ਪੁਲਸ ਸ਼ਹੀਦੀ ਯਾਦਗਾਰ ਦਿਵਸ ’ਤੇ ਪੁਲਸ ਤੇ ਸਿਵਲ ਪ੍ਰਸ਼ਾਸਨ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

Thursday, Oct 21, 2021 - 05:33 PM (IST)

ਪੁਲਸ ਸ਼ਹੀਦੀ ਯਾਦਗਾਰ ਦਿਵਸ ’ਤੇ ਪੁਲਸ ਤੇ ਸਿਵਲ ਪ੍ਰਸ਼ਾਸਨ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਗੁਰਦਾਸਪੁਰ (ਸਰਬਜੀਤ) - ਪੁਲਸ ਸ਼ਹੀਦੀ ਯਾਦਗਾਰ ਦਿਵਸ ਦੇ ਮੌਕੇ ਅੱਜ ਸਥਾਨਕ ਪੁਲਸ ਲਾਈਨ ਵਿਚ ਜ਼ਿਲ੍ਹਾ ਪੱਧਰੀ ਸਮਾਗਮ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ। ਇਸ ਮੌਕੇ ਐੱਸ.ਐੱਸ.ਪੀ. ਗੁਰਦਾਸਪੁਰ ਡਾ. ਨਾਨਕ ਸਿੰਘ ਵੱਲੋਂ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ ਗਈ। ਏ.ਡੀ.ਸੀ. (ਜਨਰਲ) ਸ੍ਰੀ ਰਾਹੁਲ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸ੍ਰੀਮਤੀ ਅਮਨਦੀਪ ਕੌਰ ਘੁੰਮਣ, ਆਰ.ਟੀ.ਏ ਬਲਦੇਵ ਸਿੰਘ ਰੰਧਾਵਾ ਹੋਰ ਪੁਲਸ ਅਧਿਕਾਰੀਆਂ ਅਤੇ ਸ਼ਹੀਦ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਸ਼ਹੀਦੀ ਸਮਾਰਕ ’ਤੇ ਸ਼ਰਧਾਂਜਲੀਆਂ ਭੇਂਟ ਕੀਤੀਆਂ।

ਇਸ ਮੌਕੇ ਐੱਸ.ਐੱਸ.ਪੀ. ਗੁਰਦਾਸਪੁਰ ਡਾ. ਨਾਨਕ ਸਿੰਘ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਪੰਜਾਬ ਪੁਲਸ ਦਾ ਗੌਰਵਮਈ ਇਤਿਹਾਸ ਰਿਹਾ ਹੈ। ਇਸ ਫੋਰਸ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਅਤੇ ਭਾਈਚਾਰਕ ਸਾਂਝ ਬਰਕਰਾਰ ਰੱਖਣ ਹਿੱਤ ਵਡੇਰੀਆਂ ਕੁਰਬਾਨੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਪੁਲਸ ਆਪਣੀ ਇਸੇ ਵਿਰਾਸਤ ’ਤੇ ਮਾਣ ਕਰਦੀ ਹੋਈ ਆਪਣੀ ਰਵਾਇਤ ਅਨੁਸਾਰ ਅੰਦਰੁਨੀ ਸੁਰੱਖਿਆ ਪ੍ਰਤੀ ਆਪਣੇ ਫਰਜਾਂ ਨੂੰ ਤਨਦੇਹੀ ਨਾਲ ਨਿਭਾਉਂਦੀ ਰਹੇਗੀ।

ਐੱਸ.ਐੱਸ.ਪੀ. ਗੁਰਦਾਸਪੁਰ ਨੇ ਅੱਗੇ ਕਿਹਾ 21 ਅਕਤੂਬਰ 1959 ਨੂੰ ਲੱਦਾਖ ਵਿੱਚ ਹੋਂਟ ਸਪਰਿੰਗਜ਼ ਦੇ ਸਥਾਨ ’ਤੇ ਚੀਨੀਆਂ ਹੱਥੋਂ ਸ਼ਹੀਦ ਹੋਏ, ਇੰਡੋ ਤਿਬਤੀਅਨ ਫੋਰਸ ਦੇ 10 ਜਵਾਨਾਂ, ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਣਾਈ ਰੱਖਣ ਲਈ ਸ਼ਹੀਦ ਹੋਏ ਪੰਜਾਬ ਪੁਲਸ ਦੇ 22 ਅਫ਼ਸਰਾਂ ਅਤੇ 1768 ਪੁਲਸ ਕਰਮਚਾਰੀਆਂ, ਜਿਨ੍ਹਾਂ ਵਿੱਚ ਪੰਜਾਬ ਹੋਮਗਾਰਡਜ ਦੇ ਜਵਾਨ ਸ਼ਾਮਲ ਹਨ, ਨੂੰ ਅੱਜ ਦੇ ਦਿਨ ਸਾਡੇ ਵੱਲੋਂ ਸੱਚੀ ਸ਼ਰਧਾਂਜਲੀ ਇਹੀ ਹੈ ਕਿ ਅਸੀਂ ਉਨ੍ਹਾਂ ਵੱਲੋਂ ਦਿਖਾਏ ਗਏ ਕੁਰਬਾਨੀ ਅਤੇ ਤਿਆਗ ਦੇ ਰਸਤੇ ’ਤੇ ਚਲੀਏ। ਦੇਸ਼ ਦੀ ਏਕਤਾ, ਅਖੰਡਤਾ ਅਤੇ ਅਮਨ ਸ਼ਾਂਤੀ ਬਣਾਈ ਰੱਖਣ ਲਈ ਹਰ ਕੁਰਬਾਨੀ ਦੇਣ ਲਈ ਅਸੀਂ ਤਿਆਰ ਰਹੀਏ।


author

rajwinder kaur

Content Editor

Related News