ਪੁਲਸ ਹੱਥ ਲੱਗੀ ਵੱਡੀ ਸਫਲਤਾ, ਚੋਰੀ ਦੇ 8 ਮੋਟਰਸਾਈਕਲਾਂ ਸਮੇਤ 2 ਗ੍ਰਿਫ਼ਤਾਰ
Saturday, Mar 31, 2018 - 02:04 PM (IST)

ਬਟਾਲਾ (ਸੈਂਡੀ) : ਥਾਣਾ ਕਿਲਾ ਲਾਲ ਸਿੰਘ ਦੀ ਪੁਲਸ ਵੱਲੋਂ ਮੋਟਰਸਾਈਕਲ ਚੋਰੀ ਕਰਨ ਵਾਲੇ ਵਿਅਕਤੀ ਦੇ ਸਾਥੀ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਚ.ਓ ਅਮੋਲਕਦੀਪ ਸਿੰਘ ਨੇ ਦੱਸਿਆ ਕਿ ਡੀ.ਐੱਸ. ਪੀ ਫਤਿਹਗੜ ਚੂੜੀਆਂ ਰਵਿੰਦਰ ਕੁਮਾਰ ਸ਼ਰਮਾ ਦੀ ਨਿਗਰਾਨੀ ਹੇਠ ਅਤੇ ਏ.ਐੱਸ.ਆਈ ਦਲਜੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਨਾਕਾਬੰਦੀ ਦੌਰਾਨ ਬੀਤੇ ਕੱਲ ਇਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਤੇ ਇਕ ਬਿਨਾਂ ਨੰਬਰੀ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕੀਤਾ ਸੀ। ਜਿਸ ਤੋਂ ਬਾਅਦ ਉਕਤ ਵਿਅਕਤੀ ਤੋਂ ਪੁੱਛਗਿੱਛ ਦੌਰਾਨ ਉਸ ਨੇ ਮੰਨਿਆ ਕਿ ਉਸ ਦਾ ਦੂਜਾ ਸਾਥੀ ਬਿੱਟੂ ਸਿੰਘ ਉਰਫ ਬਲਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਕਲਾਰ ਵੀ ਉਸ ਨਾਲ ਰਲਿਆ ਹੋਇਆ ਸੀ।
ਐੱਸ.ਐੱਚ.ਓ ਨੇ ਦੱਸਿਆ ਕਿ ਉਕਤ ਵਿਅਕਤੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਿਸ ਕੋਲੋਂ 8 ਬਿਨਾਂ ਨੰਬਰੀ ਮੋਟਰਸਾਈਕਲ ਬਰਾਮਦ ਕੀਤੇ ਗਏ। ਜੋ ਉਸ ਨੇ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ ਹਨ। ਉਕਤ ਦੋਵੇਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ।