ਚੋਣਾਂ ਦੇ ਮੱਦੇਨਜ਼ਰ ਪੁਲਸ ਨੇ ਸਖ਼ਤੀ ਤੇ ਚੌਕਸੀ ਵਧਾਈ, ਸ਼ਹਿਰ ਦੇ ਬਜ਼ਾਰਾਂ ’ਚ ਕੀਤਾ ਫਲੈਗ ਮਾਰਚ
Sunday, Jan 23, 2022 - 11:10 AM (IST)
ਮਾਲੇਰਕੋਟਲਾ (ਸ਼ਹਾਬੂਦੀਨ/ਭੁਪੇਸ਼) : ਜ਼ਿਲ੍ਹਾ ਮਾਲੇਰਕੋਟਲਾ ਅੰਦਰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਜਿੱਥੇ ਸਿਵਲ ਪ੍ਰਸ਼ਾਸਨ ਨੇ ਦੋਵੇਂ ਹਲਕਿਆਂ ਅੰਦਰ ਸ਼ਾਂਤੀਪੂਰਵਕ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ ਪੂਰੀ ਕਮਰ ਕੱਸ ਲਈ ਹੈ, ਉੱਥੇ ਹੀ ਜ਼ਿਲ੍ਹਾ ਪੁਲਸ ਪ੍ਰਸ਼ਾਸਨ ਨੇ ਵੀ ਲੋਕਾਂ ਦੇ ਹੌਂਸਲੇ ਬੁਲੰਦ ਕਰਨ ਲਈ ਦਿਨ-ਰਾਤ ਗਸ਼ਤ ਤੇ ਫਲੈਗ ਮਾਰਚ ਕਰਨੇ ਸ਼ੁਰੂ ਕਰਦੇ ਹੋਏ ਮਾਲੇਰਕੋਟਲਾ ਦੇ ਐੱਸ.ਪੀ. ਚੌਧਰੀ ਰਮਨੀਸ਼ ਕੁਮਾਰ ਅਤੇ ਡੀ. ਐੱਸ.ਪੀ. ਪਵਨਜੀਤ ਚੌਧਰੀ ਦੀ ਅਗਵਾਈ ਹੇਠ ਮਾਲੇਰਕੋਟਲਾ, ਅਮਰਗੜ੍ਹ, ਅਹਿਮਦਗੜ੍ਹ ਤੇ ਸੰਦੌੜ ਥਾਣਿਆਂ ਦੀ ਪੁਲਸ ਫੋਰਸ ਨੇ ਮਾਲੇਰਕੋਟਲਾ ਦੇ ਸਮੁੱਚੇ ਬਜ਼ਾਰਾਂ ਅੰਦਰ ਪੈਦਲ ਚੱਲ ਕੇ ਫਲੈਗ ਮਾਰਚ ਕੀਤਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ. ਐੱਸ. ਪੀ. ਮਾਲੇਰਕੋਟਲਾ ਪਵਨਜੀਤ ਚੌਧਰੀ ਨੇ ਦੱਸਿਆ ਕਿ ਜ਼ਿਲ੍ਹਾ ਮਾਲੇਰਕੋਟਲਾ ਦੇ ਐੱਸ.ਐੱਸ. ਪੀ. ਮੈਡਮ ਡਾ. ਰਵਜੋਤ ਗਰੇਵਾਲ ਦੇ ਦਿਸ਼ਾ-ਨਿਰਦੇਸ਼ ਮੁਤਾਬਕ ਮਾਲੇਰਕੋਟਲਾ ਦੇ ਸ਼ਹਿਰੀ ਖੇਤਰ ਸਮੇਤ ਪਿੰਡਾਂ ਚ ਇਹ ਫਲੈਗ ਮਾਰਚ ਕੀਤਾ ਜਾਵੇਗਾ ਤਾਂ ਜੋ ਲੋਕਾਂ ਦੇ ਦਿਲਾਂ ’ਚੋਂ ਕਿਸੇ ਵੀ ਤਰ੍ਹਾਂ ਦੇ ਡਰ ਦੀ ਭਾਵਨਾ ਨੂੰ ਦੂਰ ਕੀਤਾ ਜਾ ਸਕੇ ਅਤੇ ਹਲਕੇ ਅੰਦਰ ਅਮਨ-ਸ਼ਾਂਤੀ ਦੇ ਮਾਹੌਲ ਨੂੰ ਪੂਰੀ ਤਰ੍ਹਾਂ ਬਰਕਰਾਰ ਰੱਖਿਆ ਜਾ ਸਕੇ। ਡੀ. ਐੱਸ. ਪੀ. ਪਵਨਜੀਤ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਲਾਕੇ ’ਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਤੇ ਚੋਣ ਪ੍ਰਕਿਰਿਆ ਦੇ ਸਮੁੱਚੇ ਕਾਰਜ ਨੂੰ ਸ਼ਾਂਤੀਪੂਰਵਕ ਨੇਪਰੇ ਚਾੜ੍ਹਣ ਲਈ ਪੁਲਸ ਪੂਰੀ ਮੁਸਤੈਦੀ ਤੇ ਚੌਕਸੀ ਨਾਲ ਆਪਣੀ ਡਿਊਟੀ ਨਿਭਾਏਗੀ ਅਤੇ ਕਿਸੇ ਵੀ ਗਲਤ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ।