ਪੰਜਾਬ ਨੂੰ ਕ੍ਰਾਈਮ ਫ਼ਰੀ ਕਰਨ ਲਈ ਪੁਲਸ ਦਾ ‘ਮਿਸ਼ਨ ਸੰਪਰਕ’ ਸ਼ੁਰੂ
Friday, Nov 29, 2024 - 05:28 PM (IST)

ਸਮਰਾਲਾ (ਗਰਗ, ਬੰਗੜ) : ਆਮ ਲੋਕਾਂ ਦੀ ਮਦਦ ਨਾਲ ਪੰਜਾਬ ਨੂੰ ਪੂਰੀ ਤਰ੍ਹਾਂ ਕ੍ਰਾਈਮ ਫਰੀ (ਜ਼ੁਰਮ ਮੁਕਤ) ਸੂਬਾ ਬਣਾਉਣ ਲਈ ਆਰੰਭ ਕੀਤੀ ਗਈ ‘ਮਿਸ਼ਨ ਸੰਪਰਕ’ ਮੁਹਿੰਮ ਤਹਿਤ ਸਥਾਨਕ ਸਬ ਡਵੀਜ਼ਨ ਅੰਦਰ ਪੁਲਸ ਅਧਿਕਾਰੀਆਂ ਵੱਲੋਂ ਵੱਖ-ਵੱਖ ਵਰਗਾਂ ਦੇ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ। ਇਸ ਦੌਰਾਨ ਉਨ੍ਹਾਂ ਨੂੰ ਸਮਾਜ ਦੀ ਸੁਰੱਖਿਆ ਲਈ ‘ਸੁਚੇਤ’ ਹੋ ਕੇ ਨਸ਼ੇੜੀਆਂ ਅਤੇ ਅਪਰਾਧੀ ਕਿਸਮ ਦੇ ਵਿਅਕਤੀਆਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਦਾ ਸੱਦਾ ਦਿੱਤਾ ਜਾ ਰਿਹਾ ਹੈ। ਇਸ ਮੁਹਿੰਮ ਤਹਿਤ ਡੀ. ਐੱਸ. ਪੀ. ਸਮਰਾਲਾ ਤਰਲੋਚਨ ਸਿੰਘ ਦੀ ਅਗਵਾਈ ਹੇਠ ਅੱਜ ਸ਼ਹਿਰ ਦੇ ਕੌਂਸਲਰਾਂ ਅਤੇ ਹੋਰ ਮੋਹਤਬਰ ਵਿਅਕਤੀਆਂ ਨਾਲ ਮੀਟਿੰਗ ਕਰਦੇ ਹੋਏ ਉਨ੍ਹਾਂ ਨੂੰ ਇਸ ਮਿਸ਼ਨ ਦਾ ਹਿੱਸਾ ਬਣਨ ਲਈ ਸਹਿਯੋਗ ਮੰਗਿਆ ਗਿਆ। ਉਨ੍ਹਾਂ ਆਖਿਆ ਕਿ ਜੇਕਰ ਆਮ ਲੋਕ ਪੁਲਸ ਦੀ ਇਸ ਮੁਹਿੰਮ ਦਾ ਹਿੱਸਾ ਬਣਕੇ ਆਪਣਾ ਫਰਜ਼ ਨਿਭਾਉਣ ਲਈ ਅੱਗੇ ਆਉਣਗੇ, ਤਾਂ ਇਹ ਮੁਹਿੰਮ ਸਮਾਜ ਨੂੰ ਅਪਰਾਧ ਅਤੇ ਨਸ਼ਾ ਮੁਕਤ ਕਰਨ ਵਿਚ ਵੱਡੀ ਮਦਦਗਾਰ ਸਾਬਤ ਹੋ ਸਕਦੀ ਹੈ।
ਮੀਟਿੰਗ ਨੂੰ ਸੰਬੋਧਨ ਕਰਦਿਆ ਡੀ. ਐੱਸ. ਪੀ. ਤਰਲੋਚਨ ਸਿੰਘ ਨੇ ਆਖਿਆ ਕਿ ਸੂਬੇ ਦੇ ਹਰ ਹਿੱਸੇ ਵਿੱਚ ਅਮਨ-ਕਾਨੂੰਨ ਦੀ ਰਾਖੀ ਲਈ ਲੋਕਾਂ ਨੂੰ ਪੁਲਸ ਦੇ ਸਹਿਯੋਗ ਲਈ ਅੱਗੇ ਆਉਣਾ ਚਾਹੀਦਾ ਹੈ, ਤਾਂ ਕਿ ਮਾੜੇ ਅਨਸਰਾਂ ਦੀ ਸਨਾਖ਼ਤ ਕਰਕੇ ਉਨ੍ਹਾਂ ਨੂੰ ਨੱਥ ਪਾਈ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਹਰੇਕ ਨਾਗਰਿਕ ਨਸ਼ੇੜੀਆਂ ’ਤੇ ਨਜ਼ਰ ਰੱਖਦੇ ਹੋਏ ਉਨ੍ਹਾਂ ਦੀ ਜਾਣਕਾਰੀ ਪੁਲਸ ਨੂੰ ਦੇਣ ਦੀ ਜ਼ਿੰਮੇਵਾਰੀ ਨਿਭਾਉਣੀ ਸ਼ੁਰੂ ਕਰ ਦੇਵੇ ਤਾਂ ਬਹੁਤ ਜਲਦੀ ਪੰਜਾਬ ਨੂੰ ਅਪਰਾਧ ਅਤੇ ਨਸ਼ਾ ਮੁਕਤ ਸੂਬਾ ਬਣਾਇਆ ਜਾ ਸਕਦਾ ਹੈ। ਉਨ੍ਹਾਂ ਸਮਾਜ ਦੀ ਸੁਰੱਖਿਆ ਲਈ ਆਰੰਭੀ ਇਸ ਯੋਜਨਾ ’ਚ ਹਰੇਕ ਨਾਗਰਿਕ ਨੂੰ ਮੋਹਰੀ ਭੂਮਿਕਾ ਨਿਭਾਉਣ ਦਾ ਸੱਦਾ ਦਿੰਦੇ ਹੋਏ ਆਖਿਆ ਕਿ ਉਹ ਪੁਲਸ ਦੀਆਂ ਅੱਖਾਂ ਬਣਕੇ ਹਰ ਕਿਸਮ ਦੀ ਸਮਾਜ ਵਿਰੋਧੀ ਗਤੀਵਿਧੀ ਦੀ ਜਾਣਕਾਰੀ ਉਨ੍ਹਾਂ ਤੱਕ ਪਹੁੰਚਾਉਣ ਤਾਂ ਜੋ ਅਸੀਂ ਵੀ ਆਪਣੇ ਇਸ ਇਲਾਕੇ ਨੂੰ ਨਸ਼ਾ ਮੁਕਤ ਅਤੇ ਕ੍ਰਾਈਮ ਫਰੀ ਬਣਾ ਸਕੀਏ।
ਉਨ੍ਹਾਂ ਆਖਿਆ ਕਿ ‘ਮਿਸ਼ਨ ਸੰਪਰਕ’ ਦੀ ਸਫ਼ਲਤਾ ਲਈ ਉਹ ਲਗਾਤਾਰ ਮੀਟਿੰਗਾਂ ਕਰਦੇ ਹੋਏ ਵੱਧ ਤੋਂ ਵੱਧ ਲੋਕਾਂ ਨੂੰ ਇਸ ਮੁਹਿੰਮ ਨਾਲ ਜੋੜਨ ਦਾ ਕੰਮ ਕਰ ਰਹੇ ਹਨ ਅਤੇ ਬਹੁਤ ਜਲਦੀ ਹੀ ਇਸ ਦੇ ਸਾਰਥਕ ਨਤੀਜੇ ਵੀ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਇਸ ਮੁਹਿੰਮ ਦਾ ਹਿੱਸਾ ਬਣਨ ਵਾਲੇ ਲੋਕਾਂ ਦੀ ਪਛਾਣ ਗੁਪਤ ਰੱਖਣ ਲਈ ਵੱਖਰੀ ‘ਗੁਪਤ ਸੂਚਨਾ’ ਪ੍ਰਣਾਲੀ ਵੀ ਵਿਸ਼ੇਸ਼ ਤੌਰ ’ਤੇ ਆਰੰਭੀ ਹੈ ਅਤੇ ਹਰ ਜਾਣਕਾਰੀ ਬਹੁਤ ਗੁਪਤ ਰੱਖਦੇ ਹੋਏ ਉਸ ’ਤੇ ਤੁਰੰਤ ਅਸਰਦਾਰ ਕਾਰਵਾਈ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਇਸ ਮੌਕੇ ਹਾਜ਼ਰ ਕੌਂਸਲਰ ਸਨੀ ਦੂਆ, ਕੌਂਸਲਰ ਬਲਵਿੰਦਰ ਕੌਰ, ਕੌਂਸਲਰ ਰਜਨੀ ਰਾਣੀ, ਕੌਂਸਲਰ ਜਸਵਿੰਦਰ ਸਿੰਘ ਰਿੰਕੂ ਧਾਲੀਵਾਲ, ਕੌਂਸਲਰ ਸੰਦੀਪ ਕੌਰ, ਸਾਬਕਾ ਕੌਂਸਲਰ ਅਮਰਨਾਥ ਟਾਗਰਾ, ਜਥੇ. ਸੁਖਵਿੰਦਰ ਸਿੰਘ ਭਗਵਾਨਪੁਰਾ, ਕੁਲਵਿੰਦਰ ਸਿੰਘ ਭੋਲੂ, ਧੀਰਜ ਖੁੱਲਰ ਅਤੇ ਸੁਖਦੇਵ ਵਰਮਾ ਆਦਿ ਨੇ ਭਰੋਸਾ ਦਿੱਤਾ ਕਿ, ਉਹ ਆਪਣੇ ਪੱਧਰ ’ਤੇ ਵੀ ਇਸ ਮੁਹਿੰਮ ਨੂੰ ਕਾਮਯਾਬ ਕਰਨ ਲਈ ਪੂਰਾ ਸਹਿਯੋਗ ਕਰਨਗੇ।
