ਅਗਵਾ ਕੀਤੀ ਢਾਈ ਸਾਲਾ ਮਾਸੂਮ ਨੂੰ ਪੁਲਸ ਨੇ ਕੀਤਾ ਬਿਹਾਰ ਤੋਂ ਬਰਾਮਦ

Monday, Jun 12, 2017 - 01:12 AM (IST)

ਅਗਵਾ ਕੀਤੀ ਢਾਈ ਸਾਲਾ ਮਾਸੂਮ ਨੂੰ ਪੁਲਸ ਨੇ ਕੀਤਾ ਬਿਹਾਰ ਤੋਂ ਬਰਾਮਦ

ਲੁਧਿਆਣਾ  (ਕੁਲਵੰਤ, ਮੁਕੇਸ਼) - ਦੋ ਹਫਤੇ ਪਹਿਲਾਂ ਢੰਡਾਰੀ ਕਲਾਂ ਇਲਾਕੇ ਵਿਚ ਕਿਡਨੈਪ ਕੀਤੇ ਗਏ ਢਾਈ ਸਾਲ ਦੇ ਮਾਸੂਮ ਨੂੰ ਢੰਡਾਰੀ ਪੁਲਸ ਨੇ ਬਿਹਾਰ ਤੋਂ ਬਰਾਮਦ ਕਰ ਕੇ ਮਾਤਾ-ਪਿਤਾ ਦੇ ਹਵਾਲੇ ਕਰ ਦਿੱਤਾ।  ਜਿਉਂ ਹੀ ਪੁਲਸ ਨੇ ਮਾਸੂਮ ਰਾਜਬੀਰ ਨੂੰ ਮਾਂ ਦੀ ਗੋਦ ਵਿਚ ਦਿੱਤਾ ਤਾਂ ਉਹ ਲਾਡ ਪਿਆਰ ਪਾ ਕੇ ਖੁਸ਼ੀ ਨਾਲ ਚਹਿਕ ਉੱਠਿਆ। ਇਹੋ ਹਾਲ ਮਾਂ ਮੀਨਾ ਦੇਵੀ ਪਿਤਾ ਅਖਿਲੇਸ਼ ਕੁਮਾਰ ਦਾ ਸੀ, ਜਿਨ੍ਹਾਂ ਦੀਆਂ ਅੱਖਾਂ ਵਿਚੋਂ ਖੁਸ਼ੀ ਦੇ ਹੰਝੂ ਰੁਕਣ ਦਾ ਨਾਂ ਨਹੀਂ ਲੈ ਰਹੇ ਸਨ।
ਆਪਣੇ ਅੱਖਾਂ ਦੇ ਤਾਰੇ ਨੂੰ ਸਹੀ ਸਲਾਮਤ ਪਾ ਕੇ ਮਾਤਾ-ਪਿਤਾ ਕਦੇ ਪ੍ਰਮਾਤਮਾ ਦਾ ਤੇ ਕਦੇ ਪੁਲਸ ਵਾਲਿਆਂ ਦਾ ਵਾਰ-ਵਾਰ ਧੰਨਵਾਦ ਕਰ ਰਹੇ ਸੀ। ਮਾਸੂਮ ਨੂੰ ਮਾਂ-ਪਿਓ ਦੀ ਗੋਦ ਵਿਚ ਅੱਠਖੇਲੀਆਂ ਕਰਦੇ ਦੇਖ ਇਕ ਵਾਰ ਤਾਂ ਪੁਲਸ ਵਾਲਿਆਂ ਦੀਆਂ ਅੱਖਾਂ ਵੀ ਭਰ ਆਈਆਂ। ਐੱਸ. ਆਈ. ਰਿਚਾ ਰਾਣੀ ਨੇ ਦੱਸਿਆ ਕਿ ਮਾਸੂਮ ਰਾਜਬੀਰ ਨੂੰ ਕਿਡਨੈਪਰ ਢੰਡਾਰੀ ਕਲਾਂ ਦੇ ਵਿਰਕਮ ਸਿੰਘ ਦੇ ਵਿਹੜੇ ਵਿਚੋਂ 30 ਮਈ ਨੂੰ ਕਿਡਨੈਪ ਕਰ ਕੇ ਲੈ ਗਿਆ ਸੀ, ਉਸ ਵੱਲੋਂ ਮਾਸੂਮ ਨੂੰ ਛੱਡਣ ਦੇ ਬਦਲੇ 1.50 ਲੱਖ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਇਸ ਦੌਰਾਨ ਪੁਲਸ ਮਾਮਲੇ ਨੂੰ ਵੱਖ-ਵੱਖ ਥਿਊਰੀਆਂ ਦੇ ਆਧਾਰ 'ਤੇ ਮਾਸੂਮ ਨੂੰ ਲੱਭਣ ਵਿਚ ਜੁਟੀ ਹੋਈ ਸੀ। ਏ. ਐੱਸ. ਆਈ. ਸੋਹਨ ਲਾਲ ਨੇ ਕਿਹਾ ਕਿ ਕਿਡਨੈਪਰ ਵੱਲੋਂ ਮਾਸੂਮ ਦੇ ਮਾਤਾ-ਪਿਤਾ ਨੂੰ ਮੋਬਾਇਲ 'ਤੇ ਆਈ ਕਾਲ ਤੇ ਹੋਰ ਕਈ ਕਾਲਾਂ ਨੂੰ ਜਦੋਂ ਪੁਲਸ ਵੱਲੋਂ ਲੁਕੇਸ਼ਨ ਟ੍ਰੇਸ ਕਰਵਾਈ ਗਈ ਤਾਂ ਲੁਕੇਸ਼ਨ ਬਿਹਾਰ ਦੇ ਚਿਸ਼ਤੀ ਪਿੰਡ ਦੀ ਨਿਕਲੀ, ਜਿਸ 'ਤੇ ਤੁਰੰਤ ਹੀ ਇਕ ਪੁਲਸ ਟੀਮ ਬਿਹਾਰ ਲਈ ਰਵਾਨਾ ਹੋ ਗਈ। ਪੁਲਸ ਨੂੰ ਆਉਂਦਾ ਦੇਖ ਕੇ ਕਿਡਨੈਪਰ ਮਾਸੂਮ ਰਾਜਬੀਰ ਨੂੰ ਸੁੱਟ ਕੇ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ, ਜਿਸ ਦੀ ਪਛਾਣ ਪੁਲਸ ਰਾਏ ਪੁੱਤਰ ਬਾਬੂ ਲਾਲ ਬਿਹਾਰ ਵਜੋਂ ਹੋਈ ਹੈ।


Related News