ਸਨੈਚਿੰਗ ਕਰਨ ਵਾਲੇ ਦੋ ਨੌਜਵਾਨ ਚੜ੍ਹੇ ਪੁਲਸ ਹੱਥ, ਮੋਬਾਇਲ ਬਰਾਮਦ
Thursday, Feb 08, 2018 - 04:28 PM (IST)

ਪਠਾਨਕੋਟ/ਸੁਜਾਨਪੁਰ (ਸ਼ਾਰਦਾ, ਹੀਰਾ ਲਾਲ, ਸਾਹਿਲ) : ਸੁਜਾਨਪੁਰ ਪੁਲਸ ਨੇ ਦੋ ਸਨੈਚਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਖੋਹਿਆ ਹੋਇਆ ਮੋਬਾਇਲ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇਕਬਾਲ ਸਿੰਘ ਨੇ ਦੱਸਿਆ ਕਿ ਪਠਾਨਕੋਟ ਦੇ ਅਬਰੋਲ ਨਗਰ ਵਾਸੀ ਸ਼ਿਵਾਨੀ 25 ਦਸੰਬਰ ਨੂੰ ਕਿਸੇ ਕੰਮ ਤੋਂ ਛੋਟੀ ਨਹਿਰ ਦੇ ਕੋਲ ਗਈ ਸੀ ਕਿ ਉਥੋਂ ਕਾਲੇ ਰੰਗ ਦੇ ਬਿਨਾਂ ਨੰਬਰੀ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨਾਂ ਨੇ ਝਪਟ ਮਾਰ ਕੇ ਉਸਦਾ ਮੋਬਾਇਲ ਖੋਹ ਲਿਆ ਅਤੇ ਫਰਾਰ ਹੋ ਗਏ।
ਸੁਜਾਨਪੁਰ ਪੁਲਸ ਨੇ ਇਸ ਮਾਮਲੇ ਵਿਚ ਗੌਰਵ ਵਾਸੀ ਸੁੰਦਰਚੱਕ ਨੂੰ ਛੋਟੀ ਨਹਿਰ ਦੇ ਕੋਲੋਂ ਫੜ ਲਿਆ। ਉਥੇ ਹੀ ਉਸ ਦੇ ਦੂਸਰੇ ਸਾਥੀ ਡਿੰਪਲ ਵਸ਼ਿਸ਼ਟ ਉਰਫ਼ ਡਿੰਪੀ ਨੂੰ ਵੀਰਵਾਰ ਸਵੇਰੇ ਹਾਈਡਲ ਨਹਿਰ ਦੇ ਕੋਲੋਂ ਦਬੋਚ ਲਿਆ ਗਿਆ। ਇਨ੍ਹਾਂ ਦੇ ਕੋਲ ਚੋਰੀ ਦਾ ਮੋਬਾਇਲ ਅਤੇ ਬਿਨਾਂ ਨੰਬਰੀ ਸਪਲੈਂਡਰ ਮੋਟਰਸਾਈਕਲ ਬਰਾਮਦ ਕਰ ਲਿਆ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਪੀੜਤ ਔਰਤ ਵੱਲੋਂ ਦੋਵੇਂ ਸਨੈਚਰਾਂ ਦੀ ਸ਼ਨਾਖਤ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।