ਪੁਲਸ ਨੇ ਮਹਿਲਾ ਦੇ ਸਾਹਮਣੇ ਉਸ ਦੇ ਪਤੀ ਦੀ ਕੀਤੀ ਕੁੱਟਮਾਰ ਤੇ ਸ਼ਰੇਆਮ ਕੱਢੀਆਂ ਗਾਲ੍ਹਾਂ
Monday, Jun 05, 2017 - 01:36 PM (IST)

ਗੋਨਿਆਣਾ(ਗੋਰਾ ਲਾਲ)— ਗੋਨਿਆਣਾ ਮੰਡੀ ਦੀ ਮਹਿਲਾ ਸਣੇ ਉਸ ਦੇ ਪਤੀ ਨਾਲ ਸਾਬਕਾ ਅਕਾਲੀ ਕੌਂਸਲਰ ਅਤੇ ਪੁਲਸ ਵੱਲੋਂ ਕੁੱਟਮਾਰ ਕੀਤੀ ਗਈ, ਜਿਸ ਦੀ ਸ਼ਿਕਾਇਤ ਮਹਿਲਾ ਅਤੇ ਉਸ ਦੇ ਪਤੀ ਨੇ ਹਲਕਾ ਭੁੱਚੋ ਦੇ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਅੱਗੇ ਕੀਤੀ ਅਤੇ ਇਨਸਾਫ ਦੀ ਮੰਗ ਕੀਤੀ। ਇਸ ਦੌਰਾਨ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਵੱਲੋਂ ਮੌਕੇ 'ਤੇ ਹੀ ਡੀ. ਐੱਸ. ਪੀ. ਭੁੱਚੋ ਨਾਲ ਫੋਨ 'ਤੇ ਗੱਲਬਾਤ ਕਰਕੇ ਉਕਤ ਪੀੜਤਾਂ ਦੀ ਸ਼ਿਕਾਇਤ 'ਤੇ ਕਾਰਵਾਈ ਕਰਨ ਦੇ ਆਦੇਸ਼ ਦਿੱਤੇ। ਸੁਮਨ ਰਾਣੀ ਪਤਨੀ ਦੇਸ ਰਾਜ ਨੇ ਦੱਸਿਆ ਕਿ ਉਸ ਦੇ ਪਤੀ ਨੇ ਕੁਝ ਸਮਾਂ ਪਹਿਲਾਂ ਨਗਰ ਕੌਂਸਲ ਗੋਨਿਆਣਾ ਮੰਡੀ 'ਚ ਟੈਂਡਰਾਂ ਸੰਬੰਧੀ ਆਰ. ਟੀ. ਆਈ. ਐਕਟ ਤਹਿਤ ਸੂਚਨਾ ਮੰਗੀ ਸੀ ਪਰ ਉਕਤ ਵਿਅਕਤੀ ਦੀ ਪਤਨੀ ਨਗਰ ਕੌਂਸਲ 'ਚ ਅਕਾਲੀ ਐੱਮ. ਸੀ. ਹੈ ਅਤੇ ਖੁਦ ਵੀ ਸਾਬਕਾ ਕੌਂਸਲਰ ਰਹਿ ਚੁੱਕਾ ਹੈ, ਉਸ ਨੇ ਉਸ ਦੇ ਪਤੀ ਨੂੰ ਸਥਾਨਕ ਲੜਕੀਆਂ ਦੇ ਸਕੂਲ ਕੋਲ ਘੇਰ ਕੇ ਗਾਲੀ-ਗਲੋਚ ਕੀਤੀ ਪਰ ਜਦੋਂ ਇਸ ਦਾ ਪਤਾ ਉਸ ਨੂੰ ਲੱਗਾ ਤਾਂ ਉਸ ਦੇ ਉਥੇ ਪਹੁੰਚਣ 'ਤੇ ਉਕਤ ਵਿਅਕਤੀਆਂ ਨੇ ਉਸ ਨੂੰ ਵੀ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੇ ਨਾਲ ਹੀ ਉਸ ਨੂੰ ਧੱਕਾ ਮਾਰ ਕੇ ਸੁੱਟ ਦਿੱਤਾ। ਹੋਰ ਤਾਂ ਹੋਰ ਜਦੋਂ ਉਹ ਇਸ ਸੰਬੰਧੀ ਸਥਾਨਕ ਪੁਲਸ ਚੌਕੀ ਸ਼ਿਕਾਇਤ ਦਰਜ ਕਰਵਾਉਣ ਪਹੁੰਚੇ ਤਾਂ ਪੁਲਸ ਨੇ ਉਨ੍ਹਾਂ ਦੀ ਸੁਣਵਾਈ ਕਰਨ ਦੀ ਬਜਾਏ ਉਸ ਦੇ ਪਤੀ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਸੰਬੰਧੀ ਉਨ੍ਹਾਂ ਵੱਲੋਂ ਐੱਸ. ਐੱਸ. ਪੀ. ਬਠਿੰਡਾ ਨੂੰ ਵੀ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਤਾਂ ਜੋ ਉਕਤ ਅਕਾਲੀ ਮਹਿਲਾ ਕੌਂਸਲਰ ਦੇ ਪਤੀ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।
ਇਸ ਸੰਬੰਧੀ ਪੁਲਸ ਮੁਲਾਜ਼ਮ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਕਤ ਮਹਿਲਾ ਅਤੇ ਉਸ ਦੇ ਪਤੀ ਨੂੰ ਇਕ-ਇਕ ਦਰਖਾਸਤ ਸੰਬੰਧੀ ਪੁੱਛਗਿੱਛ ਲਈ ਬੁਲਾਇਆ ਗਿਆ ਸੀ , ਜਿਸ ਦੀ ਦਰਖਾਸਤ ਉਕਤ ਸਾਬਕਾ ਕੌਂਸਲਰ ਵੱਲੋਂ ਦਿੱਤੀ ਗਈ ਸੀ। ਉਨ੍ਹਾਂ ਕੋਲ ਸੁਮਨ ਰਾਣੀ ਵੱਲੋਂ ਕੋਈ ਦਰਖਾਸਤ ਨਹੀਂ ਆਈ ਅਤੇ ਨਾ ਹੀ ਉਨ੍ਹਾਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ ਹੈ।
ਇਸ ਸੰਬੰਧੀ ਜਦੋਂ ਚੌਕੀ ਇੰਚਾਰਜ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਕਤ ਮਹਿਲਾ ਦੇ ਦੱਸਣ ਮੁਤਾਬਕ 22 ਮਈ ਦੀ ਘਟਨਾ ਹੈ ਪਰ ਉਸ ਦਿਨ ਜ਼ਰੂਰੀ ਕੰੰਮ ਹੋਣ ਕਾਰਨ ਉਹ ਅਤੇ ਕੋਈ ਵੀ ਪੁਲਸ ਮੁਲਾਜ਼ਮ ਉਥੇ ਨਹੀਂ ਸੀ ਪਰ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਦਰਖਾਸਤ ਨੂੰ ਲੈ ਕੇ ਉਕਤ ਮਹਿਲਾ ਅਤੇ ਉਸ ਦੇ ਪਤੀ ਨੂੰ ਚੌਕੀ ਬੁਲਾਇਆ ਸੀ ਤਾਂ ਉਨ੍ਹਾਂ ਨੇ ਜਾਂਚ ਕਰਨ ਦਾ ਕਹਿ ਕਿ ਆਪਣਾ ਪੱਲਾ ਝਾੜ ਦਿੱਤਾ।
ਇਸ ਸੰਬੰਧੀ ਸਾਬਕਾ ਕੌਂਸਲਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਮੈਂ ਨਹੀਂ ਸਗੋਂ ਉਨ੍ਹਾਂ ਨੇ ਮੈਨੂੰ ਗਾਲ੍ਹਾਂ ਕੱਢੀਆਂ, ਜਿਸ ਦੀ ਮੈਂ ਪੁਲਸ ਚੌਕੀ 'ਚ ਉਨ੍ਹਾਂ ਵਿਰੁੱਧ ਦਰਖਾਸਤ ਦਿੱਤੀ ਹੈ, ਇਸ ਲਈ ਉਨ੍ਹਾਂ ਨੂੰ ਪੁਲਸ ਚੌਕੀ ਬੁਲਾਇਆ ਗਿਆ, ਜਿੱਥੇ ਉਨ੍ਹਾਂ ਦੀ ਕੋਈ ਕੁੱਟਮਾਰ ਨਹੀਂ ਸਗੋਂ ਪੰਚਾਇਤ ਵੱਲੋਂ ਰਾਜ਼ੀਨਾਮਾ ਕਰਵਾਇਆ ਗਿਆ ਸੀ।
ਇਸ ਸੰਬੰਧੀ ਥਾਣਾ ਨੇਹੀਆਵਾਲਾ ਦੇ ਐੱਸ. ਐੱਚ. ਓ. ਰਵਿੰਦਰ ਕੁਮਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪਤਾ ਲਗਾਇਆ ਗਿਆ ਹੈ ਕਿ ਉਕਤ ਵਿਅਕਤੀ ਵੱਲੋਂ ਦਰਖਾਸਤ ਆਈ ਸੀ, ਜਿਸ ਦਾ ਰਾਜ਼ੀਨਾਮਾ ਹੋ ਚੁੱਕਾ ਹੈ। ਰਹੀ ਗੱਲ ਉਕਤ ਮਹਿਲਾ ਅਤੇ ਉਸ ਦੇ ਪਤੀ ਦੀ ਕੁੱਟਮਾਰ ਦੀ, ਇਸ ਦੀ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀ ਪਾਏ ਜਾਣ 'ਤੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।