ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਦੇ ਮਾਮਲੇ ''ਚ ਪੁਲਸ ਦੀ ਵੱਡੀ ਕਾਰਵਾਈ, ਮਾਸਟਰਮਾਈਂਡ ਕੀਤੇ ਕਾਬੂ

Sunday, Mar 24, 2024 - 04:58 AM (IST)

ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਦੇ ਮਾਮਲੇ ''ਚ ਪੁਲਸ ਦੀ ਵੱਡੀ ਕਾਰਵਾਈ, ਮਾਸਟਰਮਾਈਂਡ ਕੀਤੇ ਕਾਬੂ

ਚੰਡੀਗੜ੍ਹ : ਸੰਗਰੂਰ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ 20 ਲੋਕਾਂ ਦੀ ਜਾਨ ਲੈਣ ਵਾਲੀ ਨਕਲੀ ਸ਼ਰਾਬ ਦਰਅਸਲ ਮਿਥੇਨੌਲ ਸੀ, ਜੋ ਕਿ ਉਦਯੋਗਿਕ ਉਤਪਾਦਾਂ ਵਿੱਚ ਵਰਤਿਆ ਜਾਣ ਵਾਲਾ ਇੱਕ ਘਾਤਕ ਰਸਾਇਣ ਹੁੰਦਾ ਹੈ। ਦੋਸ਼ੀਆਂ ਨੇ ਇਹ ਰਸਾਇਣ ਨੋਇਡਾ ਦੀ ਇੱਕ ਫੈਕਟਰੀ ਤੋਂ ਉਦਯੋਗਿਕ ਕੰਮਾਂ ਲਈ ਵਰਤਣ ਦੇ ਬਹਾਨੇ ਖਰੀਦਿਆ ਸੀ। ਇਹ ਜਾਣਕਾਰੀ ਉਕਤ ਮਾਮਲੇ ਦੀ ਜਾਂਚ ਲਈ ਬਣਾਈ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦੀ ਅਗਵਾਈ ਕਰ ਰਹੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਲਾਅ ਐਂਡ ਆਰਡਰ ਗੁਰਿੰਦਰ ਸਿੰਘ ਢਿੱਲੋਂ ਨੇ ਦਿੱਤੀ।

ਏ.ਡੀ.ਜੀ.ਪੀ. ਢਿੱਲੋਂ, ਐੱਸ.ਐੱਸ.ਪੀ. ਸੰਗਰੂਰ-ਕਮ-ਐੱਸ.ਆਈ.ਟੀ. ਮੈਂਬਰ ਸਰਤਾਜ ਸਿੰਘ ਚਾਹਲ ਦੇ ਨਾਲ ਸ਼ਨੀਵਾਰ ਨੂੰ ਇੱਥੇ ਪੰਜਾਬ ਪੁਲਿਸ ਹੈੱਡਕੁਆਰਟਰ (ਪੀ.ਪੀ.ਐਚ.ਕਿਊ.) ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।

ਪ੍ਰਾਪਤ ਜਾਣਕਾਰੀ ਅਨੁਸਾਰ ਸੰਗਰੂਰ ਪੁਲਸ ਨੇ ਇਸ ਮਾਮਲੇ ਵਿੱਚ ਤਿੰਨ ਵੱਖ ਵੱਖ ਥਾਣਿਆਂ- ਦਿੜ੍ਹਬਾ, ਸਿਟੀ ਸੁਨਾਮ ਅਤੇ ਚੀਮਾਂ ਵਿਖੇ ਤਿੰਨ ਵੱਖ-ਵੱਖ ਐੱਫ.ਆਈ.ਆਰਜ਼ ਦਰਜ ਕਰ ਕੇ ਨਾਮਜ਼ਦ ਕੀਤੇ 10 ਦੋਸ਼ੀਆਂ ਵਿਚੋਂ ਅੱਠ ਮੁਲਜ਼ਮਾਂ ਸਮੇਤ ਦੋ ਮਾਸਟਰ ਮਾਈਂਡਜ਼, ਜਿਨ੍ਹਾਂ ਦੀ ਪਛਾਣ ਗੁਰਲਾਲ ਸਿੰਘ ਵਾਸੀ ਪਿੰਡ ਉਭਾਵਾਲ, ਸੰਗਰੂਰ ਅਤੇ ਹਰਮਨਪ੍ਰੀਤ ਸਿੰਘ ਵਾਸੀ ਪਿੰਡ ਤਾਈਪੁਰ ਵਜੋਂ ਹੋਈ ਹੈ, ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਵਾਂ ਮਾਸਟਰਮਾਈਂਡਜ਼ ਦਾ ਅਪਰਾਧਿਕ ਪਿਛੋਕੜ ਹੈ ਅਤੇ ਉਹ ਸੰਗਰੂਰ ਜੇਲ੍ਹ ਵਿਚ ਇੱਕ-ਦੂਜੇ ਦੇ ਸੰਪਰਕ ਵਿੱਚ ਆਏ ਸਨ।

