ਨਸ਼ੇ ਦੇ ਧੰਦੇ ’ਚ ਪੁਲਸ ਦੀ ਮਿਲੀਭੁਗਤ ਮੁੱਖ ਮੰਤਰੀ ਦੀ ਨਾਲਾਇਕੀ, ਦੇਣ ਅਸਤੀਫ਼ਾ : ਗਿਆਸਪੁਰਾ
Friday, Mar 26, 2021 - 01:49 AM (IST)
ਚੰਡੀਗੜ੍ਹ/ਮੋਹਾਲੀ, (ਰਮਨਜੀਤ, ਮਰਵਾਹਾ)- ਆਮ ਆਦਮੀ ਪਾਰਟੀ (ਆਪ) ਨੇ ਗੁਰਦੀਪ ਸਿੰਘ ਰਾਣੋ ਦੇ ਨਸ਼ੇ ਦੇ ਧੰਦੇ ਵਿਚ ਸ਼ਾਮਲ ਪੁਲਸ ਅਫ਼ਸਰਾਂ ਨੂੰ ਮੁਅੱਤਲ ਕਰਨ ’ਤੇ ਪ੍ਰਤੀਕਿਰਿਆ ਦਿੰਦਿਆਂ ਕੈਪਟਨ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਉਹ ਆਪਣੇ ਕਾਂਗਰਸੀ ਆਗੂਆਂ ਵਿਰੁੱਧ ਕਾਰਵਾਈ ਕਰਨ ਤੋਂ ਕਿਉਂ ਚੁੱਪ ਹਨ? ਪ੍ਰੈੱਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਬੀਤੇ ਦਿਨੀਂ ਸਾਡੇ ਵਲੋਂ ਸਰਪੰਚ ਗੁਰਦੀਪ ਸਿੰਘ ਰਾਣੋ ਕੇਸ ਸਬੰਧੀ ਅਹਿਮ ਖੁਲਾਸਾ ਕੀਤਾ ਗਿਆ ਸੀ ਕਿ ਇਸ ਮਾਮਲੇ ਵਿਚ ਪੁਲਸ ਦੇ ਕਈ ਅਫ਼ਸਰ ਸ਼ਾਮਲ ਹਨ। ਜਿਸ ’ਤੇ ਹੁਣ ਸਰਕਾਰ ਨੇ ਪੁਲਸ ਅਫ਼ਸਰਾਂ ਨੂੰ ਮੁਅੱਤਲ ਕਰਕੇ ਸਾਡੇ ਵਲੋਂ ਪੇਸ਼ ਕੀਤੇ ਤੱਥਾਂ ’ਤੇ ਮੋਹਰ ਲਗਾ ਦਿੱਤੀ ਹੈ।
ਉਨ੍ਹਾਂ ਕਿ ਕਿਹਾ ਕਿ ਇਸ ਮਾਮਲੇ ਵਿਚ ਅਕਾਲੀ ਦਲ ਨੇ ਗੁਰਦੀਪ ਸਿੰਘ ਰਾਣੋ ਵਾਲਾ ਬੂਟਾ ਲਗਾਇਆ, ਜਿਸ ਨੂੰ ਕਾਂਗਰਸੀਆਂ ਨੇ ਸਿੰਜਿਆ, ਜਿਸ ਕਰਕੇ ਇਹ ਆਪਣੇ ਨਸ਼ੇ ਦੇ ਧੰਦੇ ਵਿਚ ਵਧਿਆ ਅਤੇ ਫੁੱਲਿਆ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਹੁਣ 5 ਅਫ਼ਸਰਾਂ ਨੂੰ ਮੁਅੱਤਲ ਕੀਤਾ ਹੈ, ਜਿਨ੍ਹਾਂ ਵਿਚ ਪਰਮਰਾਜ ਸਿੰਘ ਉਮਰਾਨੰਗਲ ਆਈ.ਪੀ.ਐੱਸ. ਅਫ਼ਸਰ, ਬਰਿੰਦਰਜੀਤ ਥਿੰਦ ਸਹਾਇਕ ਕਮਾਂਡੈਂਟ, ਸੇਵਾ ਸਿੰਘ ਮੱਲ੍ਹੀ ਜੋ ਐੱਸ.ਪੀ. ਫਰੀਦਕੋਟ, ਪਰਮਿੰਦਰ ਸਿੰਘ ਡੀ.ਐੱਸ.ਪੀ., ਕਰਨ ਸ਼ੇਰ ਸਿੰਘ ਡੀ.ਐੱਸ.ਪੀ. ਫ਼ਤਹਿਗੜ੍ਹ ਸਾਹਿਬ ਨੂੰ ਮੁਅੱਤਲ ਕੀਤਾ ਜਾਣਾ ਸਿਰਫ਼ ਪੱਲਾ ਝਾੜਨਾ ਹੈ।
ਉਨ੍ਹਾਂ ਮੰਗ ਕੀਤੀ ਕਿ ਇਸ ਕਾਲੇ ਧੰਦੇ ਵਿਚ ਸ਼ਾਮਲ ਪੁਲਸ ਅਫ਼ਸਰਾਂ ਨੂੰ ਤੁਰੰਤ ਨੌਕਰੀ ਤੋਂ ਬਰਖਾਸਤ ਕਰਕੇ ਜੇਲ ਭੇਜਿਆ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਨੇ ਪੁਲਸ ਅਫ਼ਸਰਾਂ ਨੂੰ ਤਾਂ ਮੁਅੱਤਲ ਕਰ ਦਿੱਤਾ ਪਰ ਆਪਣੇ ਨਜ਼ਦੀਕੀ ਕਾਂਗਰਸੀ ਆਗੂਆਂ ਖਿਲਾਫ਼ ਕੋਈ ਕਾਰਵਾਈ ਕਰਨ ਨੂੰ ਤਿਆਰ ਨਹੀਂ ਹੈ। ਇਹ ਮਾਮਲਾ ਜਦੋਂ ਸਾਹਮਣੇ ਆਇਆ ਸੀ ਤਾਂ ਉਸ ਸਮੇਂ ਮੁੱਖ ਮੰਤਰੀ ਦੇ ਸਲਾਹਕਾਰ ਅੰਕਿਤ ਬਾਂਸਲ ਦਾ ਨਾਮ ਵੀ ਸਾਹਮਣੇ ਆਇਆ ਸੀ ਪਰ ਮੁੱਖ ਮੰਤਰੀ ਉਨ੍ਹਾਂ ਵਿਰੁੱਧ ਕੋਈ ਵੀ ਕਾਰਵਾਈ ਕਰਨ ਦੀ ਬਜਾਏ ਚੁੱਪ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਵਿਚੋਂ 4 ਦਿਨਾਂ ਵਿਚ ਨਸ਼ਾ ਖਤਮ ਕਰਨ ਦੀ ਸ੍ਰੀ ਗੁਟਕਾ ਸਾਹਿਬ ਹੱਥ ਵਿਚ ਫੜ੍ਹ ਕੇ ਸਹੁੰ ਚੁੱਕੀ ਸੀ ਪਰ ਮੁੱਖ ਮੰਤਰੀ ਦੀ ਕੁਰਸੀ ’ਤੇ ਬੈਠਦੇ ਹੀ ਮੁੱਕਰ ਗਏ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨਸ਼ਾ ਖਤਮ ਕਰਨ ਵਿਚ ਫੇਲ੍ਹ ਸਿੱਧ ਹੋਏ ਹਨ, ਇਸ ਲਈ ਆਪਣੀ ਨਿੱਜੀ ਜ਼ਿੰਮੇਵਾਰੀ ਸਮਝਦੇ ਹੋਏ ਤੁਰੰਤ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ।