ਅੰਮ੍ਰਿਤਸਰ ਪੁਲਸ ਲਾਈਨ ’ਚ ਤਾਇਨਾਤ ਏ. ਐੱਸ.ਆਈ. ਦੀ ਤਿੰਨ ਗੋਲ਼ੀਆਂ ਲੱਗਣ ਕਾਰਣ ਮੌਤ
Monday, Mar 28, 2022 - 10:20 PM (IST)
ਅੰਮ੍ਰਿਤਸਰ (ਜਸ਼ਨ) : ਜ਼ਿਲ੍ਹਾ ਪੁਲਸ ਦਿਹਾਤੀ ਵਿਚ ਤਾਇਨਾਤ ਪੁਲਸ ਅਧਿਕਾਰੀ ਏ. ਐੱਸ. ਆਈ. ਕੁਲਵੰਤ ਸਿੰਘ ਦੀ ਸਰਵਿਸ ਰਾਈਫਲ ’ਚੋਂ ਚੱਲੀ ਗੋਲ਼ੀ ਨੇ ਜਾਨ ਲੈ ਲਈ। ਮ੍ਰਿਤਕ ਪੁਲਸ ਅਧਿਕਾਰੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਸਰਕਾਰੀ ਕੁਆਰਟਰ ਵਿਚ ਰਹਿੰਦਾ ਸੀ, ਜਿੱਥੇ ਇਹ ਘਟਨਾ ਵਾਪਰੀ। ਇਸ ਸਬੰਧੀ ਪੁਲਸ ਚੌਕੀ ਨਿਊ ਅੰਮ੍ਰਿਤਸਰ ਦੇ ਇੰਚਾਰਜ ਪੁਲਸ ਅਧਿਕਾਰੀ ਅਵਤਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਏ. ਐੱਸ. ਆਈ. ਕੁਲਵੰਤ ਸਿੰਘ ਪਿੰਡ ਰਣੀਕੇ ਜ਼ਿਲ੍ਹਾ ਅੰਮ੍ਰਿਤਸਰ ਦਾ ਵਸਨੀਕ ਹੈ ਅਤੇ ਪੁਲਸ ਲਾਈਨ ਵਿਚ ਹੀ ਤਾਇਨਾਤ ਸੀ। ਇਸ ਸਮੇਂ ਉਹ ਆਪਣੀ ਪਤਨੀ ਅਤੇ ਪੁੱਤਰ ਨਾਲ ਸਰਕਾਰੀ ਕੁਆਰਟਰ ਨੰਬਰ 73 ਵਿਚ ਰਹਿ ਰਿਹਾ ਸੀ।
ਇਹ ਵੀ ਪੜ੍ਹੋ : ਦਿਲ ਕੰਬਾਉਣ ਵਾਲੇ ਹਾਦਸੇ ਨੇ ਖੋਹ ਲਈਆਂ ਪਰਿਵਾਰ ਦੀਆਂ ਖ਼ੁਸ਼ੀਆਂ, 6 ਮਹੀਨੇ ਦੇ ਪੁੱਤ ਸਣੇ ਮਾਤਾ-ਪਿਤਾ ਦੀ ਮੌਤ
ਜਾਣਕਾਰੀ ਅਨੁਸਾਰ ਉਕਤ ਮ੍ਰਿਤਕ ਪੁਲਸ ਮੁਲਾਜ਼ਮ ਕੁਲਵੰਤ ਸਿੰਘ ਪੁਲਸ ਲਾਈਨ ਦਬੁਰਜੀ ਸਥਿਤ ਆਪਣੇ ਰਿਹਾਇਸ਼ੀ ਕੁਆਰਟਰ ’ਚ ਆਪਣੀ ਸਰਵਿਸ ਰਾਈਫਲ ਏ.ਕੇ.-47 ਦੀ ਸਫਾਈ ਕਰ ਰਿਹਾ ਸੀ ਤਾਂ ਕਿਸੇ ਗਲਤੀ ਕਾਰਨ ਉਕਤ ਰਾਈਫਲ ’ਚੋਂ ਗੋਲੀਆਂ ਚੱਲ ਗਈਆਂ। ਮ੍ਰਿਤਕ ਕੁਲਵੰਤ ਸਿੰਘ ਨੂੰ ਤਿੰਨ ਗੋਲੀਆਂ ਲੱਗੀਆਂ ਹਨ। ਇਨ੍ਹਾਂ ਵਿਚੋਂ ਇਕ ਗੋਲੀ ਕੁਲਵੰਤ ਸਿੰਘ ਦੇ ਸਿਰ ਵਿਚ ਲੱਗੀ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਪੁਲਸ ਲਾਈਨ ਦਬੁਰਜੀ ’ਚ ਤਾਇਨਾਤ ਪੁਲਸ ਮੁਲਾਜ਼ਮ ਤੁਰੰਤ ਉਥੇ ਪਹੁੰਚ ਗਏ। ਪੁਲਸ ਮੁਲਾਜ਼ਮ ਤੁਰੰਤ ਏ. ਐੱਸ. ਆਈ. ਕੁਲਵੰਤ ਸਿੰਘ ਨੂੰ ਇਲਾਜ ਲਈ ਹਸਪਤਾਲ ਲੈ ਗਏ। ਪਹਿਲਾਂ ਉਸ ਨੂੰ ਮਜੀਠਾ ਰੋਡ ’ਤੇ ਸਥਿਤ ਗੁਰੂ ਨਾਨਕ ਦੇਵ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਪੁਲਸ ਮੁਲਾਜ਼ਮ ਉਸ ਨੂੰ ਨਿੱਜੀ ਹਸਪਤਾਲ ਲੈ ਗਏ ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, ਪਹਿਲਾਂ ਪਿਤਾ ਫਿਰ ਪੁੱਤ ਨੇ ਵੀ ਤੋੜ ਦਿੱਤਾ ਦਮ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?