ਅਣਜਾਣ ਲੋਕਾਂ ਨੂੰ ਘਰ ਦੇ ਅੰਦਰ ਦਾਖ਼ਲ ਨਾ ਹੋਣ ਦਿੱਤਾ ਜਾਵੇ: ਡੀ.ਐੱਸ.ਪੀ.
ਸਮਰਾਲਾ ਦੇ ਉਪ ਪੁਲਸ ਕਪਤਾਨ ਤਰਲੋਚਨ ਸਿੰਘ ਨੇ ‘ਮਿਸ਼ਨ ਸੰਪਰਕ’ ਤਹਿਤ ਅੱਜ ਵੱਖ-ਵੱਖ ਥਾਵਾਂ ’ਤੇ ਪਬਲਿਕ ਮੀਟਿੰਗਾਂ ਕਰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ, ਘਰਾਂ ਵਿੱਚ ਵੜ੍ਹ ਕੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਖ਼ੁਦ ਪਬਲਿਕ ਨੂੰ ਵੀ ਚੌਕਸ ਰਹਿਣ ਦੀ ਲੋੜ ਹੈ ਕਿਉਂਕਿ ਸ਼ਹਿਰ ਵਿਚ ਵਾਪਰੀਆਂ ਅਜਿਹੀਆਂ ਹੀ ਲੁੱਟ ਦੀਆਂ ਦੋ ਵਾਰਦਾਤਾਂ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਲੁੱਟ ਦਾ ਸ਼ਿਕਾਰ ਬਣੇ ਘਰਾਂ ਵਿਚ ਇਨ੍ਹਾਂ ਅਣਪਛਾਤੇ ਵਿਅਕਤੀਆਂ ਨੂੰ ਉਨ੍ਹਾਂ ਦੇ ਝਾਂਸੇ ਵਿਚ ਆ ਕੇ ਖ਼ੁਦ ਹੀ ਦਾਖ਼ਲਾ ਦਿੱਤਾ ਗਿਆ ਸੀ। ਇਸ ਕਾਰਨ ਉਹ ਵਾਰਦਾਤ ਨੂੰ ਅੰਜਾਮ ਦੇਣ ਵਿਚ ਕਾਮਯਾਬ ਹੋ ਗਏ। ਇਸ ਲਈ ਹਰ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਆਸ-ਪਾਸ ਅਤੇ ਗਲੀ ਮੁੱਹਲੇ ਵਿਚ ਘੁੰਮਣ ਵਾਲੇ ਅਣਜਾਣ ਵਿਅਕਤੀਆਂ ’ਤੇ ਨਜ਼ਰ ਰੱਖੇ ਅਤੇ ਲੋੜ ਪੈਣ ’ਤੇ ਤੁਰੰਤ ਪੁਲਸ ਨੂੰ ਵੀ ਸੂਚਨਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਇਲਾਕੇ ਅੰਦਰ ਹੋਈਆ ਅਜਿਹੀਆਂ ਸਾਰੀਆ ਹੀ ਵਾਰਦਾਤਾਂ ਨੂੰ ਭਾਵੇ ਪੁਲਸ ਵੱਲੋਂ ਸਮੇਂ ਸਿਰ ਸੁਲਝਾ ਲਿਆ ਗਿਆ ਹੈ, ਪਰ ਭਵਿੱਖ ਵਿਚ ਅਜਿਹੀ ਕੋਈ ਵੀ ਵਾਰਦਾਤ ਹੋਣ ਤੋਂ ਰੋਕਣ ਲਈ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ।