ਕੀਤੇ ਗਏ। ਬਾਅਦ ਵਿਚ ਉਨ੍ਹਾਂ ਨੂੰ ਫਿਰੋਜ਼ਪੁਰ ਲਿਜਾਇਆ ਗਿਆ। ਉਥੇ ਕਾਰਵਾਈ ਕਰਨ ਤੋਂ ਬਾਅਦ ਦੇਰ ਰਾਤ ਕਰੀਬ 12 ਵਜੇ ਵਿਜੀਲੈਂਸ ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਡੀ. ਐਸ. ਪੀ ਜਲਾਲਾਬਾਦ ਅਮਰਜੀਤ ਸਿੰਘ ਦੀ ਟੀਮ ਵਲੋਂ ਸਾਹਿਬ ਸਿੰਘ ਦੀ ਕਿਰਾਏ ਵਾਲੀ ਰਿਹਾਇਸ਼ 'ਤੇ ਰੇਡ ਕੀਤੀ ਗਈ ਜਿਸ ਵਿਚ ਸ਼ਰਾਬ, ਨਸ਼ੀਲੀ ਗੋਲੀਆਂ, ਪਾਊਡਰ, ਮੋਬਾਇਲ ਅਤੇ ਪੋਸਤ ਵੀ ਬਰਾਮਦ ਕੀਤੀ ਗਈ।  
ਉਧਰ ਵਿਜੀਲੈਂਸ ਵਲੋਂ ਰਿਸ਼ਵਤ ਲੈਣ ਸਬੰਧੀ ਮਾਮਲਾ ਫਿਰੋਜ਼ਪੁਰ ਵਿਜੀਲੈਂਸ ਵਿਭਾਗ ਨੇ ਕੇਸ ਰਜਿਸਟਰਡ ਕਰ ਲਿਆ ਹੈ ਅਤੇ ਦੂਜੇ ਕੇਸ ਵਿਚ ਥਾਣਾ ਸਿਟੀ ਜਲਾਲਾਬਾਦ ਵਿਚ ਕੀਤਾ ਗਿਆ ਹੈ। ਉਕਤ ਕੇਸ ਦੀ ਜਾਂਚ ਏ. ਐੱਸ. ਆਈ. ਪਵਨ ਕੁਮਾਰ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਵਿਜੀਲੈਂਸ ਦੀ ਜਾਂਚ ਤੋਂ ਬਾਅਦ ਐੱਸ. ਐੱਚ. ਓ ਸਾਹਿਬ ਸਿੰਘ ਜਾਂਚ ਸਬੰਧੀ ਲਿਆਂਦਾ ਜਾਵੇਗਾ ਅਤੇ ਜਾਂਚ ਪੜਤਾਲ ਕੀਤੀ ਜਾਵੇਗੀ।
ਕੀ ਕੀ ਹੋਇਆ ਬਰਾਮਦ
6 ਬੋਤਲ ਸ਼ਰਾਬ ਅੰਗਰੇਜ਼ੀ ਸਗਨੇਚਰ ਮਾਰਕਾ
580 ਗ੍ਰਾਮ ਚੂਰਾ ਪੋਸਤ
4.80 ਮਿਲੀਗ੍ਰਾਮ ਹੈਰੋਇਨ
7.50 ਮਿਲੀਗ੍ਰਾਮ ਚਿੱਟਾ ਸਿੰਥੈਟਿਕ
15 ਮੋਬਾਇਲ
ਇਥੇ ਦੱਸਣਯੋਗ ਹੈ ਕਿ ਥਾਣਾ ਮੁਖੀ ਕੋਲੋਂ ਨਸ਼ਿਆਂ ਦੀ ਖੇਪ ਮਿਲਣਾ ਅਤੇ ਉਨ੍ਹਾਂ ਦੀ ਰਿਹਾਇਸ਼ ਤੋਂ ਵੱਡੀ ਗਿਣਤੀ 'ਚ ਮੋਬਾਇਲ ਬਰਾਮਦ ਹੋਣਾ ਕਿਧਰੇ ਨਾ ਕਿਧਰੇ ਨਸ਼ਾ ਤਸਕਰਾਂ ਨਾਲ ਤਾਰ ਜੁੜੇ ਹੋਣ ਦੇ ਸੰਕੇਤ ਦਿੰਦਾ ਹੈ ਪਰ ਇਸ ਦਾ ਖੁਲਾਸਾ ਉਦੋਂ ਹੀ ਹੋ ਸਕਦਾ ਹੈ ਜਦੋਂ ਭਵਿੱਖ ਵਿਚ ਪੁਲਸ ਵਿਭਾਗ ਵਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ।


Related News