ਅਲੀ ਮੁਹੱਲੇ ''ਚ ਚੱਲੀਆਂ ਗੋਲੀਆਂ ਦੇ ਮਾਮਲੇ ''ਚ ਦੋਸ਼ੀਆਂ ਨੂੰ ਗ੍ਰਿਫਤਾਰ ਕਰੇ ਪੁਲਸ : ਦਵਿੰਦਰ

Saturday, Feb 03, 2018 - 06:59 AM (IST)

ਅਲੀ ਮੁਹੱਲੇ ''ਚ ਚੱਲੀਆਂ ਗੋਲੀਆਂ ਦੇ ਮਾਮਲੇ ''ਚ ਦੋਸ਼ੀਆਂ ਨੂੰ ਗ੍ਰਿਫਤਾਰ ਕਰੇ ਪੁਲਸ : ਦਵਿੰਦਰ

ਜਲੰਧਰ, (ਕਮਲੇਸ਼)— ਅਲੀ ਮੁਹੱਲੇ ਵਿਚ 31 ਜਨਵਰੀ ਦੀ ਰਾਤ ਨੂੰ ਰਿਟਾਇਰਮੈਂਟ ਪਾਰਟੀ ਵਿਚ ਕੁੱਝ ਲੋਕਾਂ ਵਲੋਂ ਗੋਲੀਆਂ ਚਲਾਈਆਂ ਗਈਆਂ ਸਨ, ਜਿਸ ਵਿਚ 2 ਵਿਅਕਤੀ ਜ਼ਖ਼ਮੀ ਹੋ ਗਏ ਸਨ, ਬੀਤੇ ਦਿਨ ਮਾਮਲੇ ਵਿਚ ਪੁਲਸ ਸੁਭਾਸ਼ ਸੋਂਧੀ ਤੇ ਰਾਜੂ ਖੋਸਲਾ ਨੂੰ ਗ੍ਰਿਫਤਾਰ ਕਰ ਚੁੱਕੀ ਹੈ।
ਮਾਮਲੇ ਸਬੰਧੀ ਅੱਜ ਅਖਿਲ ਭਾਰਤੀ ਸ਼ਿਵ ਸੈਨਾ ਤੇ ਵਿੱਕੀ ਗਿੱਲ ਨੇ ਸਾਂਝੇ ਤੌਰ 'ਤੇ ਪ੍ਰੈੱਸ ਕਾਨਫਰੰਸ ਕਰਕੇ ਕਈ ਖੁਲਾਸੇ ਕੀਤੇ ਤੇ ਦਵਿੰਦਰ ਨੇ ਕਿਹਾ ਕਿ ਪੁਲਸ ਜਲਦੀ ਹੀ ਮਾਮਲੇ ਵਿਚ ਨਾਮਜ਼ਦ ਹੋਰ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕਰੇ। ਉਨ੍ਹਾਂ ਕਿਹਾ ਕਿ ਨਾਮਜ਼ਦ ਮੁਲਜ਼ਮਾਂ ਵਿਚ ਸੁਭਾਸ਼ ਸੋਂਧੀ ਦੇ ਬੇਟਿਆਂ, ਭਰਾ ਸਣੇ 10 ਵਿਅਕਤੀਆਂ 'ਤੇ ਹੱਤਿਆ ਦੀ ਕੋਸ਼ਿਸ਼ ਦਾ ਕੇਸ ਦਰਜ ਹੈ। ਉਨ੍ਹਾਂ ਦੱਸਿਆ ਕਿ ਪੁਲਸ ਕਮਿਸ਼ਨਰ ਨੂੰ ਇਕ ਮੰਗ-ਪੱਤਰ ਦਿੱਤਾ ਹੈ, ਜਿਸ ਵਿਚ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਦੀ ਮੰਗ ਕੀਤੀ ਗਈ ਹੈ ਤਾਂ ਜੋ ਪੁਲਸ ਨੂੰ ਪਤਾ ਲੱਗ ਜਾਵੇ ਕਿ ਸਾਰੇ ਹਮਲਾਵਰ ਹਥਿਆਰਾਂ ਨਾਲ ਲੈਸ ਸਨ ਤੇ ਉਨ੍ਹਾਂ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੁਲਸ ਕਮਿਸ਼ਨਰ ਨੇ ਇਸ ਮਾਮਲੇ ਵਿਚ ਥਾਣਾ ਨੰਬਰ 2 ਦੇ ਐੱਸ. ਐੱਚ. ਓ. ਦੀ ਡਿਊਟੀ ਲਾ ਦਿੱਤੀ ਹੈ।
