ਆਂਗਣਵਾਡ਼ੀ ਮੁਲਾਜ਼ਮਾਂ ਪੁਲਸ ਕਰਮਚਾਰੀਆਂ ਨਾਲ ਭਿੜੀਆਂ

Wednesday, Jul 11, 2018 - 06:23 AM (IST)

ਆਂਗਣਵਾਡ਼ੀ ਮੁਲਾਜ਼ਮਾਂ ਪੁਲਸ ਕਰਮਚਾਰੀਆਂ ਨਾਲ ਭਿੜੀਆਂ

ਬਠਿੰਡਾ(ਸੁਖਵਿੰਦਰ)-ਮੰਗਾਂ ਨੂੰ ਲੈ ਕੇ ਆਲ ਇੰਡੀਆ ਫੈੱਡਰੇਸ਼ਨ ਆਫ ਆਂਗਣਵਾਡ਼ੀ ਵਰਕਰਜ਼ ਦੇ ਸੱਦੇ ’ਤੇ ਬਠਿੰਡਾ ’ਚ ਆਂਗਣਵਾਡ਼ੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੀ ਅਗਵਾਈ ’ਚ ਚੱਕਾ ਜਾਮ ਕਰ ਰਹੀਆਂ ਆਂਗਣਵਾਡ਼ੀ ਮੁਲਾਜ਼ਮਾਂ ਅਤੇ ਪੁਲਸ ਦੇ ਦਰਮਿਆਨ ਜ਼ੋਰਦਾਰ ਝਡ਼ਪ ਹੋਈ। ਇਸ ਦੌਰਾਨ ਦੋਵਾਂ ਧਿਰਾਂ ਵਿਚ ਹੋਈ ਧੱਕਾ-ਮੁੱਕੀ ਦੌਰਾਨ ਕਰੀਬ ਅੱਧਾ ਦਰਜਨ ਆਂਗਣਵਾਡ਼ੀ ਮੁਲਾਜ਼ਮ ਬੇਹੋਸ਼ ਹੋ ਕੇ ਡਿੱਗ ਪਈਆਂ ਜਿਨ੍ਹਾਂ ਨੂੰ ਲੋਡ਼ੀਂਦਾ ਇਲਾਜ ਦੇਣਾ ਪਿਆ। ਇਸ ਮੌਕੇ ਮੁਲਾਜ਼ਮਾਂ ਨੇ ਸਰਕਾਰ ਅਤੇ ਪੁਲਸ  ਵਿਭਾਗ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਗੌਰਤਲਬ ਹੈ ਕਿ ਆਂਗਣਵਾਡ਼ੀ ਕੇਂਦਰਾਂ ਤੋਂ ਬੱਚਿਆਂ ਨੂੰ ਹਟਾ ਕੇ ਪ੍ਰੀ-ਪ੍ਰਾਇਮਰੀ ਸਕੂਲਾਂ ’ਚ ਭਰਤੀ ਕਰਨ, ਮੁਲਾਜ਼ਮਾਂ ਦੇ ਭੱਤੇ ਵਧਾਉਣ ਅਤੇ ਹੋਰ ਮੰਗਾਂ ਨੂੰ ਲੈ ਕੇ ਮੁਲਾਜ਼ਮ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ। 
 ਮੰਗਲਵਾਰ ਨੂੰ ਮੁਲਾਜ਼ਮਾਂ ਨੇ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੌਲਾ ਦੀ ਅਗਵਾਈ ਵਿਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਘਿਰਾਓ ਕੀਤਾ ਅਤੇ ਸ਼ਹਿਰ ’ਚ ਰੋਸ ਮਾਰਚ ਕੱਢਿਆ, ਜਿਸ ’ਚ ਮਾਲਵਾ ਦੇ ਵੱਖ-ਵੱਖ  ਜ਼ਿਲਿਆਂ ’ਚ ਮੁਲਾਜ਼ਮਾਂ ਨੇ ਸ਼ਿਰਕਤ ਕੀਤੀ। ਬਾਅਦ ’ਚ ਮੁਲਾਜ਼ਮਾਂ ਨੇ ਮਿੰਨੀ ਸੈਕਟਰੀਏਟ ਦੇ ਨੇਡ਼ੇ ਅਦਾਲਤ ਭਵਨ ਚੌਕ ’ਚ ਚੱਕਾ ਜਾਮ ਕਰ ਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। 
ਮੁਲਾਜ਼ਮਾਂ ਨੇ ਅਧਿਕਾਰੀਆਂ ਨੂੰ ਸੌਂਪਿਆ ਮੰਗ-ਪੱਤਰ
ਮੁਲਾਜ਼ਮਾਂ ਦੇ ਰੋਸ ਪ੍ਰਦਰਸ਼ਨ ਨੂੰ ਵੇਖਦੇ ਹੋਏ ਵੱਡੀ ਗਿਣਤੀ ’ਚ ਪੁਲਸ ਦੀ ਤਾਇਨਾਤੀ ਕੀਤੀ ਗਈ। ਮੁਲਾਜ਼ਮਾਂ ਨੂੰ ਸਡ਼ਕ ਤੋਂ ਹਟਾਉਣ ਦੌਰਾਨ ਮਹਿਲਾ ਪੁਲਸ ਅਤੇ ਆਂਗਣਵਾਡ਼ੀ ਮੁਲਾਜ਼ਮਾਂ ਵਿਚ ਝਡ਼ਪ ਹੋ ਗਈ। ਇਸ ਦੌਰਾਨ ਦੋਵਾਂ ਧਿਰਾਂ ਵਿਚ ਧੱਕਾ-ਮੁੱਕੀ ਹੁੰਦੀ ਰਹੀ, ਜਿਸ ਦੌਰਾਨ ਕਰੀਬ ਅੱਧਾ ਦਰਜਨ ਮੁਲਾਜ਼ਮ ਗਰਮੀ ਕਾਰਨ ਬੇਸੁੱਧ ਹੋ ਕੇ ਡਿੱਗ ਗਈਆਂ। ਬਾਅਦ ’ਚ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਮੁਲਾਜ਼ਮਾਂ ਨੂੰ ਸ਼ਾਂਤ ਕੀਤਾ ਅਤੇ ਮੁਲਾਜ਼ਮਾਂ ਨੇ ਅਧਿਕਾਰੀਆਂ ਨੂੰ ਮੰਗ-ਪੱਤਰ ਸੌਂਪਿਆ।  ਇਸ ਮੌਕੇ ’ਤੇ ਯੂਨੀਅਨ ਆਗੂ ਊਸ਼ਾ ਰਾਣੀ, ਸੁਭਾਸ਼ ਰਾਣੀ ਆਦਿ ਨੇ ਕਿਹਾ ਕਿ ਜਦ ਤਕ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ, ਉਦੋਂ ਤੱਕ ਆਂਗਣਵਾਡ਼ੀ ਮੁਲਾਜ਼ਮ ਸੰਘਰਸ਼ ਨੂੰ ਜਾਰੀ ਰੱਖਣਗੀਅਾਂ।
ਇਹ ਸਨ ਮੌਜੂਦ
ਇਸ ਮੌਕੇ ’ਤੇ ਬਲਰਾਜ ਬਰਨਾਲਾ, ਚਰਨਜੀਤ ਮਾਨਸਾ, ਜਸਵਿੰਦਰ ਮਾਨਸਾ, ਗੁਰਮੇਲ ਸੰਗਰੂਰ, ਗੁਰਮੀਤ ਕੌਰ, ਮਨਦੀਪ ਕੌਰ ਸੰਗਰੂਰ, ਪ੍ਰਕਾਸ਼ ਕੌਰ ਬਠਿੰਡਾ, ਬਲਵਿੰਦਰ ਕੌਰ ਪਟਿਆਲਾ, ਰਣਜੀਤ ਕੌਰ, ਵਿਸ਼ਰਾਮ ਸਿੰਘ ਆਦਿ ਹਾਜ਼ਰ ਸਨ।


Related News