ਪੁਲਸ ਮੁਲਾਜ਼ਮ ਨੇ ਸਾਲੇ ''ਤੇ ਚਲਾਈ ਗੋਲੀ, ਬਚ ਗਿਆ ਤਾਂ ਤੋੜੀਆਂ ਲੱਤਾਂ
Friday, Nov 19, 2021 - 11:04 AM (IST)
ਮੋਗਾ (ਆਜ਼ਾਦ) : ਥਾਣਾ ਚੜਿੱਕ ਅਧੀਨ ਪੈਂਦੇ ਪਿੰਡ ਚੁੱਪਕੀਤੀ ਕੋਲ ਘਰੇਲੂ ਝਗੜੇ ਕਾਰਨ ਮੋਗਾ ਪੁਲਸ ਵਿਚ ਤਾਇਨਾਤ ਬਲਰਾਮ ਸਿੰਘ ਨੇ ਆਪਣੇ ਸਾਲੇ ਮਨਦੀਪ ਸਿੰਘ ਵਾਸੀ ਪਿੰਡ ਚੁੱਪਕੀਤੀ ਨੂੰ ਘੇਰ ਲਿਆ। ਮਨਦੀਪ ਸਿੰਘ ਨੂੰ ਜਾਨ ਤੋਂ ਮਾਰ ਦੇਣ ਦੀ ਨੀਅਤ ਨਾਲ ਬਲਰਾਮ ਸਿੰਘ ਨੇ ਗੋਲੀਆਂ ਚਲਾ ਦਿੱਤੀ ਅਤੇ ਫਿਰ ਉਸ ਦੀਆਂ ਦੋਵੇਂ ਲੱਤਾਂ ਤੋੜ ਦਿੱਤੀਆਂ, ਜਿਸ ਨੂੰ ਸਿਵਲ ਹਸਪਤਾਲ ਮੋਗਾ ਦਾਖ਼ਲ ਕਰਵਾਇਆ ਗਿਆ। ਇਸ ਸਬੰਧ ਵਿਚ ਮਨਦੀਪ ਸਿੰਘ ਦੀ ਸ਼ਿਕਾਇਤ ’ਤੇ ਉਸ ਦੇ ਜੀਜੇ ਬਲਰਾਮ ਸਿੰਘ ਅਤੇ ਉਸਦੇ ਸਾਥੀਆਂ ਸੁੰਦਰ ਸਿੰਘ ਨਿਵਾਸੀ ਦਾਤੇਵਾਲ, ਤਰਸੇਮ ਸਿੰਘ ਨਿਵਾਸੀ ਪਿੰਡ ਰੰਡਿਆਲਾ ਦੇ ਇਲਾਵਾ ਕੁੱਝ ਹੋਰ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਖ਼ਿਲਾਫ਼ ਜਾਨਲੇਵਾ ਹਮਲਾ ਕਰਨ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਥਾਣਾ ਸਿਟੀ ਸਾਊਥ ਵਿਚ ਦਰਜ ਕਰ ਲਿਆ ਗਿਆ ਹੈ।
ਥਾਣਾ ਚੜਿੱਕ ਦੇ ਇੰਚਾਰਜ ਥਾਣੇਦਾਰ ਕੁਲਵੰਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਮਨਦੀਪ ਸਿੰਘ ਨਿਵਾਸੀ ਪਿੰਡ ਚੁੱਪਕੀਤੀ ਨੇ ਕਿਹਾ ਕਿ ਉਸ ਦੀ ਭੈਣ ਦਾ ਵਿਆਹ ਕਰੀਬ 9 ਸਾਲ ਪਹਿਲਾਂ ਧਾਰਮਿਕ ਰੀਤੀ-ਰਿਵਾਜ਼ਾਂ ਅਨੁਸਾਰ ਬਲਰਾਮ ਸਿੰਘ ਨਿਵਾਸੀ ਪਿੰਡ ਦਾਤੇਵਾਲ ਨਾਲ ਹੋਇਆ ਸੀ, ਜਿਨ੍ਹਾਂ ਦੇ ਤਿੰਨ ਬੱਚੇ ਹਨ। ਉਸਨੇ ਦੋਸ਼ ਲਗਾਇਆ ਕਿ ਦੋਸ਼ੀ ਬਲਰਾਮ ਸਿੰਘ ਜੋ ਮੋਗਾ ਪੁਲਸ ਵਿਚ ਤਾਇਨਾਤ ਹੈ, ਅਕਸਰ ਹੀ ਮੇਰੀ ਭੈਣ ਦੀ ਕੁੱਟ-ਮਾਰ ਕਰਦਾ ਰਹਿੰਦਾ ਹੈ, ਅਸੀਂ ਕਈ ਵਾਰ ਪੰਚਾਇਤੀ ਤੌਰ ’ਤੇ ਵੀ ਉਨ੍ਹਾਂ ਨੂੰ ਸਮਝਾਉਣ ਦਾ ਯਤਨ ਕੀਤਾ। ਬੀਤੇ ਇਕ ਮਹੀਨੇ ਪਹਿਲਾਂ ਵੀ ਉਸਨੇ ਮੇਰੀ ਭੈਣ ਨੂੰ ਕੁੱਟ-ਮਾਰ ਕਰ ਕੇ ਜ਼ਖਮੀ ਕਰ ਦਿੱਤਾ, ਜਿਸ ਨੂੰ ਸਿਵਲ ਹਸਪਤਾਲ ਮੋਗਾ ਦਾਖ਼ਲ ਕਰਵਾਇਆ ਗਿਆ ਸੀ।
ਮੇਰੀ ਭੈਣ ਹੁਣ ਸਾਡੇ ਕੋਲ ਹੀ ਰਹਿ ਰਹੀ ਹੈ ਅਤੇ ਮੇਰਾ ਜੀਜਾ ਬਲਰਾਮ ਸਿੰਘ ਸਾਨੂੰ ਧਮਕੀਆਂ ਦਿੰਦਾ ਸੀ ਕਿ ਉਹ ਉਸ ਨੂੰ ਛੱਡੇਗਾ ਨਹੀਂ। ਬੀਤੇ ਦਿਨ ਜਦ ਮੈਂ ਆਪਣੇ ਮੋਟਰਸਾਈਕਲ ’ਤੇ ਜਾ ਰਿਹਾ ਸੀ ਤਾਂ ਰਸਤੇ ਵਿਚ ਦੋਸ਼ੀਆਂ ਨੇ ਜੋ ਗੱਡੀ ਵਿਚ ਸਵਾਰ ਸਨ, ਉਸ ਨੂੰ ਪਿੰਡ ਚੁੱਪਕੀਤੀ ਕੋਲ ਘੇਰ ਲਿਆ ਅਤੇ ਮੇਰੀਆਂ ਦੋਵੇਂ ਲੱਤਾਂ ਨੂੰ ਤੋੜ ਦਿੱਤਾ ਅਤੇ ਮੇਰਾ ਪਰਸ ਜਿਸ ਵਿਚ 2 ਹਜ਼ਾਰ ਰੁਪਏ ਸਨ, ਦੇ ਇਲਾਵਾ ਮੋਬਾਇਲ ਫੋਨ, ਸੋਨੇ ਦੀ ਚੈਨ ਖੋਹਣ ਦੇ ਬਾਅਦ ਧਮਕੀਆਂ ਦਿੰਦੇ ਹੋਏ ਉਥੋਂ ਭੱਜ ਗਏ। ਥਾਣਾ ਮੁਖੀ ਨੇ ਕਿਹਾ ਕਿ ਉਹ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਅਤੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਜਲਦੀ ਹੀ ਕਾਬੂ ਆ ਜਾਣ ਦੀ ਸੰਭਾਵਨਾ ਹੈ।