ਪੁਲਸ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ : ਨਸ਼ਾ ਬੰਦ ਕਰਵਾਉਣ ਦੇ ਦਾਅਵੇ ਸਿਰਫ ਕਾਗਜ਼ਾਂ ''ਚ

01/16/2018 12:05:10 PM

ਚੇਤਨਪੁਰਾ/ਰਾਜਾਸਾਂਸੀ (ਨਿਰਵੈਲ) - ਪੰਜਾਬ ਅੰਦਰ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਵਿਚ 12 ਸਾਲ ਦੇ ਬੱਚੇ ਤੋਂ ਲੈ ਕੇ 50 ਸਾਲ ਦੇ ਵਿਅਕਤੀਆਂ 'ਚ ਤਕਰੀਬਨ 80 ਫੀਸਦੀ ਲੋਕ ਆਮ ਹੀ ਡੁਬਕੀਆਂ ਲਾਉਣੀਆਂ ਸਿੱਖ ਗਏ ਹਨ, ਨਸ਼ਿਆਂ ਦੇ ਇਸ ਦਰਿਆ 'ਚ ਹੈਰੋਇਨ ਅਤੇ ਸਮੈਕ ਦੇ ਨਸ਼ਾ ਨੇ ਲੋਕਾਂ ਦੇ ਮਨਾਂ ਅੰਦਰ ਘਰ ਕਰ ਗਿਆ ਹੈ । ਕੁਝ ਸਮਾਂ ਪਹਿਲਾਂ ਤਾਂ ਇਹ ਨਸ਼ੇ ਵਾਲੀਆਂ ਚੀਜ਼ਾਂ ਰਾਜਸਥਾਨ ਤੋਂ ਸਪਲਾਈ ਹੋਣ ਵਾਲੀਆਂ ਜਿਵੇਂ ਸਬਜ਼ੀ, ਕਣਕ ਵਗੈਰਾ ਆਉਣ ਵਾਲੇ ਸਾਮਾਨ 'ਚ ਲੁਕਾ ਕੇ ਲਿਆਂਦੀਆਂ ਜਾਂਦੀਆਂ ਸਨ, ਪਰ ਅੱਜਕਲ ਤਾਂ ਉਕਤ ਨਸ਼ੇ ਹਰ ਗਲੀ ਮੁਹੱਲਿਆਂ ਤੱਕ ਪਹੁੰਚ ਗਏ ਹਨ ਤੇ ਨਸ਼ੇ ਦੀ ਸਮੱਗਲਿੰਗ ਕਰਨ ਵਾਲੇ ਮਿਲੀਭੁਗਤ ਰਾਹੀਂ ਵੱਡੇ ਪੱਧਰ 'ਤੇ ਨਸ਼ੇ ਦਾ ਧੰਦਾ ਕਰ ਕੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਿਚ ਧੱਕ ਰਹੇ ਹਨ, ਜਿਸ ਕਾਰਨ ਨਸ਼ੇੜੀ ਨਸ਼ੇ ਦੀ ਪੂਰਤੀ ਲਈ ਚੋਰੀਆਂ, ਡਾਕਿਆਂ ਅਤੇ ਕਤਲ ਤੱਕ ਵਰਗੇ ਕੰਮ ਨੂੰ ਅੰਜਾਮ ਦਿੰਦੇ ਹਨ। 
ਸਮੈਕ ਦੀ ਬਜਾਏ ਹੈਰੋਇਨ ਨੂੰ ਤਰਜੀਹ
ਉਕਤ ਕਸਬਿਆਂ ਦੇ ਆਸ-ਪਾਸ ਦੇ ਪਿੰਡਾਂ ਦੇ ਨੌਜਵਾਨ ਤਾਂ ਸਮੈਕ ਦੀ ਬਜਾਏ ਹੈਰੋਇਨ ਨੂੰ ਤਰਜੀਹ ਦੇਣ ਲੱਗ ਪਏ ਹਨ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਇਹ ਨਸ਼ਾ ਆ ਕਿੱਥੋਂ ਰਿਹਾ ਹੈ? 
