ਪੁਲਸ ਦੀ ਵੱਡੀ ਕਾਰਵਾਈ, ਨਸ਼ਿਆਂ ਦੇ ਮਾਮਲੇ ਵਿਚ ਪ੍ਰਾਪਰਟੀ ਕੀਤੀ ਫਰੀਜ਼
Saturday, Jun 07, 2025 - 03:52 PM (IST)

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਪੁਲਸ ਵਲੋਂ ਅੱਜ ਨਸ਼ਾ ਤਸਕਰਾਂ ਖਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਪੁਲਸ ਜ਼ਿਲਾ ਖੰਨਾ ਦੇ ਐੱਸ.ਐੱਸ.ਪੀ. ਡਾ. ਜੋਤੀ ਯਾਦਵ ਦੇ ਨਿਰਦੇਸ਼ਾਂ ਤਹਿਤ ਨਸ਼ਿਆਂ ਦੇ ਮਾਮਲੇ ਵਿਚ ਪਰਮਿੰਦਰ ਸਿੰਘ ਦੀ ਪ੍ਰਾਪਰਟੀ ਫਰੀਜ਼ ਕਰ ਲਈ ਗਈ ਹੈ। ਅੱਜ ਵਿਸ਼ੇਸ਼ ਤੌਰ ’ਤੇ ਡੀ.ਐੱਸ.ਪੀ. ਮੋਹਿਤ ਕੁਮਾਰ ਸਿੰਗਲਾ ਨੇ ਦੱਸਿਆ ਕਿ ਪਰਮਿੰਦਰ ਸਿੰਘ ’ਤੇ ਕੁੱਲ 17 ਪਰਚੇ ਦਰਜ ਹਨ ਜਿਸ ਵਿਚ ਨਸ਼ਿਆਂ ਦੀ ਤਸਕਰੀ, ਲੜਾਈ ਝਗੜੇ ਅਤੇ ਨਾਜਾਇਜ਼ ਸ਼ਰਾਬ ਵੇਚਣ ਦੇ ਹਨ। ਪਰਮਿੰਦਰ ਸਿੰਘ ਤੋਂ ਭਾਰੀ ਮਾਤਰਾ ਵਿਚ ਹੈਰੋਇਨ ਬਰਾਮਦ ਹੋਈ ਸੀ ਜਿਸ ਕਾਰਨ ਇਸਦੇ ਘਰ ਦੀ ਕੀਮਤ ਤੈਅ ਕਰ ਉੱਚ ਅਥਾਰਟੀ ਨੂੰ ਕੇਸ ਭੇਜਿਆ ਗਿਆ ਸੀ।
ਉਨ੍ਹਾਂ ਦੱਸਿਆ ਕਿ ਪਰਮਿੰਦਰ ਸਿੰਘ ਇਸ ਪ੍ਰਾਪਰਟੀ ਸਬੰਧੀ ਆਪਣਾ ਕੋਈ ਮਜ਼ਬੂਤ ਪੱਖ ਪੇਸ਼ ਨਹੀਂ ਕਰ ਸਕਿਆ ਜਿਸ ਕਾਰਨ ਉਸਦੀ ਪ੍ਰਾਪਰਟੀ ਨੂੰ ਫਰੀਜ਼ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਰਮਿੰਦਰ ਸਿੰਘ ਆਪਣਾ ਇਹ ਘਰ ਨਾ ਹੁਣ ਵੇਚ ਸਕਦਾ ਹੈ ਅਤੇ ਨਾ ਹੀ ਕਿਰਾਏ ’ਤੇ ਦੇ ਸਕਦਾ ਹੈ। ਡੀਐੱਸਪੀ ਨੇ ਕਿਹਾ ਕਿ ਪੁਲਸ ਜ਼ਿਲਾ ਖੰਨਾ ਵਿਚ ਆਉਣ ਵਾਲੇ ਦਿਨਾਂ ’ਚ ਹੋਰ ਵੀ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਫਰੀਜ਼ ਕੀਤੀਆਂ ਜਾਣਗੀਆਂ ਅਤੇ ਸਰਕਾਰ ਦੀਆਂ ਸਖ਼ਤ ਹਦਾਇਤਾਂ ਹਨ ਕਿ ਕੋਈ ਵੀ ਨਸ਼ਾ ਤਸਕਰ ਜਿਸ ਨੇ ਨਸ਼ਾ ਵੇਚ ਕੇ ਜਾਇਦਾਦਾਂ ਬਣਾਈਆਂ ਹਨ ਉਨ੍ਹਾਂ ਨੂੰ ਬਖਸ਼ਿਆ ਨਾ ਜਾਵੇ। ਇਸ ਮੌਕੇ ਥਾਣਾ ਮੁਖੀ ਇੰਸਪੈਕਟਰ ਹਰਵਿੰਦਰ ਸਿੰਘ, ਸਹਾਇਕ ਥਾਣੇਦਾਰ ਕਰਨੈਲ ਸਿੰਘ ਵੀ ਮੌਜੂਦ ਸਨ।