ਮੈਨੂੰ ਵੀ ਹਮਲੇ 'ਚ ਸ਼ਾਮਲ ਹੋਣ ਲਈ ਕਿਹਾ ਗਿਆ ਸੀ : ਵਿੱਕੀ ਗਿੱਲ
ਵਿੱਕੀ ਗਿੱਲ ਵਾਸੀ ਅਲੀ ਮੁਹੱਲਾ ਨੇ ਕਿਹਾ ਕਿ ਉਸ 'ਤੇ ਵੀ ਹਮਲਾਵਰਾਂ ਨੇ ਉਨ੍ਹਾਂ ਨਾਲ ਸ਼ਾਮਲ ਹੋਣ ਦਾ ਦਬਾਅ ਪਾਇਆ ਸੀ ਤੇ ਅਜਿਹਾ ਨਾ ਕਰਨ 'ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਉਕਤ ਲੋਕਾਂ ਨੇ ਇਲਾਕੇ ਵਿਚ ਪਿਛਲੇ ਕਾਫੀ ਸਮੇਂ ਤੋਂ ਦਹਿਸ਼ਤ ਦਾ ਮਾਹੌਲ ਕਾਇਮ ਕੀਤਾ ਹੋਇਆ ਹੈ। ਪੁਲਸ ਇਨ੍ਹਾਂ ਨੂੰ ਜਲਦੀ ਗ੍ਰਿਫਤਾਰ ਕਰੇ ਤੇ ਇਲਾਕੇ ਵਿਚ ਅਮਨ-ਸ਼ਾਂਤੀ ਦਾ ਮਾਹੌਲ ਕਾਇਮ ਕਰੇ।
ਹਮਲੇ 'ਚ ਨਾਜਾਇਜ਼ ਹਥਿਆਰ ਵਰਤੇ ਗਏ : ਰਾਜੇਸ਼
ਅਖਿਲ ਭਾਰਤੀ ਸ਼ਿਵ ਸੈਨਾ ਦੇ ਰਾਜੇਸ਼ ਨੇ ਕਿਹਾ ਕਿ 31 ਜਨਵਰੀ ਦੀ ਰਾਤ ਨੂੰ ਹੋਏ ਹਮਲੇ ਵਿਚ ਭਾਰੀ ਮਾਤਰਾ ਵਿਚ ਨਾਜਾਇਜ਼ ਹਥਿਆਰ ਵਰਤੇ ਗਏ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਸੀ. ਸੀ. ਟੀ. ਵੀ. ਫੁਟੇਜ ਤੋਂ ਇਹ ਗੱਲ ਸਾਫ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਸੋਂਧੀ ਇਕ ਦਿਨ ਦੇ ਪੁਲਸ ਰਿਮਾਂਡ 'ਤੇ ਹੈ ਪਰ ਪੁਲਸ ਉਸ ਕੋਲੋਂ ਕੁਝ ਉਗਲਵਾ ਨਹੀਂ ਸਕੀ।
ਸੁਭਾਸ਼ ਸੋਂਧੀ 'ਤੇ ਲਾਏ ਗੈਂਗਸਟਰ ਤਿਆਰ ਕਰਨ ਦੇ ਦੋਸ਼
ਪ੍ਰੈੱਸ ਕਾਨਫਰੰਸ ਦੌਰਾਨ ਸੁਭਾਸ਼ ਸੋਂਧੀ 'ਤੇ ਗੈਂਗਸਟਰ ਤਿਆਰ ਕਰਨ ਦਾ ਦੋਸ਼ ਲਾਇਆ ਤੇ ਕਿਹਾ ਕਿ ਸ਼ਹਿਰ ਵਿਚ ਸੋਂਧੀ ਦੀ ਸ਼ਹਿ 'ਤੇ ਕਈ ਗੈਂਗਸਟਰ ਤਿਆਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੂਰਾ ਸ਼ਹਿਰ ਇਹ ਗੱਲ ਜਾਣਦਾ ਹੈ ਕਿ ਸੋਂਧੀ ਦੇ ਕਈ ਸਾਥੀ ਨਸ਼ੇ ਦੇ ਕਾਰੋਬਾਰ ਵਿਚ ਸ਼ਾਮਲ ਹਨ ਪਰ ਇਸਦੇ ਬਾਵਜੂਦ ਅੱਜ ਤੱਕ ਉਨ੍ਹਾਂ 'ਤੇ ਕੋਈ ਪੁਲਸ ਕਾਰਵਾਈ ਨਹੀਂ ਹੋਈ।  