ਪਟਿਆਲਾ ਤੋਂ ਭੱਜੇ ਦੋਸ਼ੀ ਨੂੰ ਥਾਣਾ ਮੁਕੰਦਪੁਰ ਦੀ ਪੁਲਸ ਨੇ ਕੀਤਾ ਕਾਬੂ
Sunday, Aug 13, 2017 - 05:41 PM (IST)
ਨਵਾਂਸ਼ਹਿਰ(ਮਨੋਰੰਜਨ)— ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਪੁਲਸ ਵੱਲੋਂ ਰਜਿੰਦਰਾਂ ਹਸਪਤਾਲ ਪਟਿਆਲਾ ਤੋਂ ਜੇਲ੍ਹ ਪੁਲਸ ਦੀ ਹਿਰਾਸਤ 'ਚੋਂ ਭੱਜੇ ਦੋਸ਼ੀ ਅਮਨਦੀਪ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਮਾਹਿਲ ਖੁਰਦ ਥਾਣਾ ਮੁਕੰਦਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ ।
ਇਸ ਮੌਕੇ ਐਸ. ਐਸ. ਪੀ. ਸਤਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੌਲ ਰੂਮ ਰਾਹੀ ਸੂਚਨਾ ਮਿਲੀ ਸੀ ਕਿ ਰਜਿੰਦਰਾ ਹਸਪਤਾਲ ਪਟਿਆਲਾ ਤੋਂ ਇੱਕ ਹਵਾਲਾਤੀ ਅਮਨਦੀਪ ਸਿੰਘ ਜੋ ਥਾਣਾ ਸਿਟੀ ਰਾਜਪੁਰਾ ਵਿੱਚ ਪਟਿਆਲਾ ਜੇਲ੍ਹ ਵਿੱਚ ਬੰਦ ਸੀ, ਜੇਲ੍ਹ ਪੁਲਸ ਨੂੰ ਚਕਮਾਂ ਦੇ ਕੇ ਫਰਾਰ ਹੋ ਗਿਆ ਸੀ ਜਦੋਂ ਇਸ ਨੂੰ ਮੈਡੀਕਲ ਕਾਰਨ ਚੈੱਕ-ਅੱਪ ਕਰਵਾਉਣ ਲਈ ਰਜਿੰਦਰਾ ਹਸਪਤਾਲ ਪਟਿਆਲਾ ਵਿੱਚ ਲੈਕੇ ਆਏ ਸਨ। ਜਿਸ ਸਬੰਧੀ ਉਸਦੇ ਖਿਲਾਫ ਥਾਣਾ ਸਿਵਲ ਲਾਈਨ ਜਿਲ੍ਹਾ ਪਟਿਆਲਾ 'ਚ ਮਾਮਲਾ ਦਰਜ ਕੀਤਾ ਗਿਆ ।
ਸੂਚਨਾ ਦੇ ਆਧਾਰ 'ਤੇ ਦੋਸ਼ੀ ਇਸ ਜ਼ਿਲੇ 'ਚ ਰਿਹਾਇਸ਼ੀ ਹੋਣ ਕਾਰਨ ਸਮੂਹ ਡੀ. ਐਸ. ਪੀ. ਸਬ-ਡਵੀਜ਼ਨ ਅਤੇ ਮੁੱਖ ਅਫਸਰ ਥਾਣਾ ਨੂੰ ਹਦਾਇਤ ਕੀਤੀ ਕਿ ਮੁਸ਼ਤੈਦੀ ਨਾਲ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾਵੇ ਅਤੇ ਇਸ 'ਤੇ ਪੂਰੀ ਨਿਗਰਾਨੀ ਰੱਖੀ ਜਾਵੇ। ਜਿਸ ਦੇ ਸਾਰਥਿਕ ਨਤੀਜੇ ਵਜੋਂ ਐਸ.ਆਈ. ਨਰੇਸ਼ ਕੁਮਾਰੀ ਮੁੱਖ ਅਫਸਰ ਥਾਣਾ ਮੁਕੰਦਪੁਰ ਅਤੇ ਪੁਲਸ ਪਾਰਟੀ ਏ. ਐਸ. ਆਈ. ਬਿਕਰਮਜੀਤ ਸਿੰਘ ਇੰਚਾਰਜ ਚੌਂਕੀ ਔੜ੍ਹ ਥਾਣਾ ਮੁਕੰਦਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਸਾਂਝੀ ਪੁਲਸ ਪਾਰਟੀ ਵੱਲੋਂ ਬੀਤੀ ਰਾਤ ਰੇਡ ਕਰਕੇ ਬੜੀ ਮੁਸ਼ਤੈਦੀ ਨਾਲ ਦੋਸ਼ੀ ਅਮਨਦੀਪ ਸਿੰਘ ਨੂੰ ਉਸ ਦੇ ਘਰ ਪਿੰਡ ਮਾਹਿਲ ਖੁਰਦ ਥਾਣਾ ਮੁਕੰਦਪੁਰ ਤੋਂ ਗ੍ਰਿਫਤਾਰ ਕਰਕੇ ਚੌਂਕੀ ਮਾਡਲ ਟਾਊਨ ਪਟਿਆਲਾ ਦੀ ਪੁਲਸ ਪਾਰਟੀ ਦੇ ਹਵਾਲੇ ਕੀਤਾ ਗਿਆ। ਜ਼ਿਕਰਯੋਗ ਹੈ ਕਿ ਦੋਸ਼ੀ ਅਮਨਦੀਪ ਸਿੰਘ ਚੋਰੀਆਂ ਕਰਨ ਦਾ ਅਪਰਾਧੀ ਹੈ ਅਤੇ ਇਸ ਦੇ ਖਿਲਾਫ ਨਸ਼ੀਲੇ ਪਦਾਰਥ ਦੀ ਸਮੱਗਲਿੰਗ ਕਰਨ ਦਾ ਮਾਮਲਾ ਦਰਜ ਹੈ।
