ਨਸ਼ੀਲੇ ਪਦਾਰਥਾਂ ਸਣੇ ਚਾਚਾ-ਭਤੀਜਾ ਗ੍ਰਿਫਤਾਰ
Tuesday, Apr 16, 2019 - 05:47 PM (IST)

ਫਤਿਹਗੜ੍ਹ ਸਾਹਿਬ (ਬਖਸ਼ੀ) : ਜ਼ਿਲਾ ਫਤਿਹਗੜ੍ਹ ਸਾਹਿਬ ਦੀ ਪੁਲਸ ਵਲੋਂ ਐੱਸ.ਐੱਸ.ਪੀ. ਅਮਨੀਤ ਕੌਂਡਲ ਆਈ.ਪੀ.ਐੱਸ. ਦੇ ਆਦੇਸ਼ਾਂ 'ਤੇ ਅਤੇ ਐੱਸ.ਪੀ. (ਡੀ) ਹਰਪਾਲ ਸਿੰਘ ਦੀ ਅਗਵਾਈ ਹੇਠ ਨਸ਼ਿਆਂ ਵਿਰੁੱਧ ਛੇੜੀ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਚਾਚੇ-ਭਤੀਜੇ ਤੋਂ ਕਥਿਤ ਤੌਰ 'ਤੇ 7 ਕਿਲੋ 400 ਗ੍ਰਾਮ ਅਫੀਮ ਤੇ 20 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਈ। ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਜ਼ਿਲਾ ਪੁਲਸ ਮੁਖੀ ਅਮਨੀਤ ਕੌਂਡਲ ਨੇ ਦੱਸਿਆ ਕਿ ਡੀ.ਐੱਸ.ਪੀ. ਕਰਾਈਮ ਜਸਵਿੰਦਰ ਸਿੰਘ ਟਿਵਾਣਾ ਦੀ ਨਿਗਰਾਨੀ ਹੇਠ ਸੀ.ਆਈ.ਏ. ਸਟਾਫ ਸਰਹਿੰਦ ਦੇ ਏ.ਐੱਸ.ਆਈ. ਨਰਿੰਦਰ ਸਿੰਘ ਨੇ ਸਮੇਤ ਪੁਲਸ ਪਾਰਟੀ ਇਕ ਗੁਪਤ ਸੂਚਨਾ ਦੇ ਅਧਾਰ 'ਤੇ ਜੀ.ਟੀ.ਰੋਡ ਤਰਖਾਣ ਮਾਜਰਾ ਨਜ਼ਦੀਕ ਨਾਕਾਬੰਦੀ ਕਰਕੇ ਟਰੱਕ-ਟਰਾਲਾ ਨੰਬਰ ਪੀ.ਬੀ-11-ਏ.ਐੱਨ-7757 ਦੀ ਤਲਾਸ਼ੀ ਲਈ ਤਾਂ ਉਸ ਵਿਚੋਂ ਕਥਿਤ ਤੌਰ 'ਤੇ 7 ਕਿਲੋ 400 ਗ੍ਰਾਮ ਅਫੀਮ ਤੇ 20 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਈ।
ਉਨ੍ਹਾਂ ਦੱਸਿਆ ਕਿ ਟਰੱਕ ਵਿਚ ਸਵਾਰ ਚਾਚੇ-ਭਤੀਜੇ ਦੀ ਪਹਿਚਾਣ ਭਗਵੰਤ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਅਮਲੋਹ ਅਤੇ ਗੁਰਪਾਲ ਸਿੰਘ ਪੁੱਤਰ ਰਾਜਦੀਪ ਸਿੰਘ ਵਾਸੀ ਅਮਲੋਹ ਦੇ ਤੌਰ 'ਤੇ ਹੋਈ। ਉਨ੍ਹਾਂ ਦੱਸਿਆ ਕਿ ਇਹ ਦੋਵੇਂ ਆਪਣੇ ਟਰੱਕ ਟਰਾਲੇ 'ਤੇ ਬਾਹਰਲੇ ਰਾਜਾਂ ਤੋਂ ਨਸ਼ਾ ਲਿਆ ਕੇ ਜ਼ਿਲਾ ਫਤਿਹਗੜ੍ਹ ਸਾਹਿਬ ਵਿਚ ਵੇਚਦੇ ਸਨ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿਛ ਦੌਰਾਨ ਪਤਾ ਲੱਗਾ ਕਿ ਇਹ ਨਸ਼ਾ ਉਨ੍ਹਾਂ ਵਲੋਂ ਲਖਵੀਰ ਸਿੰਘ ਲੱਕੀ ਅਤੇ ਰਾਜੇਸ਼ ਧਵਨ ਨੂੰ ਦੇਣਾ ਸੀ, ਜਿਨ੍ਹਾਂ ਭਗਵੰਤ ਸਿੰਘ ਅਤੇ ਗੁਰਪਾਲ ਸਿੰਘ ਦੇ ਖਾਤੇ ਵਿਚ ਨਸ਼ਾ ਲਿਆਉਣ ਲਈ 2 ਲੱਖ ਰੁਪਏ ਜਮ੍ਹਾ ਕਰਵਾਏ ਸਨ। ਉਨ੍ਹਾਂ ਦੱਸਿਆ ਕਿ ਲਖਵੀਰ ਸਿੰਘ ਲੱਕੀ 'ਤੇ ਪਹਿਲਾਂ ਵੀ 3 ਕਿਲੋ ਭੁੱਕੀ ਦਾ ਮਾਮਲਾ ਥਾਣਾ ਅਮਲੋਹ ਵਿਖੇ ਦਰਜ ਹੈ ਜਿਸ ਵਿਚ ਉਸਨੂੰ ਸਜ਼ਾ ਹੋਈ ਸੀ। ਉਨ੍ਹਾਂ ਦੱਸਿਆ ਕਿ ਲੱਕੀ ਤੇ ਰਾਜੇਸ਼ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਸਰਹਿੰਦ ਵਿਖੇ ਮੁਕੱਦਮਾ ਨੰਬਰ 91 ਐੱਨ.ਡੀ.ਪੀ.ਐੱਸ. ਦੀ ਧਾਰਾ 15,18,29/61,85 ਅਧੀਨ ਦਰਜ਼ ਕਰ ਲਿਆ ਹੈ।