ਇਹ ਵੀ ਪੜ੍ਹੋ- ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਜਾਣੋ ਕੌਣ ਸੰਭਾਲੇਗਾ ਦਿੱਲੀ ਦੀ ਕਮਾਨ (ਵੀਡੀਓ)

 

ਗ੍ਰਿਫ਼ਤਾਰ ਕੀਤੇ ਗਏ ਹੋਰ ਛੇ ਮੁਲਜ਼ਮਾਂ ਦੀ ਪਛਾਣ ਮਨਪ੍ਰੀਤ ਸਿੰਘ ਉਰਫ਼ ਮਨੀ ਅਤੇ ਸੁਖਵਿੰਦਰ ਸਿੰਘ ਉਰਫ਼ ਸੁੱਖੀ ਦੋਵੇਂ ਵਾਸੀ ਪਿੰਡ ਗੁੱਜਰਾਂ, ਦਿੜ੍ਹਬਾ ; ਸੋਮਾ ਕੌਰ, ਰਾਹੁਲ ਉਰਫ਼ ਸੰਜੂ ਅਤੇ ਪਰਦੀਪ ਸਿੰਘ ਉਰਫ਼ ਬੱਬੀ ਤਿੰਨੋਂ ਵਾਸੀ ਚੁਹਵਾਂ, ਚੀਮਾਂ ਅਤੇ ਅਰਸ਼ਦੀਪ ਸਿੰਘ ਉਰਫ ਅਰਸ਼ ਪਿੰਡ ਰੋਗਲਾ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਇਨ੍ਹਾਂ ਦੇ ਕਬਜ਼ੇ ’ਚੋਂ 200 ਲੀਟਰ ਮਿਥੇਨੌਲ ਕੈਮੀਕਲ, ਸ਼ਰਾਬ ਦੀਆਂ ਖਾਲੀ ਬੋਤਲਾਂ ਅਤੇ ਢੱਕਣ ਅਤੇ ਨਕਲੀ ਸ਼ਰਾਬ ਬਣਾਉਣ ਅਤੇ ਲੇਬਲਿੰਗ ਕਰਨ ਲਈ ਵਰਤਿਆ ਜਾਣ ਵਾਲਾ ਹੋਰ ਸਾਮਾਨ ਵੀ ਬਰਾਮਦ ਕੀਤਾ ਹੈ।

ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਮੁਲਜ਼ਮ ਹਰਮਨਪ੍ਰੀਤ ਆਪਣੇ ਸਾਥੀ ਗੁਰਲਾਲ ਨਾਲ ਮਿਲ ਕੇ ਨੋਇਡਾ ਸਥਿਤ ਫੈਕਟਰੀ ਤੋਂ ਮਿਥੇਨੌਲ ਕੈਮੀਕਲ ਮੰਗਵਾਉਂਦਾ ਸੀ ਅਤੇ ਆਪਣੇ ਘਰ ਵਿੱਚ ਨਕਲੀ ਸ਼ਰਾਬ ਤਿਆਰ ਕਰਕੇ ‘ਸ਼ਾਹੀ’ ਮਾਰਕਾ ਲੇਬਲ ਵਾਲੀ ਸ਼ਰਾਬ ਦੀ ਬੋਤਲ ਵਿੱਚ ਪੈਕ ਕਰਕੇ ਵੇਚਦਾ ਸੀ। ਮੁਲਜ਼ਮ ਘਰ ਵਿੱਚ ਪ੍ਰਿੰਟਰ ਦੀ ਵਰਤੋਂ ਕਰਕੇ ਲੇਬਲ ਬਣਾ ਰਿਹਾ ਸੀ, ਜਦੋਂ ਕਿ ਬੋਤਲ ਕੈਪ ਲਗਾਉਣ ਦੀ ਮਸ਼ੀਨ ਉਸ ਨੇ ਲੁਧਿਆਣਾ ਤੋ ਮੰਗਵਾਈ ਸੀ।

ਉਨ੍ਹਾਂ ਦੱਸਿਆ ਕਿ ਇਹ ਮਾਸਟਰਮਾਈਂਡ ਨਕਲੀ ਸ਼ਰਾਬ ਵੇਚਣ ਲਈ ਸਥਾਨਕ ਵਿਅਕਤੀ ਮਨਪ੍ਰੀਤ ਮਨੀ (ਗ੍ਰਿਫਤਾਰ) ਦੀ ਮਦਦ ਲੈਂਦੇ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਅੱਧੀ ਕੀਮਤ ’ਤੇ ਨਕਲੀ ਸ਼ਰਾਬ ਵੇਚਣ ਲਈ ਮਜ਼ਦੂਰ ਵਰਗ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਸੀ। ਏਡੀਜੀਪੀ ਨੇ ਕਿਹਾ ਕਿ ਪੁਲਸ ਕੋਲ ਇਸ ਘਾਤਕ ਰਸਾਇਣ ਦੀ ਖਰੀਦ ਸਬੰਧੀ ਦਸਤਾਵੇਜ਼ ਹਨ ਅਤੇ ਪੁਲਸ ਵੱਲੋਂ ਉਨ੍ਹਾਂ ਫੈਕਟਰੀਆਂ, ਜਿੱਥੋਂ ਦੋਸ਼ੀਆਂ ਨੇ ਮਿਥੇਨੌਲ ਖਰੀਦਿਆ ਸੀ, ਦੀ ਭੂਮਿਕਾ ਦੀ ਜਾਂਚ ਕਰਨ ਲਈ ਭਾਰਤੀ ਆਈਪੀਸੀ ਦੀ ਧਾਰਾ 120-ਬੀ ਸਾਰੀਆਂ ਐੱਫ.ਆਈ.ਆਰਜ਼. ਵਿੱਚ ਜੋੜ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮਾਂ ਨੇ ਕੁੱਲ 300 ਲੀਟਰ ਮਿਥੇਨੌਲ ਕੈਮੀਕਲ ਖਰੀਦਿਆ ਸੀ।

