ਗੋਦ ਲਈ ਬੇਟੀ ਦਾ ਕਾਰਨਾਮਾ : ਦਾਦੀ ਦੇ 5 ਲੱਖ ਲੈ ਕੇ ਵਿਆਹੁਤਾ ਪ੍ਰੇਮੀ ਸਣੇ ਫਰਾਰ

Thursday, Feb 01, 2018 - 03:15 AM (IST)

ਗੋਦ ਲਈ ਬੇਟੀ ਦਾ ਕਾਰਨਾਮਾ : ਦਾਦੀ ਦੇ 5 ਲੱਖ ਲੈ ਕੇ ਵਿਆਹੁਤਾ ਪ੍ਰੇਮੀ ਸਣੇ ਫਰਾਰ

ਬਠਿੰਡਾ(ਵਰਮਾ, ਪਰਮਜੀਤ)-ਗੋਦ ਲਈ ਬੇਟੀ ਨੇ ਦਾਦੀ ਨੂੰ ਚੂਨਾ ਲਾਉਂਦੇ ਹੋਏ ਨਕਦੀ ਤੇ ਗਹਿਣੇ ਉਡਾਏ, ਜਿਸ ਦੀ ਕੁੱਲ ਕੀਮਤ ਦਾ 5 ਲੱਖ ਰੁਪਏ ਅਨੁਮਾਨ ਲਾਇਆ ਗਿਆ ਹੈ। ਪਿੰਡ ਮੱਲਵਾਲਾ ਥਾਣਾ ਰਾਮਾਂ ਮੰਡੀ ਵਾਸੀ ਜਰਨੈਲ ਕੌਰ ਪਤਨੀ ਕਰਤਾਰ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਸਦੇ ਬੇਟੇ ਦੀ ਮੌਤ ਹੋ ਚੁੱਕੀ ਹੈ ਜਦਕਿ ਉਸ ਨੇ ਆਪਣੇ ਸਾਲੇ ਦੀ ਲੜਕੀ ਗਗਨਦੀਪ (24) ਨੂੰ ਗੋਦ ਲਿਆ ਸੀ ਕਿਉਂਕਿ ਉਸ ਦੇ ਬੇਟੇ ਦੀ ਕੋਈ ਔਲਾਦ ਨਹੀਂ ਸੀ, ਇਸ ਲਈ ਵੰਸ਼ ਨੂੰ ਅੱਗੇ ਵਧਾਉਣ ਲਈ ਸਾਲੇ ਦੀ ਬੇਟੀ ਨੂੰ ਗੋਦ ਲੈ ਕੇ ਉਸ ਦੀ ਪਰਵਰਿਸ਼ ਕੀਤੀ। ਇਕ ਸਾਲ ਪਹਿਲਾਂ ਉਸ ਦੀ ਸ਼ਾਦੀ ਫਿਰੋਜ਼ਪੁਰ ਵਾਸੀ ਲਖਵਿੰਦਰ ਸਿੰਘ ਨਾਲ ਧੂਮਧਾਮ ਨਾਲ ਕੀਤੀ। ਸ਼ਾਦੀ ਤੋਂ ਬਾਅਦ ਵੀ ਉਸਦਾ ਆਪਣੇ ਪ੍ਰੇਮੀ ਮਨਦੀਪ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਮੱਲਵਾਲਾ ਜੋ ਖੇਤੀਬਾੜੀ ਕਰਦਾ ਹੈ, ਨਾਲ ਮਿਲਣਾ ਜਾਰੀ ਰਿਹਾ। ਸੋਮਵਾਰ ਨੂੰ ਗਗਨਦੀਪ ਕੌਰ ਆਪਣੇ ਪੇਕੇ ਆਈ ਅਤੇ ਚੋਰੀ ਨਾਲ ਘਰ ਵਿਚ ਪਏ 2 ਲੱਖ ਰੁਪਏ ਨਕਦ, ਸੋਨੇ ਦੇ ਗਹਿਣੇ, ਕੱਪੜੇ ਤੇ ਹੋਰ ਸਾਮਾਨ ਲੈ ਕੇ ਆਪਣੇ ਪ੍ਰੇਮੀ ਮਨਦੀਪ ਸਿੰਘ ਨਾਲ ਭੱਜ ਗਈ। ਜਰਨੈਲ ਕੌਰ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਅਤੇ ਦੱਸਿਆ ਕਿ ਉਹ ਕਿਸ ਤਰ੍ਹਾਂ ਉਨ੍ਹਾਂ ਨੂੰ ਚੂਨਾ ਲਾ ਕੇ ਪ੍ਰੇਮੀ ਨਾਲ ਭੱਜ ਗਈ। ਜਾਂਚ ਅਧਿਕਾਰੀ ਕੁਲਦੀਪ ਸਿੰਘ ਨੇ ਦੱਸਿਆ ਕਿ ਦਾਦੀ ਦੀ ਸ਼ਿਕਾਇਤ 'ਤੇ ਪੋਤੀ ਤੇ ਉਸਦੇ ਪ੍ਰੇਮੀ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦ ਹੀ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।


Related News