ਡੇਰਾਬੱਸੀ 'ਚ ਨਾਕੇ 'ਤੇ ਬਹਿਸ, ਪੁਲਸ ਮੁਲਾਜ਼ਮ ਨੇ ਨੌਜਵਾਨ ਦੇ ਪੈਰ 'ਚ ਮਾਰੀ ਗੋਲੀ
Monday, Jun 27, 2022 - 11:05 AM (IST)
ਡੇਰਾਬੱਸੀ (ਜ. ਬ.) : ਡੇਰਾਬੱਸੀ 'ਚ ਅਪਰਾਧੀਆਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਹੁਣ ਪੁਲਸ ਪਾਰਟੀ ’ਤੇ ਹਮਲੇ ਕਰਨ ਲੱਗੇ ਹਨ। ਐਤਵਾਰ ਦੇਰ ਸ਼ਾਮ ਇਕ ਨੌਜਵਾਨ ਨੇ ਆਪਣੇ ਸਾਥੀਆਂ ਸਮੇਤ ਗਸ਼ਤ ਕਰ ਰਹੀ ਪੁਲਸ ਪਾਰਟੀ ’ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਪੁਲਸ ਨੂੰ ਆਪਣੇ ਬਚਾਅ 'ਚ ਗੋਲੀ ਚਲਾਉਣੀ ਪਈ। ਪੁਲਸ ਦੀ ਗੋਲੀਬਾਰੀ ਵਿਚ ਇਕ ਵਿਅਕਤੀ ਜ਼ਖਮੀ ਹੋ ਗਿਆ। ਜ਼ਖਮੀ ਨੌਜਵਾਨ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਚੰਡੀਗੜ੍ਹ ਦੇ ਸੈਕਟਰ-32 ਹਸਪਤਾਲ ਲਈ ਰੈਫ਼ਰ ਕਰ ਦਿੱਤਾ ਗਿਆ। ਮੁਬਾਰਕਪੁਰ ਚੌਂਕੀ ਦੇ ਇੰਚਾਰਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਬੀਤੀ ਸ਼ਾਮ ਪੁਲਸ ਪਾਰਟੀ ਨਾਲ ਹੈਬਤਪੁਰ ਸੜਕ ’ਤੇ ਗਸ਼ਤ ਕਰ ਰਹੇ ਸਨ।
ਇਹ ਵੀ ਪੜ੍ਹੋ : ਪੰਜਾਬ ਦੀ 'ਮਾਨ ਸਰਕਾਰ' ਅੱਜ ਪੇਸ਼ ਕਰੇਗੀ ਪਹਿਲਾ 'ਬਜਟ', ਲੋਕਾਂ ਦੀਆਂ ਟਿਕੀਆਂ ਨਜ਼ਰਾਂ
ਇਸ ਦੌਰਾਨ ਮੋਟਰਸਾਈਕਲ ’ਤੇ ਬੈਗ ਲੈ ਕੇ ਜਾ ਰਹੇ ਨੌਜਵਾਨ ਅਤੇ ਕੁੜੀ ਤੋਂ ਪੁੱਛਗਿਛ ਕੀਤੀ ਗਈ, ਜਿਸ ਤੋਂ ਬਾਅਦ ਨੌਜਵਾਨ ਦੇ ਬੈਗ ਦੀ ਤਲਾਸ਼ੀ ਲੈਣ ਦੀ ਗੱਲ ਚੱਲੀ ਤਾਂ ਕੋਲ ਖੜ੍ਹੀ ਕੁੜੀ ਨੇ ਪੁਲਸ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ। ਇਸ ਦੌਰਾਨ ਹੰਗਾਮਾ ਹੋ ਗਿਆ ਅਤੇ ਨੌਜਵਾਨ ਨੇ ਆਪਣੇ ਸਾਥੀਆਂ ਨੂੰ ਮੌਕੇ ’ਤੇ ਬੁਲਾਇਆ, ਜਿਨ੍ਹਾਂ ਨੇ ਪੁਲਸ ਪਾਰਟੀ ’ਤੇ ਹਮਲਾ ਕਰ ਦਿੱਤਾ ਅਤੇ ਪੁਲਸ ਦੀ ਗੱਡੀ ਦੀ ਭੰਨਤੋੜ ਕੀਤੀ।
ਇਹ ਵੀ ਪੜ੍ਹੋ : ਸੰਗਰੂਰ ਜ਼ਿਮਨੀ ਚੋਣ : ਦਲਬੀਰ ਗੋਲਡੀ ਤੇ ਬੀਬੀ ਕਮਲਦੀਪ ਕੌਰ ਸਣੇ 14 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ
ਜਾਨ ਬਚਾਉਣ ਲਈ ਚਲਾਈ ਗੋਲੀ
ਜਦੋਂ ਪੁਲਸ ਪਾਰਟੀ ਜਾਨ ਬਚਾਉਣ ਪੁਲਸ ਜਵਾਨ ਨੇ ਹਮਲਾਵਰ ਨੌਜਵਾਨਾਂ ਨੂੰ ਡਰਾਉਣ ਲਈ ਹਵਾ 'ਚ ਗੋਲੀ ਚਲਾਈ ਪਰ ਜਦੋਂ ਹਮਲਾਵਰ ਪਿੱਛੇ ਨਾ ਹਟੇ ਤਾਂ ਪੁਲਸ ਨੇ ਇਕ ਵਿਅਕਤੀ ਦੇ ਪੈਰ 'ਚ ਗੋਲੀ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਇਸ ਘਟਨਾ 'ਚ ਇਕ ਪੁਲਸ ਮੁਲਾਜ਼ਮ ਵੀ ਜ਼ਖਮੀ ਹੋ ਗਿਆ।
ਦੋਸ਼ : ਪੁਲਸ ਅਧਿਕਾਰੀ ਨਸ਼ੇ ’ਚ ਸੀ
ਦੂਜੇ ਪਾਸੇ ਹਸਪਤਾਲ 'ਚ ਦਾਖ਼ਲ ਜ਼ਖਮੀ ਹਿਤੇਸ਼ ਨੇ ਦੱਸਿਆ ਕਿ ਉਸ ਦਾ ਜੀਜਾ ਅਤੇ ਭੈਣ ਹੈਬਤਪੁਰ ਸੜਕ ’ਤੇ ਖੜ੍ਹੇ ਸਨ ਕਿ ਇਕ ਪੁਲਸ ਪਾਰਟੀ ਆਈ ਅਤੇ ਬੈਗ ਦੀ ਤਲਾਸ਼ੀ ਲੈਣ ਲਈ ਗਾਲੀ-ਗਲੋਚ ਕੀਤੀ। ਇਸ ਤੋਂ ਬਾਅਦ ਉਸ ਦੀ ਭੈਣ ਨੇ ਉਸ ਨੂੰ ਉਸ ਥਾਂ ’ਤੇ ਬੁਲਾਇਆ, ਜਿੱਥੇ ਪੁਲਸ ਨੇ ਉਸ ’ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਉਹ ਅਤੇ ਉਸ ਦੀ ਭੈਣ ਜ਼ਖਮੀ ਹੋ ਗਏ। ਉਸ ਨੇ ਦੋਸ਼ ਲਾਇਆ ਕਿ ਗੋਲੀ ਚਲਾਉਣ ਵਾਲਾ ਪੁਲਸ ਮੁਲਾਜ਼ਮ ਨਸ਼ੇ 'ਚ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