ਫਿਲੌਰ ''ਚ ਅੱਧੀ ਰਾਤ ਨੂੰ ਪੁਲਸ ਨੇ ਘੇਰੀ ਆਲੀਸ਼ਾਨ ਕੋਠੀ, ਜਾਣੋ ਕੀ ਹੈ ਪੂਰਾ ਮਾਮਲਾ
Monday, Aug 12, 2019 - 07:22 PM (IST)

ਫਿਲੌਰ (ਭਾਖੜੀ, ਗੁੰਬਰ) : ਪੁਲਸ ਨੇ ਮੱਧ ਰਾਤ ਨੂੰ ਸ਼ਹਿਰ 'ਚ ਕੋਠੀ ਵਿਚ ਛਾਪਾ ਮਾਰ ਕੇ 10 ਜੁਆਰੀਆਂ ਨੂੰ ਜੂਆ ਖੇਡਦੇ ਇਕ ਲੱਖ 80 ਹਜ਼ਾਰ ਰੁਪਏ ਸਮੇਤ ਕਾਬੂ ਕੀਤਾ ਹੈ, ਜਦਕਿ ਜੁਆਰੀਆਂ ਦੇ 10 ਸਾਥੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ 2 ਮੰਜ਼ਿਲਾ ਕੋਠੀ ਤੋਂ ਛਾਲ ਮਾਰ ਕੇ ਫਰਾਰ ਹੋ ਗਏ। ਡੀ. ਐੱਸ. ਪੀ. ਦਵਿੰਦਰ ਕੁਮਾਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਐੱਸ. ਐੱਸ. ਪੀ. ਜਲੰਧਰ ਨਵਜੋਤ ਮਾਹਲ ਵਲੋਂ ਗਲਤ ਅਨਸਰਾਂ ਨੂੰ ਫੜਨ ਲਈ ਸ਼ਹਿਰ ਅਤੇ ਨੈਸ਼ਨਲ ਹਾਈਵੇ 'ਤੇ ਪੁਲਸ ਤੋਂ ਸਖਤ ਨਾਕਾਬੰਦੀ ਕਰਵਾਈ ਗਈ। ਬੀਤੇ ਦਿਨੀਂ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਸ਼ਹਿਰ ਦੇ ਕੁਝ ਅਪਰਾਧਿਕ ਕਿਸਮ ਦੇ ਵਿਅਕਤੀ ਆਲੀਸ਼ਾਨ ਕੋਠੀ 'ਚ ਡੇਰਾ ਜਮਾ ਕੇ ਰਾਤ ਨੂੰ ਮੀਟਿੰਗਾਂ ਕਰਦੇ ਹਨ। ਇਸ 'ਤੇ ਇੰਚਾਰਜ ਫਿਲੌਰ ਸੁੱਖਾ ਸਿੰਘ, ਥਾਣਾ ਇੰਚਾਰਜ ਗੁਰਾਇਆ ਰਾਜੀਵ ਕੁਮਾਰ ਦੀ ਅਗਵਾਈ ਵਿਚ ਪੁਲਸ ਪਾਰਟੀਆਂ ਬਣਾ ਕੇ ਚੈਕਿੰਗ ਦੇ ਨਿਰਦੇਸ਼ ਦਿੱਤੇ।
ਜਿਵੇਂ ਹੀ ਪੁਲਸ ਰਾਤ 1 ਵਜੇ ਸ਼ਹਿਰ ਦੇ ਬਾਹਰ ਬਣੀ ਕਾਲੋਨੀ 'ਚ ਗਈ ਤਾਂ 2 ਦਰਜਨ ਦੇ ਲਗਭਗ ਵਿਅਕਤੀ ਰੁਕੇ ਹੋਏ ਸਨ ਤਾਂ ਪੁਲਸ ਨੇ ਤੁਰੰਤ ਕੋਠੀ ਨੂੰ ਘੇਰ ਲਿਆ। ਜਿਨ੍ਹਾਂ ਨੂੰ ਬਾਹਰ ਨਿਕਲਣ ਦੀ ਚਿਤਾਵਨੀ ਦਿੱਤੀ ਤਾਂ ਇਸ ਨੂੰ ਨਜ਼ਰ ਅੰਦਾਜ਼ ਕਰ ਕੇ ਕੁਝ ਲੋਕਾਂ ਨੇ ਲਾਈਟਾਂ ਬੰਦ ਕਰ ਕੇ ਦੂਜੀ ਮੰਜ਼ਿਲ ਦੇ ਪਿੱਛੇ ਬਣੇ ਖੇਤਾਂ 'ਚ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਛਾਲ ਮਾਰ ਦਿੱਤੀ ਅਤੇ ਹਾਈਵੇ 'ਤੇ ਖੜ੍ਹੀਆਂ ਗੱਡੀਆਂ 'ਚ ਬੈਠ ਕੇ ਫਰਾਰ ਹੋ ਗਏ। ਇਕ ਗੱਡੀ ਪੁਲਸ ਦੀ ਗੱਡੀ ਨਾਲ ਟਕਰਾ ਕੇ ਨੁਕਸਾਨੀ ਗਈ। ਜਿਸ ਵਿਚ 3 ਲੋਕਾਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ। ਜਿਵੇਂ ਹੀ ਕੋਠੀ 'ਚ ਦਾਖਲ ਹੋਏ ਤਾਂ ਅੰਦਰ ਜੂਏ ਦੀ ਖੇਡ ਚੱਲ ਰਹੀ ਸੀ। ਪੁਲਸ ਨੇ 10 ਜੁਆਰੀਆਂ ਨੂੰ 1 ਲੱਖ 80 ਹਜ਼ਾਰ ਰੁਪਏ ਸਮੇਤ ਗ੍ਰਿਫਤਾਰ ਕੀਤਾ। ਦੋਸ਼ੀਆਂ ਦੀ ਪਛਾਣ ਚੇਤਨ ਸੈਣੀ, ਅਕਾਸ਼, ਵਿੱਕੀ, ਸੰਨੀ, ਦੀਪਕ, ਜਗਦੇਵ, ਜੌਨੀ, ਸਾਗਰ, ਰਾਜਨ, ਰਜਿੰਦਰ ਸਿੰਘ ਵਜੋਂ ਹੋਈ।
ਜਲੰਧਰ, ਲੁਧਿਆਣਾ ਅਤੇ ਅੰਮ੍ਰਿਤਸਰ ਤੋਂ ਜੁਆਰੀ ਆ ਰਹੇ ਸੀ ਜੂਆ ਖੇਡਣ
ਫੜੇ ਗਏ ਮੁਲਜ਼ਮਾਂ ਨੇ ਪੁੱਛਗਿੱਛ 'ਚ ਦੱਸਿਆ ਕਿ ਪਿਛਲੇ 5 ਦਿਨਾਂ ਤੋਂ ਸ਼ਹਿਰ 'ਚ ਡੇਰਾ ਜਮਾਈ ਬੈਠੇ ਸਨ। 3 ਦਿਨ ਤੋਂ ਪ੍ਰੀਤਮ ਪੈਲੇਸ ਨੇੜੇ ਗਲੀ 'ਚ ਬਣੀ ਕੋਠੀ ਵਿਚ ਜੂਆ ਖੇਡ ਰਹੇ ਸੀ। 2 ਦਿਨ ਪਹਿਲਾਂ ਉਹ ਪੁਲਸ ਤੋਂ ਬਚਣ ਲਈ ਜਗ੍ਹਾ ਬਦਲ ਕੇ ਹਾਈਵੇ 'ਤੇ ਬਣੀ ਕਾਲੋਨੀ 'ਚ ਆ ਗਏ। ਜਿਥੇ ਰੋਜ਼ਾਨਾ ਰਾਤ ਨੂੰ 11 ਤੋਂ ਸਵੇਰੇ 4 ਵਜੇ ਤੱਕ ਲੱਖਾਂ ਰੁਪਏ ਦਾ ਜੂਆ ਖੇਡਦੇ ਸੀ। ਜੂਏ 'ਚ ਜਲੰਧਰ, ਲੁਧਿਆਣਾ, ਅੰਮ੍ਰਿਤਸਰ ਤੋਂ ਜੁਆਰੀ ਆਪਣੀ ਕਿਸਮਤ ਅਜ਼ਮਾਉਣ ਪੁੱਜੇ ਸੀ।