ਨਸ਼ਿਆਂ ਦੀ ਜੜ੍ਹ ਨੂੰ ਉਖਾੜਨਾ ਚਾਹੀਦੈ 
ਇਨ੍ਹਾਂ ਨਸ਼ੀਲੇ ਪਦਾਰਥਾਂ 'ਤੇ ਸਰਕਾਰਾਂ ਨੇ ਪਾਬੰਦੀ ਕੀ ਲਾਉਣੀ ਹੁੰਦੀ ਹੈ ਇਹ ਤਾਂ ਸਿਰਫ਼ ਅੱਖਾਂ ਵਿਚ ਘੱਟਾ ਪਾਉਣ ਵਾਲੀ ਗੱਲ ਲੱਗਦੀ ਹੈ,'ਚੋਰ ਦੀ ਬਜਾਏ ਚੋਰ ਦੀ ਮਾਂ ਨੂੰ ਫੜਨਾ' ਚਾਹੀਦਾ ਹੈ, ਨਸ਼ੇ ਦਾ ਸੇਵਨ ਕਰਨ ਵਾਲਿਆਂ ਦੀ ਬਜਾਏ ਨਸ਼ੇ ਦੀ ਸਮੱਗਲਿੰਗ ਕਰਨ ਵਾਲਿਆਂ 'ਤੇ ਵੱਡੇ ਪੱਧਰ 'ਤੇ ਸ਼ਿਕੰਜਾ ਕੱਸਣਾ ਚਾਹੀਦਾ ਹੈ। ਮੌਜੂਦਾ ਸਰਕਾਰ ਵੱਲੋਂ ਛੋਟੇ ਪੱਧਰ 'ਤੇ ਤਾਂ ਨਸ਼ਿਆਂ 'ਤੇ ਕਾਫ਼ੀ ਕੰਟਰੋਲ ਕੀਤਾ ਹੈ ਪਰ ਵੱਡੇ ਪੱਧਰ 'ਤੇ ਨਸ਼ੇ ਦਿਨੋਂ-ਦਿਨ ਜਿਵੇਂ ਹੈਰੋਇਨ, ਸਮੈਕ ਆਦਿ ਦਾ ਅਗਾਂਹ ਵੱਲ ਪੈਰ ਪਸਾਰ ਰਿਹਾ ਹੈ, ਜਿਸ ਦੀ ਮਿਸਾਲ ਉਕਤ ਕਸਬਿਆਂ ਦੇ ਨਾਲ ਲੱਗਦੇ ਸਾਰੇ ਪਿੰਡਾਂ ਤੋਂ ਮਿਲਦੀ ਹੈ।  ਇਨ੍ਹਾਂ ਪਿੰਡਾਂ ਵਿਚ ਦਿਨ ਦੇ ਸਮੇਂ ਇਕੱਲੇ ਵਿਅਕਤੀ ਜਾਂ ਔਰਤ ਦਾ ਜਾਣਾ ਖ਼ਤਰੇ ਤੋਂ ਖ਼ਾਲੀ ਨਹੀਂ ਹੈ, ਨਿੱਤ ਦਿਨ ਹੀ ਇਨ੍ਹਾਂ ਪਿੰਡਾਂ 'ਚ ਦਿਨ ਵੇਲੇ ਹੀ ਲੁੱਟ-ਖੋਹ ਦੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ, ਇਵੇਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਪੁਲਸ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਤਮਾਸ਼ਾ ਵੇਖ ਰਿਹਾ ਹੋਵੇ।
ਸਰਕਾਰ ਦੇ ਦਾਅਵੇ ਠੁੱਸ
ਜ਼ਿਕਰਯੋਗ ਹੈ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੋਟਾਂ ਤੋਂ ਪਹਿਲਾਂ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਖਾਧੀ ਸੀ ਕਿ ਪੰਜਾਬ 'ਚ ਨਸ਼ਾ ਮੁਕਤ ਕੀਤਾ ਜਾਵੇਗਾ ਪਰ ਸਰਕਾਰ ਬਣੀ ਨੂੰ ਇਕ ਸਾਲ ਦੇ ਕਰੀਬ ਹੋ ਗਿਆ ਹੈ ਪਰ ਨਸ਼ਾ ਘਟਣ ਦੀ ਬਜਾਏ ਵਧਿਆ ਹੀ ਹੋਵੇਗਾ, ਜਿਸ ਦਾ ਅੰਦਾਜ਼ਾ ਨਸ਼ੇ ਨਾਲ ਹੋਣ ਵਾਲੀਆਂ ਮੌਤਾਂ 'ਚ ਦਿਨੋਂ-ਦਿਨ ਹੋ ਰਹੇ ਵਾਧੇ ਤੋਂ ਲਾਇਆ ਜਾ ਸਕਦਾ ਹੈ। 
ਇਲਾਕਾ ਵਾਸੀਆਂ ਜਤਾਇਆ ਰੋਸ
ਇਸ ਇਲਾਕੇ ਦੇ ਨੌਜਵਾਨ ਕੁਲਦੀਪ ਸਿੰਘ ਧਾਲੀਵਾਲ, ਦਿਲਬਾਗ ਸਿੰਘ ਭੱਟੀ, ਹਰਿੰਦਰ ਸਿੰਘ ਭੁੱਲਰ ਨਿਜ਼ਾਮਪੁਰਾ, ਸਰਪੰਚ ਮਲਕੀਤ ਸਿੰਘ, ਮਨਜਿੰਦਰ ਸਿੰਘ ਪਨੂੰ, ਸੁਖਦਿਆਲ ਸਿੰਘ, ਸੁਖਚੈਨ ਸਿੰਘ, ਰੇਸ਼ਮ ਸਿੰਘ, ਸੰਦੀਪ ਸਿੰਘ, ਡਾ. ਗੁਰਭੇਜ ਸਿੰਘ, ਰੇਸ਼ਮ ਸਿੰਘ ਤੋਂ ਇਲਾਵਾ ਹੋਰ ਵੀ ਵਿਅਕਤੀਆਂ ਨੇ ਨਸ਼ਿਆਂ ਦੀ ਸਮੱਗਲਿੰਗ ਕਰਨ ਵਾਲਿਆਂ ਦਾ ਵਿਰੋਧ ਕਰਦਿਆਂ ਜਗ ਬਾਣੀ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਨਸ਼ਾ ਮੁਕਤ ਕਰਨ ਦੇ ਦਾਅਵੇ ਤਾਂ ਬਹੁਤ ਕਰਦੀਆਂ ਹਨ ਪਰ ਜਦ ਨੌਜਵਾਨ ਸ਼ਰੇਆਮ ਨਸ਼ੇ ਕਰਦੇ ਵੇਖੇ ਜਾਂਦੇ ਹਨ ਤਾਂ ਇਹ ਮਹਿਸੂਸ ਹੁੰਦਾ ਹੈ ਜਿਵੇਂ ਇਹ ਦਾਅਵੇ ਸਿਰਫ਼ ਬਿਆਨਾਂ ਤੱਕ ਹੀ ਸੀਮਿਤ ਰਹਿ ਜਾਂਦੇ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨਸ਼ਿਆਂ ਪ੍ਰਤੀ ਡੂੰਘਾਈ ਨਾਲ ਤਵੱਜੋ ਦੇ ਕੇ ਇਸ 'ਤੇ ਕੰਟਰੋਲ ਕੀਤਾ ਜਾਵੇ ਤਾਂ ਜੋ ਲੋਕ ਠੀਕ ਜ਼ਿੰਦਗੀ ਬਤੀਤ ਕਰ ਸਕਣ।      


Related News