ਸ਼ਹਿਰ ਦੀ ਪੁਲਸ ਨੇ ਚੋਰੀ ਦੇ 10 ਮੋਟਰਸਾਈਕਲ ਸਣੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਕੀਤਾ ਕਾਬੂ

Tuesday, Aug 25, 2020 - 03:23 PM (IST)

ਸ਼ਹਿਰ ਦੀ ਪੁਲਸ ਨੇ ਚੋਰੀ ਦੇ 10 ਮੋਟਰਸਾਈਕਲ ਸਣੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਕੀਤਾ ਕਾਬੂ

ਫਿਰੋਜ਼ਪੁਰ (ਕੁਮਾਰ): ਥਾਣਾ ਫਿਰੋਜ਼ਪੁਰ ਸ਼ਹਿਰ ਦੀ ਪੁਲਸ ਨੇ ਏ.ਐੱਸ.ਆਈ. ਸੁਖਚੈਨ ਸਿੰਘ ਦੀ ਅਗਵਾਈ 'ਚ ਮਲਕੀਤ ਸਿੰਘ ਉਰਫ ਵਿੱਕੀ ਨੂੰ ਇਕ ਦੇਸੀ ਪਿਸਤੌਲ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫਿਰੋਜ਼ਪੁਰ ਦੇ ਐੱਸ.ਐੱਚ.ਓ. ਮਨੋਜ ਕੁਮਾਰ ਨੇ ਦੱਸਿਆ ਕਿ ਸੁਖਚੈਨ ਸਿੰਘ ਚੌਕੀ ਇੰਚਾਰਜ ਨੂੰ ਇਹ ਗੁਪਤ ਸੂਚਨਾ ਮਿਲੀ ਸੀ ਕਿ ਮਲਕੀਤ ਸਿੰਘ ਉਰਫ ਵਿੱਕੀ ਇਕ ਦੇਸੀ ਪਿਸਤੌਲ ਆਪਣੇ ਕੋਲ ਰੱਖ ਕੇ ਸ਼ਹਿਰ 'ਚ ਘੁੰਮ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਸੁਖਚੈਨ ਸਿੰਘ ਏ.ਐੱਸ.ਆਈ. ਅਤੇ ਉਨ੍ਹਾਂ ਦੀ ਪੁਲਸ ਪਾਰਟੀ ਨੇ ਰੇਡ ਕਰਕੇ ਵਿੱਕੀ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਕੋਲੋਂ ਇਕ ਦੇਸੀ ਪਿਸਤੌਲ ਅਤੇ ਇਕ ਕਾਰਤੂਸ ਬਰਾਮਦ ਕੀਤਾ ਹੈ।

ਐੱਸ.ਐੱਚ.ਓ. ਮਨੋਜ ਕੁਮਾਰ ਨੇ ਦੱਸਿਆ ਕਿ ਫ਼ੜ੍ਹੇ ਗਏ ਵਿਅਕਤੀ ਨੇ ਮੰਨਿਆ ਹੈ ਕਿ ਉਹ ਇਹ ਸਾਮਾਨ ਉੱਤਰ ਪ੍ਰਦੇਸ਼ ਤੋਂ ਲੈ ਕੇ ਆਇਆ ਸੀ। ਥਾਣਾ ਸਿਟੀ ਦੀ ਪੁਲਸ ਨੇ ਫੜ੍ਹੇ ਗਏ ਵਿਅਕਤੀ ਦੇ ਖ਼ਿਲਾਫ ਆਰਮ ਐਕਟ ਦੇ ਤਹਿਤ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਫਿਰੋਜ਼ਪੁਰ ਸ਼ਹਿਰ ਦੀ ਪੁਲਸ ਨੇ ਏ.ਐੱਸ.ਆਈ. ਰਮਨ ਕੁਮਾਰ ਦੀ ਅਗਵਾਈ 'ਚ ਚੋਰ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਦੇ ਹੋਏ ਉਨ੍ਹਾਂ ਕੋਲੋਂ 10 ਮੋਟਰਸਾਈਕਲ ਬਰਾਮਦ ਕੀਤੇ ਹਨ। ਐੱਸ.ਐੱਚ.ਓ. ਮਨੋਜ ਕੁਮਾਰ ਨੇ ਦੱਸਿਆ ਕਿ ਏ.ਐੱਸ.ਆਈ. ਰਮਨ ਕੁਮਾਰ ਅਤੇ ਉਨ੍ਹਾਂ ਦੀ ਪੁਲਸ ਪਾਰਟੀ ਨੂੰ ਗਸ਼ਤ ਦੌਰਾਨ ਗੁਪਤ ਸੂਚਨਾ ਮਿਲੀ ਸੀ ਕਿ ਰਾਜੂ ਪੁੱਤਰ ਦਰਸ਼ਨ ਵਸ਼ੀ ਅਲੀ ਦੇ ਚੋਰੀ ਦੇ ਮੋਟਰਸਾਈਕਲ ਵੇਚਣ ਦਾ ਕੰਮ ਕਰਦੇ ਹਨ ਅਤੇ ਅੱਜ ਫਿਰੋਜ਼ਪੁਰ ਦੇ ਚੌਕ 'ਚ ਖ਼ੜ੍ਹੇ ਹੋ ਕੇ ਚੋਰੀ ਦੇ ਮੋਟਰਸਾਈਕਲ ਵੇਚਣ ਦੇ ਲਈ ਗ੍ਰਾਹਕਾਂ ਦਾ ਇੰਤਜ਼ਾਰ ਕਰ ਰਹੇ ਹਨ। ਐੱਸ.ਐੱਚ.ਓ. ਮਨੋਜ ਕੁਮਾਰ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਤੁਰੰਤ ਇਨ੍ਹਾਂ ਦੋਸ਼ੀਆਂ ਨੂੰ ਹਿਰਾਸਤ 'ਚ ਲੈ ਲਿਆ ਹੈ ਅਤੇ ਉਨ੍ਹਾਂ ਦੀ ਨਿਸ਼ਾਨਦੇਹੀ 'ਤੇ 10 ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਹਨ। ਉਨ੍ਹਾਂ ਨੇ ਦੱਸਿਆ ਕਿ ਪੁਲਸ ਵਲੋਂ ਕੀਤੀ ਗਈ ਪੁੱਛਗਿਛ ਦੌਰਾਨ ਇਨ੍ਹਾਂ ਕਥਿਤ ਚੋਰਾਂ ਨੇ ਮੰਨਿਆ ਹੈ ਕਿ ਉਨ੍ਹਾਂ ਨੇ ਫਿਰੋਜ਼ਪੁਰ ਤੋਂ ਵੱਖ-ਵੱਖ ਏਰੀਏ 'ਚੋਂ ਇਹ ਮੋਟਰਸਾਈਕਲ ਚੋਰੀ ਕੀਤੇ ਸਨ ਅਤੇ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚਣ ਦਾ ਧੰਦਾ ਕਰਦੇ ਸਨ। ਉਨ੍ਹਾਂ ਨੇ ਦੱਸਿਆ ਕਿ ਪੁਲਸ ਵਲੋਂ ਇਨ੍ਹਾਂ ਕਥਿਤ ਚੋਰਾਂ ਨੂੰ ਅਦਾਲਤ 'ਚ ਪੇਸ਼ ਕਰਦੇ ਹੋਏ ਉਨ੍ਹਾਂ ਦਾ ਪੁਲਸ ਰਿਮਾਂਡ ਲਿਆ ਗਿਆ ਹੈ ਅਤੇ ਉਨ੍ਹਾਂ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ।


author

Shyna

Content Editor

Related News