ਪੁਲਸ ਨੇ ਨਜਾਇਜ਼ ਸ਼ਰਾਬ ਬਣਾਉਣ ਲਈ ਆਈ ਵੱਡੀ ਖੇਪ ਕੀਤੀ ਕਾਬੂ
Friday, Jul 05, 2019 - 05:47 PM (IST)

ਝਬਾਲ (ਨਰਿੰਦਰ) : ਬੇਸ਼ੱਕ ਪੁਲਸ ਨੇ ਜ਼ਿਲੇ ਵਿਚੋਂ ਨਸ਼ਿਆਂ ਦੇ ਖਾਤਮੇ ਲਈ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਪਰ ਝਬਾਲ ਥਾਣੇ ਦੇ ਕੁੱਝ ਪਿੰਡਾਂ ਵਿਚ ਅਜੇ ਵੀ ਪਿਛਲੇ ਕਾਫੀ ਸਮੇਂ ਤੋਂ ਸ਼ੁਰੂ ਹੋਏ ਨਸ਼ਿਆਂ ਦੇ ਵਪਾਰ ਦਾ ਧੰਦਾ ਨਿਰੰਤਰ ਜਾਰੀ ਹੈ। ਥਾਣਾ ਝਬਾਲ ਦਾ ਪਿੰਡ ਜਗਤਪੁਰਾ ਜਿਥੇ ਕਈ ਵਾਰ ਵੱਡੇ ਪੱਧਰ 'ਤੇ ਅਲਕੋਹਲ ਫੜੀ ਜਾ ਚੁੱਕੀ ਹੈ। ਇਸ ਘਟੀਆਂ ਕਿਸਮ ਦੀ ਸ਼ਰਾਬ ਪੀਣ ਨਾਲ ਹੁਣ ਤੱਕ ਪਿੰਡ ਜਗਤਪੁਰਾਂ ਵਿਖੇ ਕਈ ਮੌਤਾਂ ਵੀ ਹੋ ਚੁੱਕੀਆਂ ਹਨ।
ਇਨ੍ਹਾਂ ਪਿੰਡਾਂ ਵਿਚ ਅਲਕੋਹਲ ਤੋਂ ਇਲਾਵਾਂ ਸਮੈਕ ਦਾ ਧੰਦਾ ਵੀ ਖੂਬ ਚਾਲ ਰਿਹਾ ਹੈ। ਬੀਤੀ ਰਾਤ ਫਿਰ ਤੋਂ ਝਬਾਲ ਪੁਲਸ ਥਾਣੇਦਾਰ ਰਾਜਬੀਰ ਸਿੰਘ ਦੀ ਅਗਵਾਈ ਵਿਚ ਗੁਪਤ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕਰਕੇ ਨਜਾਇਜ਼ ਸ਼ਰਾਬ ਬਣਾਉਣ ਲਈ ਲਿਆਂਦੀ ਅਲਕੋਹਲ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਪੁਲਸ ਅਨੁਸਾਰ 30-30 ਲੀਟਰ ਦੇ ਤਕਰੀਬਨ 20 ਕੈਨ ਅਲਕੋਹਲ ਫੜੀ ਹੈ। ਜੋ ਕਿ ਇਕ ਰੇਹੜੇ ਘੌੜੇ 'ਤੇ ਲੱਦ ਕੇ ਲਿਆਂਦੀ ਜਾ ਰਹੀ ਸੀ। ਇਸ ਅਲਕੋਹਲ ਤੋਂ ਵੱਡੇ ਪੱਧਰ 'ਤੇ ਨਜਾਇਜ਼ ਸ਼ਰਾਬ ਬਣਾਕੇ ਅੱਗੇ ਵੇਚੀ ਜਾਣੀ ਸੀ ਜੋ ਕਿ ਮਨੁੱਖੀ ਸਿਹਤ ਲਈ ਹਾਨੀਕਾਰਕ ਹੈ।
ਇਸ ਸਬੰਧੀ ਥਾਣਾ ਮੁਖੀ ਬਲਜੀਤ ਸਿੰਘ ਨੇ ਕਿਹਾ ਕਿ ਫੜੀ ਗਈ ਅਲਕੋਹਲ ਦੀ ਖੇਪ ਸਬੰਧੀ ਪੜਤਾਲ ਕਰਕੇ ਦੋਸ਼ੀਆਂ ਵਿਰੁੱਧ ਕੇਸ ਦਰਜ ਕੀਤੇ ਜਾ ਰਹੇ ਹਨ ਅਤੇ ਨਸ਼ਿਆਂ ਦਾ ਧੰਦਾ ਕਰਨ ਵਾਲੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।