ਪੁਲਸ ਹਿਰਾਸਤ ''ਚ ਹੋਈ ਮੌਤ ਦੇ ਮਾਮਲੇ ਦੀ ਜੁਡੀਸ਼ੀਅਲ ਜਾਂਚ ਸ਼ੁਰੂ
Wednesday, Dec 09, 2020 - 04:27 PM (IST)
ਲੰਬੀ/ਮਲੋਟ (ਜੁਨੇਜਾ) : ਸੋਮਵਾਰ ਨੂੰ ਪੁਲਸ ਚੌਂਕੀ ਕਿੱਲਿਆਂਵਾਲੀ ਵਿਖੇ ਹੋਈ ਇਕ ਵਿਅਕਤੀ ਦੀ ਹਿਰਾਸਤੀ ਮੌਤ ਦੀ ਜ਼ਿਲ੍ਹਾ ਸ਼ੈਸਨ ਜੱਜ ਸਾਹਿਬ ਦੇ ਹੁਕਮਾਂ 'ਤੇ ਜੂਡੀਸ਼ਅਲ ਜਾਂਚ ਸ਼ੁਰੂ ਹੋ ਗਈ ਹੈ। ਹਾਲਾਂਕਿ ਮ੍ਰਿਤਕ ਦੇ ਪਰਿਵਾਰ ਦੇ ਦੋਸ਼ ਸਨ ਕਿ ਪੁਲਸ ਵੱਲੋਂ ਮ੍ਰਿਤਕ 'ਤੇ ਤਸ਼ੱਦਦ ਕੀਤਾ ਸੀ ਜਿਸ ਕਰਕੇ ਉਸ ਦੀ ਮੌਤ ਹੋ ਗਈ, ਇਸ ਲਈ ਜ਼ਿੰਮੇਵਾਰ ਪੁਲਸ ਮੁਲਾਜ਼ਮਾਂ ਵਿਰੁੱਧ ਕਤਲ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਜ਼ਿਕਰਯੋਗ ਹੈ ਕਿ ਕੱਲ ਕਿੱਲਿਆਂਵਾਲੀ ਪੁਲਸ ਚੌਂਕੀ ਨੇ ਮੰਡੀ ਡੱਬਵਾਲੀ ਦੇ ਮੋਹਨ ਲਾਲ ਪੁੱਤਰ ਬਿਹਾਰੀ ਲਾਲ ਨੂੰ ਸਾਥੀਆਂ ਨਾਲ ਜੂਆ ਖੇਡਦੇ ਹਿਰਾਸਤ ਵਿਚ ਲਿਆ ਸੀ ਪਰ ਪੁਲਸ ਚੌਂਕੀ ਵਿਚ ਮੋਹਨ ਲਾਲ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਉਸਨੂੰ ਲੰਬੀ ਸਿਵਲ ਹਸਪਤਾਲ ਲਿਆਂਦਾ ਗਿਆ । ਭਾਵੇਂ ਹਸਪਤਾਲ ਆਉਣ ਤੋਂ ਪਹਿਲਾਂ ਮੋਹਨ ਲਾਲ ਦੀ ਮੌਤ ਹੋ ਗਈ ਸੀ ਪਰ ਹਸਪਾਲ ਵਿਚ ਕੋਈ ਡਾਕਟਰ ਹਾਜ਼ਰ ਨਾ ਹੋਣ ਨੇ ਸਿਹਤ ਵਿਭਾਗ ਦੀ ਪੋਲ ਖੋਹਲ ਦਿੱਤੀ ਸੀ।
ਉਧਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਹੰਗਾਮਾ ਕਰਦਿਆਂ ਪੁਲਸ ਮੁਲਾਜ਼ਮਾਂ ਵਿਰੁੱਧ ਕਤਲ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਸੀ। ਜਦਕਿ ਪੁਲਸ ਦਾ ਕਹਿਣਾ ਸੀ ਇਹ ਮੌਤ ਹਾਰਟ ਅਟੈਕ ਕਾਰਨ ਹੋਈ ਹੈ ਜਿਸ ਦੀ ਪੋਸਟ ਮਾਰਟਮ ਰਿਪੋਰਟ ਆਉਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਕੱਲ ਦੇਰ ਰਾਤ ਤੱਕ ਚਲੇ ਇਸ ਰੋਸ ਪ੍ਰਦਰਸ਼ਨ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਮਲੋਟ ਦੇ ਸਰਕਾਰੀ ਹਸਪਤਾਲ ਪੋਸਟ ਮਾਰਟਮ ਲਈ ਲੈ ਆਂਦਾ। ਉਧਰ ਅੱਜ ਮ੍ਰਿਤਕ ਦੇ ਪਰਿਵਾਰ ਨੇ ਫਿਰ ਲੰਬੀ ਵਿਖ ਰੋਸ ਪ੍ਰਦਰਸ਼ਨ ਕੀਤਾ। ਅੱਜ ਮ੍ਰਿਤਕ ਸਤਪਾਲ ਦੇ ਪੁੱਤਰ ਦੀਪਕ ਕੁਮਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਪਿਤਾ ਦੀ ਮੌਤ ਲਈ ਜ਼ਿੰਮੇਵਾਰ ਪੁਲਸ ਕਰਮਚਾਰੀਆਂ ਵਿਚੋਂ ਰਵਿੰਦਰ ਕੁਮਾਰ ਨੇ ਧਮਕੀਆਂ ਦਿੱਤੀਆਂ । ਮ੍ਰਿਤਕ ਪਰਿਵਾਰ ਦੀ ਮੰਗ ਹੈ ਕਿ ਪੁਲਸ ਕਰਮਚਾਰੀਆਂ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ। ਉਧਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਐੱਸ. ਪੀ. ਰਾਜਪਾਲ ਸਿੰਘ ਹੁੰਦਲ ਦਾ ਕਹਿਣਾ ਹੈ ਕਿ ਪਰਿਵਾਰ ਨੇ ਆਪਣੇ ਬਿਆਨ ਦਰਜ ਕਰਾ ਦਿੱਤੇ ਹਨ ਮਾਨਯੋਗ ਜ਼ਿਲ੍ਹਾ ਸੈਸ਼ਨ ਜੱਜ ਦੇ ਅਦੇਸ਼ਾਂ 'ਤੇ ਇਸ ਮਾਮਲੇ ਦੀ ਜੂਡੀਸ਼ੀਅਲ ਜਾਂਚ ਸ਼ੁਰੂ ਹੋ ਗਈ ਹੈ। ਮਾਨਯੋਗ ਜੱਜ ਸ਼ਿਵਾਨੀ ਸਾਂਗਰ ਮਾਮਲੇ ਦੀ ਜਾਂਚ ਕਰ ਰਹੇ ਹਨ, ਉਨ੍ਹਾਂ ਦੀ ਰਿਪੋਰਟ 'ਤੇ ਕਾਰਵਾਈ ਕੀਤੀ ਜਾਵੇਗੀ।