ਜੰਮੂ ਤੋਂ ਦਿੱਲੀ ਜਾ ਰਹੀਆਂ ਦੋ ਖਾਲੀ ਬੱਸਾਂ ਦੇ ਡਰਾਈਵਰ ਗ੍ਰਿਫਤਾਰ

Friday, Mar 08, 2019 - 12:25 PM (IST)

ਜੰਮੂ ਤੋਂ ਦਿੱਲੀ ਜਾ ਰਹੀਆਂ ਦੋ ਖਾਲੀ ਬੱਸਾਂ ਦੇ ਡਰਾਈਵਰ ਗ੍ਰਿਫਤਾਰ

ਜਲੰਧਰ/ਗੁਰਾਇਆ (ਸੋਨੂੰ, ਸ਼ੋਰੀ, ਹੇਮੰਤ)—ਸਰਕਾਰੀ ਬੱਸਾਂ ਵਿਚ ਨਸ਼ਾ ਸਮੱਗਲਿੰਗ ਕਰਨ ਦਾ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਪੈਸੇ ਕਮਾਉਣ ਦੇ ਚੱਕਰ ਵਿਚ ਕੁਝ ਸਰਕਾਰੀ ਬੱਸਾਂ ਦੇ ਡਰਾਈਵਰ ਨਸ਼ਾ ਸਮੱਗਲਿੰਗ ਦਾ ਵੀ ਧੰਦਾ ਕਰਨ ਲੱਗੇ ਹਨ। ਅਜਿਹੇ ਹੀ ਮਾਮਲੇ ਦਾ ਪਰਦਾਫਾਸ਼ ਕਰਦਿਆਂ ਦਿਹਾਤ ਪੁਲਸ ਨੇ ਜੰਮੂ-ਕਸ਼ਮੀਰ ਦੀ ਬੱਸ ਵਿਚੋਂ ਚੂਰਾ-ਪੋਸਤ ਬਰਾਮਦ ਕਰ ਕੇ ਡਰਾਈਵਰ ਅਤੇ ਸਹਾਇਕ ਡਰਾਈਵਰ ਖਿਲਾਫ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ। ਜਲੰਧਰ ਦਿਹਾਤ ਦੇ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਥਾਣਾ ਗੁਰਾਇਆ ਦੇ ਇੰਸ. ਲਖਵੀਰ ਸਿੰਘ ਲੱਖੀ ਨੂੰ ਸੂਚਨਾ ਮਿਲੀ ਕਿ ਜੰਮੂ-ਕਸ਼ਮੀਰ ਤੋਂ ਖਾਲੀ ਆ ਰਹੀ ਇਕ ਬੱਸ ਵਿਚ ਚੂਰਾ-ਪੋਸਤ ਹੈ। ਸੂਚਨਾ ਦੇ ਆਧਾਰ 'ਤੇ ਉਨ੍ਹਾਂ ਸਬ-ਇੰਸਪੈਕਟਰ ਜਗਦੀਸ਼ ਰਾਜ ਅਤੇ ਪੁਲਸ ਪਾਰਟੀ ਸਣੇ ਜੀ. ਟੀ. ਰੋਡ ਗੁਰਾਇਆ 'ਤੇ ਨਾਕਾਬੰਦੀ ਦੌਰਾਨ ਜੰਮੂ-ਕਸ਼ਮੀਰ ਸਟੇਟ ਟਰਾਂਸਪੋਰਟ ਦੀ ਬੱਸ ਰੋਕ ਕੇ ਤਲਾਸ਼ੀ ਲਈ ਤਾਂ ਬੱਸ ਵਿਚੋਂ 90 ਕਿਲੋਗ੍ਰਾਮ ਚੂਰਾ-ਪੋਸਤ ਬਰਾਮਦ ਹੋਇਆ। ਪੁਲਸ ਨੇ ਬੱਸ ਡਰਾਈਵਰ ਤਾਰਿਕ ਅਹਿਮਦ ਪੁੱਤਰ ਅਬਦੁੱਲ ਰਹਿਮਾਨ ਵਾਸੀ ਨਿਸ਼ਾਨ ਗੁਪਤ, ਸ਼੍ਰੀਨਗਰ ਅਤੇ ਉਸਦੇ ਸਹਾਇਕ ਡਰਾਈਵਰ ਗੁਲਾਮ ਮੋਹਿਦੀਨ ਪੁੱਤਰ ਮੁਹੰਮਦ ਸੁਭਾਨ ਵਾਸੀ ਬ੍ਰੈਨ ਥਾਣਾ ਨਿਸ਼ਾਤ ਸ਼੍ਰੀਨਗਰ ਨੂੰ ਗ੍ਰਿਫਤਾਰ ਕੀਤਾ। ਬੱਸ ਵਿਚੋਂ 2 ਬੋਰੀਆਂ ਵਿਚੋਂ 45-45 ਕਿਲੋ ਚੂਰਾ-ਪੋਸਤ ਪੁਲਸ ਨੇ ਬਰਾਮਦ ਕੀਤਾ। ਐੱਸ. ਐੱਸ. ਪੀ. ਮਾਹਲ ਨੇ ਦੱਸਿਆ ਕਿ ਸਰਕਾਰੀ ਬੱਸ ਵਿਚ ਦੋਵੇਂ ਨਸ਼ਾ ਸਮੱਗਲਿੰਗ ਦਾ ਕੰਮ ਕਾਫੀ ਦੇਰ ਤੋਂ ਕਰ ਰਹੇ ਸਨ ਅਤੇ ਉਨ੍ਹਾਂ ਨੇ ਸਾਮਾਨ ਕਿੱਥੇ ਪਹੁੰਚਾਉਣਾ ਸੀ, ਪੁਲਸ ਜਾਂਚ ਕਰ ਰਹੀ ਹੈ।

PunjabKesari

ਇਕ ਹੋਰ ਬੱਸ 'ਚੋਂ 7 ਲੱਖ 53 ਹਜ਼ਾਰ ਰੁਪਏ ਬਰਾਮਦ
ਉਥੇ ਦੂਜੇ ਮਾਮਲੇ ਵਿਚ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਇੰਸ. ਲਖਬੀਰ ਸਿੰਘ ਲੱਖੀ ਨੇ ਨਾਕਾਬੰਦੀ ਦੌਰਾਨ ਜੰਮੂ-ਕਸ਼ਮੀਰ ਦੀ ਇਕ ਹੋਰ ਬੱਸ ਦੀ ਲਈ ਤਲਾਸ਼ੀ ਦੌਰਾਨ ਮੁਹੰਮਦ ਮਕਬੂਲ ਪੁੱਤਰ ਅਬਦੁੱਲ ਅਜੀਜ਼ ਵਾਸੀ ਚਿਨਾਰਬਾਗ ਥਾਣਾ ਪੁਲਵਾਮਾ ਅਤੇ ਤਲਵੀਰ ਯੁਸੂਫ ਪੁੱਤਰ ਮੁਹੰਮਦ ਯੁਸੂਫ ਵਾਸੀ ਅਲੋਚੀਬਾਗ ਥਾਣਾ ਸ਼ੇਰਗੜ੍ਹੀ ਸ਼੍ਰੀਨਗਰ ਕੋਲੋਂ ਬੰਦ ਬੋਰੀ ਵਿਚ ਭਾਰਤੀ ਕਰੰਸੀ 7 ਲੱਖ 53 ਹਜ਼ਾਰ 800 ਰੁਪਏ ਬਰਾਮਦ ਕਰ ਕੇ ਇਨਕਮ ਟੈਕਸ ਦੇ ਹਵਾਲੇ ਕੀਤੇ ਤਾਂ ਜੋ ਇਨਕਮ ਟੈਕਸ ਵਿਭਾਗ ਮਾਮਲੇ ਦੀ ਜਾਂਚ ਕਰ ਸਕੇ। ਭਾਵੇਂ ਮੁਹੰਮਦ ਮਕਬੂਲ ਨੇ ਪੁੱਛਗਿੱਛ ਵਿਚ ਕਿਹਾ ਹੈ ਕਿ ਉਹ ਤਲਵੀਰ ਯੁਸੂਫ ਨਾਲ ਡਰਾਈਵਰੀ ਦਾ ਕੰਮ ਕਰਦਾ ਹੈ। ਸ਼੍ਰੀਨਗਰ ਤੋਂ ਖਾਲੀ ਬੱਸ ਲਿਆ ਕੇ ਦਿੱਲੀ ਤੋਂ ਸਵਾਰੀਆਂ ਭਰ ਕੇ ਵਾਪਸ ਸ਼੍ਰੀਨਗਰ ਜਾਂਦਾ ਹੈ। 1500 ਰੁਪਏ ਪ੍ਰਤੀ ਨਗ ਦੇ ਹਿਸਾਬ ਨਾਲ ਪੈਸੇ ਲੈਂਦੇ ਹਨ।

PunjabKesari


author

Shyna

Content Editor

Related News