ਜਦੋਂਕਿ ਪੁਲਸ ਨੂੰ ਇਸ ਬਾਰੇ ਸਭ ਕੁੱਝ ਪਤਾ ਹੈ। ਉਨ੍ਹਾਂ ਕਿਹਾ ਕਿ ਪੁਲਸ ਸੋਂਧੀ ਸਣੇ ਉਸਦੇ ਸਾਥੀਆਂ ਦੀ ਪ੍ਰਾਪਰਟੀ ਦੀ ਜਾਂਚ ਕਰਵਾਏ ਤਾਂ ਸਾਰਾ ਸੱਚ ਸਾਹਮਣੇ ਆ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਨਾਜਾਇਜ਼ ਕਾਰੋਬਾਰਾਂ ਤੋਂ ਮੋਟੀ ਕਾਲੀ ਕਮਾਈ ਇਕੱਠੀ ਕਰ ਲਈ ਹੈ।
ਨਾਜਾਇਜ਼ ਹਥਿਆਰ ਸ਼ਹਿਰ ਦੀ ਅਮਨ-ਸ਼ਾਂਤੀ ਲਈ ਚਿੰਤਾ ਦਾ ਵਿਸ਼ਾ
ਪ੍ਰੈੱਸ ਕਾਨਫਰੰਸ ਵਿਚ ਨਾਜਾਇਜ਼ ਹਥਿਆਰਾਂ ਦਾ ਉਠਿਆ ਮਾਮਲਾ ਸ਼ਹਿਰ ਦੀ ਅਮਨ-ਸ਼ਾਂਤੀ ਤੇ ਕਮਿਸ਼ਨਰੇਟ ਪੁਲਸ ਲਈ ਚਿੰਤਾ ਦਾ ਵਿਸ਼ਾ ਹੈ। 
ਕਿਉਂਕਿ ਜੇਕਰ ਇਸ ਗਰੁੱਪ ਕੋਲ ਇੰਨੇ ਨਾਜਾਇਜ਼ ਹਥਿਆਰ ਮੌਜੂਦ ਹਨ ਤਾਂ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸ਼ਹਿਰ ਵਿਚ ਹੋਰ ਲੋਕਾਂ ਕੋਲ ਵੀ ਨਾਜਾਇਜ਼ ਹਥਿਆਰ ਹੋਣ। ਇਨ੍ਹਾਂ ਨਾਜਾਇਜ਼ ਹਥਿਆਰਾਂ ਨਾਲ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਵੀ ਅੰਜਾਮ ਦਿੱਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਅਲੀ ਮੁਹੱਲੇ ਵਿਚ ਹੋਈ ਫਾਇਰਿੰਗ ਨਾਲ ਪਹਿਲਾਂ ਹੀ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਹੁਣ ਪੁਲਸ ਲਈ ਇਹ ਚੈਲੇਂਜ ਹੈ ਕਿ ਉਹ ਇਨ੍ਹਾਂ ਨਾਜਾਇਜ਼ ਹਥਿਆਰਾਂ ਦੀ ਸਪਲਾਈ ਦਾ ਸ੍ਰੋਤ ਪਤਾ ਕਰੇ ਤਾਂ ਹੀ ਇਸਦੀ ਚੇਨ ਸਪਲਾਈ  ਦਾ ਲੱਕ ਤੋੜਿਆ ਜਾ ਸਕਦਾ ਹੈ। 


Related News