ਇਹ ਵੀ ਪੜ੍ਹੋ- ਜ਼ਹਿਰੀਲੀ ਸ਼ਰਾਬ ਮਾਮਲੇ 'ਚ ਵੱਡੀ ਕਾਰਵਾਈ, ਜਾਂਚ ਤੋਂ ਬਾਅਦ SSP ਨੇ SHO ਤੇ ASI ਨੂੰ ਕੀਤਾ ਸਸਪੈਂਡ (ਵੀਡੀਓ)

 

ਏਡੀਜੀਪੀ ਨੇ ਕਿਹਾ ਕਿ ਪੁਲਸ ਨੇ ਤਿੰਨੋਂ ਐੱਫ.ਆਈ.ਆਰਜ਼ ਵਿੱਚ ਆਬਕਾਰੀ ਐਕਟ ਦੀ ਸਖ਼ਤ ਧਾਰਾ 61-ਏ ਦੀ ਵੀ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਧਾਰਾ 61-ਏ ਉਮਰ ਕੈਦ ਜਾਂ ਮੌਤ ਦੀ ਸਜ਼ਾ ਨਾਲ ਸਬੰਧਤ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਜਾਂਚ ਨੂੰ ਤਰਕਪੂਰਨ ਸਿੱਟੇ ’ਤੇ ਪਹੁੰਚਾਉਣ ਲਈ ਐੱਸ.ਆਈ.ਟੀ. ਸਾਰੇ ਪਹਿਲੂਆਂ ਤੋਂ ਬਾਰੀਕੀ ਨਾਲ ਜਾਂਚ ਕਰੇਗੀ ਅਤੇ ਸਮੇਂ ਸਿਰ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਜਾਵੇਗਾ। ਇਸ ਦੌਰਾਨ ਐਸਆਈਟੀ ਮੁਖੀ ਨੇ ਪ੍ਰਭਾਵਿਤ ਪਿੰਡਾਂ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਅਣਅਧਿਕਾਰਤ ਸਰੋਤਾਂ ਤੋਂ ਖਰੀਦੀ ਗਈ ਸ਼ਰਾਬ ਦਾ ਸੇਵਨ ਕਰਨ ਤੋਂ ਗੁਰੇਜ਼ ਕਰਨ।ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਾਮਲੇ ਦੇ ਮੁੱਖ ਦੋਸ਼ੀ ਗੁਰਲਾਲ ਅਤੇ ਮਨੀ ਘਰ 'ਚ ਹੀ ਸ਼ਰਾਬ ਤਿਆਰ ਕਰਦੇ ਸਨ। ਇਨ੍ਹਾਂ ਦੋਸ਼ੀਆਂ ਨੇ ਇਹ ਸ਼ਰਾਬ ਘੱਟ ਰੇਟ 'ਤੇ ਹੀ ਵੇਚ ਦਿੱਤੀ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਮੁੱਖ ਦੋਸ਼ੀਆਂ ਸਣੇ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਦਕਿ ਬਾਕੀ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ। 

ਉਨ੍ਹਾਂ ਸੰਗਰੂਰ ਪੁਲਸ ਦੀ ਵੀ ਤਾਰੀਫ਼ ਕਰਦਿਆਂ ਕਿਹਾ ਕਿ ਪੁਲਸ ਨੇ ਬਹੁਤ ਹੀ ਜ਼ਿੰਮੇਦਾਰੀ ਨਾਲ ਆਪਣਾ ਫਰਜ਼ ਨਿਭਾਇਆ ਹੈ ਤੇ ਅਧਿਕਾਰੀਆਂ ਨੇ ਲਾਗਲੇ ਪਿੰਡਾਂ 'ਚ ਘਰ-ਘਰ ਜਾ ਕੇ ਤਫ਼ਤੀਸ਼ ਕੀਤੀ ਹੈ ਕਿ ਕਿਸੇ ਹੋਰ 'ਚ ਕਿਸੇ ਤਰ੍ਹਾਂ ਦੇ ਲੱਛਣ ਤਾਂ ਨਹੀਂ ਦਿਖ ਰਹੇ, ਤੇ ਜਿਨ੍ਹਾਂ 'ਚ ਲੱਛਣ ਦਿਖਾਈ ਦੇ ਰਹੇ ਸਨ ਤਾਂ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News