ਮੋਗਾ ਪੁਲਸ ਵੱਲੋਂ ਭਾਰੀ ਮਾਤਰਾ ’ਚ ਹੈਰੋਇਨ ਅਤੇ ਲਾਹਣ ਸਮੇਤ 3 ਕਾਬੂ
Wednesday, Aug 17, 2022 - 05:04 PM (IST)
ਮੋਗਾ (ਅਜ਼ਾਦ) : ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਮੋਗਾ ਪੁਲਸ ਨੇ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਭਾਰੀ ਮਾਤਰਾ ਵਿਚ ਹੈਰੋਇਨ ਅਤੇ ਲਾਹਣ ਬਰਾਮਦ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਸ ਮੁਖੀ ਮੋਗਾ ਨੇ ਦੱਸਿਆ ਕਿ ਜਦੋਂ ਸੀ. ਆਈ. ਏ. ਸਟਾਫ਼ ਮੋਗਾ ਦੇ ਇੰਚਾਰਜ ਇੰਸਪੈਕਟਰ ਕਿੱਕਰ ਸਿੰਘ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਵਰਿੰਦਰ ਕੁਮਾਰ, ਸਹਾਇਕ ਥਾਣੇਦਾਰ ਸੰਤੋਖ ਸਿੰਘ ਪੁਲਸ ਪਾਰਟੀ ਸਮੇਤ ਇਲਾਕੇ ਵਿਚ ਗਸ਼ਤ ਕਰਦੇ ਹੋਏ ਕੋਟ ਈਸੇ ਖਾਂ ਦੇ ਰੋਡ ’ਤੇ ਜਾ ਰਹੇ ਸੀ ਤਾਂ ਜਦੋਂ ਪੁਲਸ ਪਾਰਟੀ ਪੁਲ ਸੂਆ ਕੋਟ ਈਸੇ ਖਾਂ ਤੋਂ ਪਿੰਡ ਗਗੜਾ ਦੇ ਵਿਚਕਾਰ ਪੁੱਜੀ ਤਾਂ ਗੁਪਤ ਸੂਚਨਾ ਦੇ ਆਧਾਰ ’ਤੇ ਪੁਲਸ ਪਾਰਟੀ ਨੇ ਮੋਟਰ ਸਾਈਕਲ ਸਵਾਰ ਗੁਰਚਰਨ ਸਿੰਘ ਉਰਫ ਗੱਗੂ ਨਿਵਾਸੀ ਪਿੰਡ ਖੰਨਾ ਫਿਰੋਜ਼ਪੁਰ ਅਤੇ ਬਲਤੇਜ ਸਿੰਘ ਉਰਫ ਬੱਬੂ ਨਿਵਾਸੀ ਨਵੀਂ ਦਾਣਾ ਮੰਡੀ ਮੋਗਾ ਨੂੰ ਰੋਕਿਆ ਅਤੇ ਤਲਾਸ਼ੀ ਲੈਣ ’ਤੇ ਉਨ੍ਹਾਂ ਕੋਲੋਂ 120 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਕਥਿਤ ਦੋਸ਼ੀਆਂ ਦੇ ਖ਼ਿਲਾਫ ਥਾਣਾ ਮਹਿਣਾ ਵਿਚ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਬਲਤੇਜ ਸਿੰਘ ਉਰਫ ਬੱਬੂ ਖ਼ਿਲਾਫ਼ ਪਹਿਲਾਂ ਵੀ ਥਾਣਾ ਸਿਟੀ ਮੋਗਾ ਵਿਚ ਦੋ ਮਾਮਲੇ ਦਰਜ ਹਨ ਜਦਕਿ ਗੁਰਚਰਨ ਸਿੰਘ ਉਰਫ ਗੱਗੂ ਖ਼ਿਲਾਫ਼ ਥਾਣਾ ਫਤਿਹਗੜ੍ਹ ਪੰਜਤੂਰ ਵਿਚ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਮਾਮਲਾ ਦਰਜ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਸੰਤੋਖ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀਆਂ ਨੂੰ ਪੁੱਛਗਿੱਛ ਦੇ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਇਸੇ ਤਰ੍ਹਾਂ ਥਾਣਾ ਬਾਘਾ ਪੁਰਾਣਾ ਦੇ ਸਹਾਇਕ ਥਾਣੇਦਾਰ ਹਰਬਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਨਿਰਮਲ ਸਿੰਘ ਨਿਵਾਸੀ ਪਿੰਡ ਲੰਗੇਆਣਾ ਪੁਰਾਣਾ ਦੇ ਘਰ ਛਾਪਾਮਾਰੀ ਕਰ ਕੇ 40 ਲਿਟਰ ਲਾਹਣ ਬਰਾਮਦ ਕੀਤੀ। ਕਥਿਤ ਦੋਸ਼ੀ ਖਿਲਾਫ਼ ਐਕਸਾਈਜ਼ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।