ਹਫ਼ਤੇ 'ਚ 3 ਦਿਨ ਚੋਰੀ ਤੇ 3 ਦਿਨ ਪਰਹੇਜ਼, ਐਤਵਾਰ ਨੂੰ ਆਰਾਮ, ਜਾਣੋ ਗ੍ਰਿਫ਼ਤਾਰ ਹੋਏ ਚੋਰਾਂ ਦਾ ਅਨੋਖਾ ਕਾਰਨਾਮਾ
Friday, Aug 19, 2022 - 11:02 AM (IST)
ਬਠਿੰਡਾ(ਸੁਖਵਿੰਦਰ) : ਪੁਲਸ ਨੇ ਵਾਹਨ ਚੋਰ ਗਿਰੋਹ ਦੇ ਚਾਰ ਮੈਂਬਰਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ 2 ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਇਕ ਵਿਅਕਤੀ ਨੂੰ ਨਾਬਾਲਗ ਹੋਣ ਕਾਰਨ ਰਿਹਾਅ ਕਰ ਦਿੱਤਾ। ਪੁਲਸ ਨੇ ਮੁਲਜ਼ਮਾਂ ਕੋਲੋਂ ਚੋਰੀ ਕੀਤੇ 33 ਵਾਹਨ ਬਰਾਮਦ ਕਰ ਕੇ ਉਨ੍ਹਾਂ ਖ਼ਿਲਾਫ਼ ਥਾਣਾ ਸਿਵਲ ਲਾਈਨ ਵਿਖੇ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਸੀ.ਆਈ.ਏ.-1 ਪੁਲਸ ਨੂੰ ਸੂਚਨਾ ਮਿਲੀ ਸੀ ਕਿ ਧੋਬੀਆਣਾ ਰੋਡ ’ਤੇ ਸਥਿਤ ਮੁਲਜ਼ਮ ਅਵਤਾਰ ਸਿੰਘ ਉਰਫ਼ ਤਾਰੀ ਵੱਲੋਂ ਇਕ ਨਾਬਾਲਗ ਨਾਲ ਮਿਲਕੇ ਗਿਰੋਹ ਬਣਾਇਆ ਹੋਇਆ ਹੈ। ਜੋ ਇਲਾਕੇ ਵਿਚ ਮੋਟਰਸਾਈਕਲ, ਐਕਟਿਵਾ ਆਦਿ ਚੋਰੀ ਕਰ ਕੇ ਅੱਗੇ ਵੇਚਦੇ ਹਨ। ਪੁਲਸ ਨੇ ਉਕਤ ਦੋਵਾਂ ਖ਼ਿਲਾਫ਼ ਥਾਣਾ ਸਿਵਲ ਲਾਈਨ ਵਿਖੇ ਮਾਮਲਾ ਦਰਜ ਕਰ ਕੇ ਅਵਤਾਰ ਸਿੰਘ ਅਤੇ ਨਾਬਾਲਗ ਵਿਅਕਤੀ ਨੂੰ ਚੋਰੀ ਦੀ ਐਕਟਿਵਾ ਸਵਾਰ ਮਾਡਲ ਟਾਊਟ ਫੇਸ-3 ਤੋਂ ਗ੍ਰਿਫ਼ਤਾਰ ਕੀਤਾ ਗਿਆ। ਜਦਕਿ ਇਕ ਵਿਅਕਤੀ ਨੂੰ ਨਾਬਾਲਗ ਹੋਣ ਕਾਰਨ ਰਿਹਾਅ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- ਬਰਨਾਲਾ 'ਚ ਰੂਹ ਕੰਬਾਊ ਘਟਨਾ, ਤੈਸ਼ 'ਚ ਆਏ ਭਾਣਜੇ ਨੇ ਗੰਡਾਸੇ ਮਾਰ ਕੀਤਾ ਮਾਮੇ ਦਾ ਕਤਲ
ਪੁੱਛਗਿੱਛ ਦੌਰਾਨ ਮੁਲਜ਼ਮ ਅਵਤਾਰ ਸਿੰਘ ਨੇ ਦੱਸਿਆ ਕਿ ਉਹ ਇਲਾਕੇ ਵਿਚੋਂ ਮੋਟਰਸਾਈਕਲ ਚੋਰੀ ਕਰ ਕੇ ਅੱਗੇ ਵੇਚਦੇ ਹਨ। ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਪੁਲਸ ਵੱਲੋਂ ਜੱਸੀ ਚੌਕ ਸਥਿਤ ਇਕ ਨੋਹਰੇ ’ਚੋਂ 28 ਮੋਟਰਸਾਈਕਲ ਅਤੇ 4 ਐਕਟਿਵਾ ਬਰਾਮਦ ਕੀਤੀਆਂ ਹਨ। ਪੁਲਸ ਵੱਲੋਂ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਚੋਰੀ ਦੇ ਵਾਹਨ ਖ਼ਰੀਦਣ ਵਾਲੇ ਕੁਲਦੀਪ ਸਿੰਘ ਕੀਪੀ ਵਾਸੀ ਜੀਵਾ ਅਰਾਈ ਜ਼ਿਲ੍ਹਾ ਫਿਰੋਜ਼ਪੁਰ ਅਤੇ ਅਮਰਾ ਸਿੰਘ ਵਾਸੀ ਚੱਕ ਕਾਠਗੜ੍ਹ ਜ਼ਿਲਾ ਫਿਰੋਜ਼ਪੁਰ ਖਿਲਾਫ਼ ਸਮੇਤ ਚਾਰਾਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਸੀ. ਆਈ. ਏ. ਦੇ ਸਹਾਇਕ ਥਾਣੇਦਾਰ ਹਰਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਦਾ ਰਿਮਾਂਡ ਹਾਸਲ ਕਰ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ- ਫਿਰੋਜ਼ਪੁਰ ਜੇਲ੍ਹ 'ਚ ਹਵਾਲਾਤੀ ਦੀ ਪਿੱਠ 'ਤੇ 'ਗੈਂਗਸਟਰ' ਲਿਖੇ ਜਾਣ ਦੇ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ
ਫਾਇਨਾਂਸ ਦੱਸ ਕੇ ਕਰਦੇ ਸਨ ਸੇਲ
ਮੁਲਜ਼ਮਾਂ ਵੱਲੋਂ ਨੋਹਰੇ ’ਚੋਂ ਹੀ ਉਕਤ ਮੋਟਰਸਾਈਕਲਾਂ ਨੂੰ ਫਾਈਨਾਂਸ ਦੇ ਮੋਟਰਸਾਈਕਲ ਦੱਸ ਕੇ ਵੇਚੇ ਜਾਂਦੇ ਸਨ। ਅਵਾਤਾਰ ਸਿੰਘ ਨੇ ਦੱਸਿਆ ਕਿ ਉਸਦੇ ਨਾਬਾਲਗ ਸਾਥੀ ਵੱਲੋਂ ਦੂਰ ਦੇ ਸ਼ਹਿਰਾਂ ਵਿਚ ਮੋਟਰਸਾਈਕਲਾਂ ਦੀ ਡਲਿਵਰੀ ਦਿੱਤੀ ਜਾਂਦੀ ਸੀ। ਨਾਬਾਲਗ ਹੋਣ ਕਾਰਨ ਲੋਕ ਉਸ ’ਤੇ ਸ਼ੱਕ ਵੀ ਘੱਟ ਕਰਦੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਵੱਲੋਂ ਸਪਲੈਡਰ ਅਤੇ ਐਕਟਿਵਾ ਨੂੰ ਵੀ ਚੋਰੀ ਕੀਤਾ ਜਾਂਦਾ ਸੀ ਜੋ ਜਲਦੀ ਹੀ ਮਾਰਕੀਟ ’ਚ ਵਿਕ ਜਾਂਦੇ ਸਨ ਅਤੇ ਸਸਤੇ ਹੋਣ ਕਾਰਨ ਲੋਕ ਖਰੀਦ ਲੈਂਦੇ ਸਨ।
ਚੋਰੀ ਕਰਨ ਦੇ ਸਨ ਚੋਣਵੇਂ ਦਿਨ
ਚੋਰੀ ਕਰਨ ਲਈ ਉਕਤ ਮੁਲਜ਼ਮਾਂ ਵੱਲੋਂ ਦਿਨ ਚੁਣੇ ਗਏ ਸਨ, ਜਿਨ੍ਹਾਂ ਦਿਨਾਂ ਵਿਚ ਹੀ ਉਹ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਸਨ। ਪੁੱਛਗਿੱਛ ਦੌਰਾਨ ਮੁਲਜ਼ਮ ਅਵਤਾਰ ਸਿੰਘ ਨੇ ਦੱਸਿਆ ਕਿ ਉਹ ਹਫ਼ਤੇ ਵਿਚ ਤਿੰਨ ਦਿਨ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਵਾਹਨ ਚੋਰੀ ਕਰਦੇ ਸਨ। ਉਨ੍ਹਾਂ ਕਿਹਾ ਕਿ ਉਹ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਮਾੜੇ ਗਿਣਦੇ ਸਨ, ਜਦਕਿ ਐਤਵਾਰ ਦੀ ਉਹ ਛੁੱਟੀ ਮਨਾਉਂਦੇ ਸਨ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।