ਪੁਲਸ ਹੱਥ ਲੱਗੀ ਵੱਡੀ ਸਫਲਤਾ, ਨਵਜੰਮੇ ਬੱਚਿਆਂ ਦੀ ਖ਼ਰੀਦੋ ਫਰੋਖ਼ਤ (ਤਸਕਰੀ) ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

Monday, Nov 22, 2021 - 05:16 PM (IST)

ਪੁਲਸ ਹੱਥ ਲੱਗੀ ਵੱਡੀ ਸਫਲਤਾ, ਨਵਜੰਮੇ ਬੱਚਿਆਂ ਦੀ ਖ਼ਰੀਦੋ ਫਰੋਖ਼ਤ (ਤਸਕਰੀ) ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

ਲਹਿਰਾਗਾਗਾ (ਗਰਗ): ਜ਼ਿਲ੍ਹਾ ਪੁਲਸ ਮੁਖੀ ਸਵਪਨ ਸ਼ਰਮਾ ਨੇ ਸਮੁੱਚੇ ਜ਼ਿਲ੍ਹੇ ’ਚ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਡੀ.ਐੱਸ.ਪੀ. ਮਨੋਜ ਗੋਰਸੀ ਅਤੇ ਥਾਣਾ ਸਦਰ ਦੇ ਇੰਚਾਰਜ ਵਿਜੇ ਕੁਮਾਰ ਦੀ ਯੋਗ ਅਗਵਾਈ ਹੇਠ ਥਾਣਾ ਲਹਿਰਾ ਦੀ ਪੁਲਸ ਨੇ ਨਵਜੰਮੇ ਬੱਚਿਆਂ ਦੀ ਖ਼ਰੀਦੋ ਫ਼ਰੋਖ਼ਤ (ਤਸਕਰੀ) ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਡੀ.ਐੱਸ.ਪੀ. ਮਨੋਜ ਗੋਰਸੀ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਕ੍ਰਿਸ਼ਨ ਕੁਮਾਰ ਪੁਲਸ ਪਾਰਟੀ ਸਮੇਤ ਚੈਕਿੰਗ ਸ਼ੱਕੀ ਵਾਹਨਾਂ ਦੇ ਸੰਬੰਧ ਵਿਚ ਬਾਹੱਦ ਟੀ-ਪੁਆਇੰਟ ਪਾਤੜਾਂ ਜਾਖਲ ਰੋਡ ਲਹਿਰਾ ਮੌਜੂਦ ਸੀ। 

ਉਸ ਸਮੇਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਕਮਲੇਸ਼ ਕੌਰ ਪਤਨੀ ਸਤਪਾਲ ਸਿੰਘ ਵਾਸੀ ਮਾਨਸਾ ਹੋਰ ਮੇਲ ਮਿਲਾਪ ਵਾਲੇ ਵਿਅਕਤੀਆਂ /ਜਨਾਨੀਆਂ ਨਾਲ ਮਿਲ ਕੇ ਨਵ ਜੰਮੇ ਬੱਚੇ ਅੱਗੇ ਵੇਚਣ ਦਾ ਧੰਦਾ ਕਰਦੀ ਹੈ, ਜੋ ਕੋਟੜਾ ਲੇਹਲ ਨਵਜੰਮੇ ਬੱਚੇ ਸਮੇਤ ਖੜੀ ਹੈ। ਉਹ ਨਵਜੰਮੇ ਬੱਚੇ ਨੂੰ ਵੇਚਣ ਲਈ ਗਾਹਕ ਦੀ ਭਾਲ ਵਿਚ ਹੈ। ਬੱਸ ਸਟੈਂਡ ਕੋਟੜਾ ਲੇਹਲ ਵਿਖੇ ਰੇਡ ਕਰਨ ’ਤੇ ਪੁਲਸ ਨੇ ਕਮਲੇਸ਼ ਕੌਰ ਪਤਨੀ ਸਤਪਾਲ ਸਿੰਘ ਵਾਸੀ ਮਾਨਸਾ ਨੂੰ ਨਵਜੰਮੇ ਬੱਚੇ (ਜਿਸ ਦੀ ਉਮਰ ਕਰੀਬ 10 ਦਿਨ ਹੈ ) ਸਮੇਤ ਗ੍ਰਿਫ਼ਤਾਰ ਕਰ ਲਿਆ। ਕਮਲੇਸ਼ ਰਾਣੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਨਵਜੰਮੇ ਬੱਚੇ ਨੂੰ ਚੇਅਰਮੈਨ ਚਿਲਡਰਨ ਵੈਲਫੇਅਰ ਕਮੇਟੀ ਸੰਗਰੂਰ ਦੇ ਪੇਸ਼ ਕੀਤਾ ਗਿਆ। ਬੱਚੇ ਨੂੰ ਐੱਸ.ਡੀ.ਕੇ. ਐੱਸ ਯਾਦਵਿੰਦਰਾ ਪੂਰਨ ਬਾਲ ਨਿਕੇਤਨ ਲਾਹੌਰੀ ਗੇਟ ਪਟਿਆਲਾ ਵਿਖੇ ਦੇਖਭਾਲ ਲਈ ਭੇਜਿਆ ਜਾਵੇਗਾ।

ਮੁੱਢਲੀ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਕ ਤੋਂ ਜ਼ਿਆਦਾ ਜੋੜਿਆਂ ਤੋਂ ਬੱਚੇ ਲੈ ਕੇ ਅੱਗੇ ਵੇਚੇ ਸਨ। ਇਸ ਗਿਰੋਹ ਦੇ ਹੋਰਨਾਂ ਸੂਬਿਆਂ ਦੇ ਨਾਲ ਤਾਰ ਜੁੜੇ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਇਲਾਕਾ ਹਰਿਆਣਾ ਨਾਲ ਲੱਗਦਾ ਹੋਣ ਕਾਰਨ ਪੁਲਸ ਦੀ ਸਮਾਜ ਵਿਰੋਧੀ ਅਨਸਰਾਂ ’ਤੇ ਪੈਨੀ ਨਜ਼ਰ ਹੈ। ਦੂਜੇ ਪਾਸੇ ਐੱਸ.ਐੱਸ.ਪੀ. ਸੰਗਰੂਰ ਸ੍ਰੀ ਸਵਪਨ ਸ਼ਰਮਾ ਦਾ ਮੰਨਣਾ ਹੈ ਕਿ ਇਹ ਬਹੁਤ ਗੰਭੀਰ ਅਪਰਾਧ ਹੈ। ਅਗਲੀ ਪੁੱਛ ਪੜਤਾਲ ਦੌਰਾਨ ਇਸ ਵਿਚ ਜਿਸ ਅਪਰਾਧੀ ਦੀ ਸ਼ਮੂਲੀਅਤ ਪਾਈ ਗਈ, ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਕਥਿਤ ਦੋਸ਼ਣ ਕਮਲੇਸ਼ ਕੌਰ ਤੋਂ ਪੁੱਛਗਿੱਛ ਕਰਨ ਉਪਰੰਤ ਬਾਕੀ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰ ਕੇ ਖਰੀਦੋ ਫਰੋਖਤ ਹੋਏ ਬੱਚੇ ਬਰਾਮਦ ਕਰਵਾਏ ਜਾਣਗੇ। 


author

rajwinder kaur

Content Editor

Related News