ਮੋਗਾ ਪੁਲਸ ਵੱਲੋਂ ਕਾਰਾਂ ਚੋਰੀ ਕਰਨ ਵਾਲਾ ਗਿਰੋਹ ਬੇਨਕਾਬ, 4 ਕਾਬੂ
Saturday, Apr 02, 2022 - 05:43 PM (IST)
ਮੋਗਾ (ਅਜ਼ਾਦ) : ਮੋਗਾ ਪੁਲਸ ਵੱਲੋਂ ਕਾਰਾਂ ਚੋਰੀ ਕਰਨ ਵਾਲੇ ਗਿਰੋਹਾਂ ਨੂੰ ਬੇਨਕਾਬ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ, ਜਦੋਂ ਸੀ.ਆਈ.ਏ. ਸਟਾਫ ਮੋਗਾ ਵੱਲੋਂ ਗਿਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਚੋਰੀ ਕੀਤੀਆਂ ਗਈਆਂ ਤਿੰਨ ਟੁੱਟੀਆਂ ਕਾਰਾਂ ਸਮੇਤ 5 ਕਾਰਾਂ ਬਰਾਮਦ ਕੀਤੀਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਸ ਮੁਖੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਜਦੋਂ ਸੀ.ਆਈ.ਏ. ਸਟਾਫ ਮੋਗਾ ਦੇ ਇੰਚਾਰਜ ਇੰਸਪੈਕਟਰ ਕਿੱਕਰ ਸਿੰਘ, ਸਹਾਇਕ ਥਾਣੇਦਾਰ ਵਰਿੰਦਰ ਕੁਮਾਰ ਪੁਲਸ ਪਾਰਟੀ ਸਮੇਤ ਇਲਾਕੇ ਵਿਚ ਗਸ਼ਤ ਕਰ ਰਹੇ ਸੀ ਤਾਂ ਪੁਲਸ ਪਾਰਟੀ ਨੂੰ ਜਾਣਕਾਰੀ ਮਿਲੀ ਕਿ ਮੋਗਾ ਜ਼ਿਲ੍ਹੇ ਅੰਦਰ ਕਾਰਾਂ ਚੋਰੀ ਕਰਨ ਵਾਲਾ ਗਿਰੋਹ ਸਰਗਰਮ ਹੈ। ਉਕਤ ਗਿਰੋਹ ਵਿਚ ਜਗਦੀਸ਼ ਸਿੰਘ ਉਰਫ ਜੱਗਾ ਵਾਸੀ ਪਿੰਡ ਮਦੀਰ ਪਿੰਡ ਕੋਠੇ ਭਾਈ, ਸੁਭਾਸ਼ ਸਿੰਘ ਉਰਫ ਪਾਸ਼ਾ, ਮਨਪ੍ਰੀਤ ਸਿੰਘ ਉਰਫ ਮੰਗਾ ਨਿਵਾਸੀ ਪਿੰਡ ਮੱਲਣ, ਰੇਸ਼ਮ ਸਿੰਘ ਉਰਫ ਸਰਪੰਚ ਕਬਾੜੀਆਂ ਨਿਵਾਸੀ ਪਿੰਡ ਕੋਟ ਭਾਈ ਸ੍ਰੀ ਮੁਕਤਸਰ ਸਾਹਿਬ ਹਨ।
ਇਹ ਗਿਰੋਹ ਪਹਿਲਾਂ ਇਲਾਕੇ ਵਿਚ ਘੁੰਮ ਕੇ ਉਨ੍ਹਾਂ ਕਾਰਾਂ ਦੀ ਪਛਾਣ ਕਰਦਾ ਸੀ, ਜੋ ਆਸਾਨੀ ਨਾਲ ਚੋਰੀ ਕੀਤੀਆਂ ਜਾ ਸਕਣ। ਜਿਸ ’ਤੇ ਪੁਲਸ ਪਾਰਟੀ ਨੇ ਇਲਾਕੇ ਵਿਚ ਨਾਕਾਬੰਦੀ ਕਰਕੇ ਜਦੋਂ ਅਸਟੀਮ ਕਾਰ ਸਵਾਰ ਉਕਤ ਗਿਰੋਹ ਦੇ ਮੈਂਬਰਾਂ ਨੂੰ ਰੋਕਿਆ ਅਤੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਹ ਇਲਾਕੇ ਵਿਚ ਘੁੰਮ ਕੇ ਗੱਡੀਆਂ ਚੋਰੀ ਕਰਦੇ ਹਨ ਅਤੇ ਬਾਅਦ ਵਿਚ ਉਨ੍ਹਾਂ ਦੇ ਜਾਅਲੀ ਦਸਤਾਵੇਜ਼ ਤਿਆਰ ਕਰ ਕੇ ਵੇਚ ਦਿੰਦੇ ਹਨ। ਪੁਲਸ ਨੇ ਇਨ੍ਹਾਂ ਕੋਲੋਂ ਇਕ ਚੋਰੀ ਦੀ ਜ਼ਿੰਨ ਕਾਰ ਵੀ ਬਰਾਮਦ ਕੀਤੀ, ਜਦਕਿ ਅਸਟੀਮ ਕਾਰ ਸਬੰਧੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਵਰਿੰਦਰ ਕੁਮਾਰ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਕਥਿਤ ਦੋਸ਼ੀਆਂ ਨੇ ਦੱਸਿਆ ਕਿ ਉਨ੍ਹਾਂ ਕੋਟਕਪੂਰਾ ਤੋਂ ਗੱਡੀਆਂ ਚੋਰੀ ਕੀਤੀਆਂ ਅਤੇ ਉਨ੍ਹਾਂ ਦੀ ਭੰਨਤੋੜ ਕਰਨ ਦੇ ਬਾਅਦ ਰੇਸ਼ਮ ਸਿੰਘ ਉਰਫ ਸਰਪੰਚ ਕਬਾੜੀਆ ਨੂੰ ਵੇਚ ਦਿੱਤੀਆਂ। ਕਥਿਤ ਦੋਸ਼ੀਆਂ ਕੋਲੋਂ ਹੋਰ ਵੀ ਕਈ ਚੋਰੀ ਦੀਆਂ ਗੱਡੀਆਂ ਬਰਾਮਦ ਹੋਣ ਦੀ ਸੰਭਾਵਨਾ ਹੈ। ਉਕਤ ਗਿਰੋਹ ਦੇ ਚਾਰਾਂ ਮੈਂਬਰਾਂ ਵਿਰੁੱਧ ਥਾਣਾ ਮਹਿਣਾ ਵਿਚ ਮਾਮਲਾ ਦਰਜ ਕਰਨ ਦੇ ਬਾਅਦ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ।