ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਫ਼ਿਰੋਜ਼ਪੁਰ ’ਚ ਪਾਕਿਸਤਾਨੀ ਡਰੋਨ ਵੱਲੋਂ ਸੁੱਟੀ 7 ਕਿਲੋ ਹੈਰੋਇਨ ਬਰਾਮਦ
Thursday, Mar 16, 2023 - 09:37 PM (IST)
ਫ਼ਿਰੋਜ਼ਪੁਰ (ਪਰਮਜੀਤ, ਖੁੱਲਰ)-ਬੀ. ਐੱਸ. ਐੱਫ. ਦੀ 182 ਬਟਾਲੀਅਨ ਅਧੀਨ ਸਰਹੱਦੀ ਸੀਮਾ ਚੌਕੀ ਗੁੱਟੀ ਮਸਤਾ ਨੰਬਰ-2 ਦੇ ਏਰੀਏ ਅਤੇ ਪੁਲਸ ਥਾਣਾ ਮਮਦੋਟ ਅਧੀਨ ਆਉਂਦੇ ਪਿੰਡ ਚੱਕ ਦੋਨਾ ਰਹੀਮੇ ਕੇ ਦੇ ਰਕਬੇ ’ਚ ਪੁਲਸ ਨੂੰ ਹੈਰੋਇਨ ਦੇ 7 ਪੈਕੇਟ ਬਰਾਮਦ ਹੋਏ ਹਨ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸਬ-ਇੰਸਪੈਕਟਰ ਜੱਜਪਾਲ ਸਿੰਘ ਕੰਗ ਨੇ ਦੱਸਿਆ ਕਿ ਹਰਵਿੰਦਰ ਸਿੰਘ ਕਪਤਾਨ ਪੁਲਸ ਇਨਵੈਸਟੀਗੇਸ਼ਨ ਕਪੂਰਥਲਾ ਅਤੇ ਮੁਖਤਿਆਰ ਰਾਏ ਕਪਤਾਨ ਪੁਲਸ ਫਗਵਾੜਾ ਨੇ ਪੁਲਸ ਪਾਰਟੀ ਸਮੇਤ ਪਹੁੰਚ ਕੇ ਆਈ. ਪੀ. ਐੱਸ. ਰਣਧੀਰ ਕੁਮਾਰ ਕਪਤਾਨ ਪੁਲਸ ਇਨਵੈਸਟੀਗੇਸ਼ਨ ਫ਼ਿਰੋਜ਼ਪੁਰ ਅਤੇ ਸੰਦੀਪ ਸਿੰਘ ਉਪ ਕਪਤਾਨ ਪੁਲਸ ਫ਼ਿਰੋਜ਼ਪੁਰ ਦਿਹਾਤੀ ਨੂੰ ਸੂਚਨਾ ਦਿੱਤੀ ਕਿ ਗੱਟੀ ਮਸਤਾ ਨੰਬਰ 2 ਦੇ ਏਰੀਏ ’ਚ ਮਿਤੀ 14-15 ਮਾਰਚ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨ ਵੱਲੋਂ ਇਕ ਡਰੋਨ ਆਇਆ, ਜੋ ਕੋਈ ਸ਼ੱਕੀ ਵਸਤੂ ਇਸ ਇਲਾਕੇ ’ਚ ਸੁੱਟ ਕੇ ਵਾਪਸ ਚਲਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਮਾਮਲੇ ’ਚ DGP ਦਾ ਵੱਡਾ ਖ਼ੁਲਾਸਾ, ਪਿੰਡਾਂ ਲਈ ਹੋਇਆ ਅਹਿਮ ਐਲਾਨ, ਪੜ੍ਹੋ Top 10
ਥਾਣਾ ਮੁਖੀ ਨੇ ਦੱਸਿਆ ਕਿ ਮਿਲੀ ਸੂਚਨਾ ਦੇ ਆਧਾਰ ’ਤੇ ਉਪਰੋਕਤ ਉੱਚ ਅਧਿਕਾਰੀਆਂ ਨਾਲ ਉਹ ਆਪਣੀ ਪੂਰੀ ਪੁਲਸ ਟੀਮ ਸਮੇਤ ਸਰਹੱਦੀ ਚੌਕੀ ਗੱਟੀ ਮਸਤਾ ਨੰਬਰ 2 ਦੇ ਇਲਾਕੇ ਵਿਚ ਪੈਂਦੇ ਪਿੰਡ ਚੱਕ ਦੋਨਾ, ਰਹੀਮੇ ਕੇ ਵਿਖੇ ਪਹੁੰਚੇ। ਇਸ ਦੌਰਾਨ ਕਿਸਾਨ ਹੱਸਾ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਪਿੰਡ ਚੱਕ ਦੋਨਾ ਰਹੀਮੇ ਕੇ ਉਤਾੜ ਘੋੜਾ ਚੱਕ ਨੇ ਇਤਲਾਹ ਦਿੱਤੀ ਕਿ ਉਸ ਦੀ ਮੋਟਰ ਦੇ ਨਾਲ ਲੱਗਦੇ ਕਣਕ ਦੇ ਖੇਤ ਵਿਚ ਚਿੱਟੇ ਰੰਗ ਦੇ ਕੱਪੜੇ ’ਚ ਕੋਈ ਸ਼ੱਕੀ ਵਸਤੂ ਪਈ ਜਾਪਦੀ ਹੈ, ਜਿਸ ਤੋਂ ਬਾਅਦ ਸਾਰੇ ਅਫ਼ਸਰਾਂ ਅਤੇ ਪੁਲਸ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਕੱਪੜੇ ਦੇ ਪੁਲੰਦੇ ਨੂੰ ਖੋਲ੍ਹ ਕੇ ਦੇਖਿਆ ਤਾਂ ਉਸ ’ਚੋਂ 7 ਪੈਕੇਟ ਬਰਾਮਦ ਹੋਏ, ਜਿਨ੍ਹਾਂ ਉਪਰ ਪੀਲੇ ਰੰਗ ਦੀਆਂ ਟੇਪਾਂ ਲਪੇਟੀਆਂ ਹੋਈਆਂ ਸਨ। ਪੁਲਸ ਨੇ ਦੱਸਿਆ ਕਿ ਇਸ ਦਾ ਭਾਰ 7 ਕਿਲੋ ਹੈ। ਉਨ੍ਹਾਂ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਇਕ ਹੋਰ ਪੰਜਾਬੀ ਗੱਭਰੂ ਦੀ ਹੋਈ ਮੌਤ