ਜ਼ਹਿਰੀਲੀ ਸ਼ਰਾਬ ਮਾਮਲਾ : ਕੈਪਟਨ ਦੀ ਨਿੱਜੀ ਰਿਹਾਇਸ਼ ਘੇਰਣ ਜਾਂਦੇ ''ਆਪ'' ਆਗੂ ਗ੍ਰਿਫਤਾਰ
Wednesday, Aug 05, 2020 - 12:59 AM (IST)
ਚੰਡੀਗੜ੍ਹ,(ਰਮਨਜੀਤ)–ਮਾਝੇ ਦੇ 3 ਜ਼ਿਲਿਆਂ ਤਰਨਤਾਰਨ, ਅੰਮ੍ਰਿਤਸਰ ਅਤੇ ਬਟਾਲਾ (ਗੁਰਦਾਸਪੁਰ) ਵਿਚ ਜ਼ਹਿਰੀਲੀ ਸ਼ਰਾਬ ਕਾਰਨ ਸਵਾ 100 ਲੋਕਾਂ ਦੀਆਂ ਜਾਨਾਂ ਜਾਣ ਦੇ ਬਾਵਜੂਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਹਾਲੇ ਤੱਕ ਲੋਕਾਂ ਵਿਚ ਨਾ ਜਾਣ 'ਤੇ ਤਿੱਖਾ ਰੋਸ ਪ੍ਰਗਟ ਕਰਦੇ ਹੋਏ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਨੇਤਾਵਾਂ ਨੇ ਉਨ੍ਹਾਂ ਦੀ ਨਿੱਜੀ ਰਿਹਾਇਸ਼ ਨੂੰ ਘੇਰਣ ਦੀ ਕੋਸ਼ਿਸ਼ ਕੀਤੀ। 'ਆਪ' ਪੰਜਾਬ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਮੰਗਲਵਾਰ ਨੂੰ ਪਾਰਟੀ ਵਿਧਾਇਕਾਂ ਸਮੇਤ ਚੰਡੀਗੜ੍ਹ ਦੇ ਨਜ਼ਦੀਕ ਸਿਸਵਾਂ 'ਫ਼ਾਰਮ ਹਾਊਸ' 'ਤੇ ਜਾਣ ਲਈ ਨਿਕਲੇ ਪਰ ਨਿਊ ਚੰਡੀਗੜ੍ਹ ਵਿਚ ਪਹਿਲਾਂ ਹੀ ਤਾਇਨਾਤ ਪੁਲਸ ਫੋਰਸ ਨੇ ਸਾਰੇ 'ਆਪ' ਨੇਤਾਵਾਂ ਨੂੰ ਰੋਕ ਲਿਆ। ਭਗਵੰਤ ਮਾਨ, ਹਰਪਾਲ ਸਿੰਘ ਚੀਮਾ ਸਮੇਤ 'ਆਪ' ਵਿਧਾਇਕਾਂ ਅਤੇ ਨੇਤਾਵਾਂ ਨਾਲ ਪੁਲਸ ਪ੍ਰਸ਼ਾਸਨ ਦੀ ਤਿੱਖੀ ਨੋਕ-ਝੋਂਕ ਵੀ ਹੋਈ। ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਅਤੇ ਪੁਲਸ ਬੈਰੀਕੇਡ ਟੱਪਣ ਦੀ ਕੋਸ਼ਿਸ਼ ਦੌਰਾਨ ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਸਮੇਤ ਕੁੱਝ ਨੇਤਾ ਜ਼ਖ਼ਮੀ ਵੀ ਹੋਏ।
ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸੀ ਨੇਤਾਵਾਂ/ਵਿਧਾਇਕਾਂ/ਮੰਤਰੀਆਂ ਨੇ ਪੁਲਸ ਪ੍ਰਸ਼ਾਸਨ ਦਾ ਮਾਫੀਆ ਨਾਲ ਗੱਠਜੋੜ ਕਰਵਾਇਆ ਹੋਇਆ ਹੈ, ਜਿਸ ਕਾਰਣ ਮਾਫੀਆ ਸ਼ਰੇਆਮ ਜ਼ਹਿਰ ਵੇਚ ਰਿਹਾ ਹੈ। ਮਾਫੀਆ ਜਿੰਨਾ ਮਰਜ਼ੀ ਜ਼ਹਿਰ ਵੇਚਣ ਬੱਸ ਵਿਧਾਇਕ ਜਾਂ ਮੰਤਰੀ ਨੂੰ ਸ਼ਾਮ ਦੀ 'ਕੁਲੈਕਸ਼ਨ' ਦਾ ਫਿਕਰ ਰਹਿੰਦਾ ਹੈ। ਕੋਈ ਸਖਤੀ ਨਹੀਂ, ਪੁਲਸ ਥਾਣੇ ਤੋਂ 'ਰੋਜ਼ਾਨਾ' ਵਸੂਲੀ ਕੀਤੀ ਜਾਂਦੀ ਹੈ ਅਤੇ ਮਾਫੀਆ ਕਦੇ ਚਿੱਟਾ ਅਤੇ ਕਦੇ ਜ਼ਹਿਰੀਲੀ ਸ਼ਰਾਬ ਬਿਨਾਂ ਕਿਸੇ ਡਰ ਤੋਂ ਵੇਚਦਾ ਹੈ। ਮਾਨ ਨੇ ਕਿਹਾ ਕਿ ਪਰ ਜਦੋਂ ਅਸੀਂ ਆਪਣੇ ਲੋਕਾਂ ਦੇ ਚੁਣੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਸਦੇ 'ਮਹਿਲ' ਵਿਚ ਜਗਾਉਣ ਚੱਲੇ ਹਾਂ, ਪੂਰਾ ਇਲਾਕਾ ਇਸ ਤਰ੍ਹਾਂ ਪੁਲਸ ਛਾਉਣੀ ਵਿਚ ਬਦਲ ਦਿੱਤਾ ਜਿਵੇਂ ਅਸੀਂ ('ਆਪ' ਵਾਲੇ) ਕੋਈ ਜੁਰਮ ਕਰਨ ਜਾ ਰਹੇ ਹਾਂ।
ਮਾਨ ਨੇ ਕਿਹਾ ਕਿ ਮੁੱਖ ਵਿਰੋਧੀ ਧਿਰ ਦੇ ਨਾਤੇ ਸਮੇਂ-ਸਮੇਂ 'ਤੇ ਸਰਕਾਰ ਨੂੰ ਜਗਾਉਣਾ ਪੰਜਾਬ ਦੇ ਲੋਕਾਂ ਵਲੋਂ ਆਮ ਆਦਮੀ ਪਾਰਟੀ ਦੀ ਲੋਕਤੰਤਰ ਅਨੁਸਾਰ ਲਗਾਈ ਗਈ ਡਿਊਟੀ ਹੈ। ਮਾਨ ਨੇ ਕਿਹਾ ਕਿ ਬੇਸ਼ੱਕ ਪੰਜਾਬ ਸਰਕਾਰ ਅਤੇ ਉਸਦੀ ਪੁਲਸ ਸਾਨੂੰ (ਆਪ) ਜੇਲ੍ਹਾਂ ਵਿਚ ਸੁੱਟ ਦੇਵੇ ਪਰ ਅਸੀਂ ਆਮ ਲੋਕਾਂ ਲਈ ਹਰ ਪੱਧਰ ਦੀ ਜੰਗ ਲੜਾਂਗੇ। ਇਸ ਮੌਕੇ ਨੇਤਾ ਵਿਰੋਧੀ ਧਿਰ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਾਦਲਾਂ ਦੇ ਮਾਫੀਆ ਰਾਜ ਦੀ ਪੂਰੀ ਕਮਾਨ ਹੁਣ ਕਾਂਗਰਸੀਆਂ ਨੇ ਸਾਂਭੀ ਹੋਈ ਹੈ। ਚੀਮਾ ਨੇ ਕਿਹਾ ਕਿ ਚੰਡੀਗੜ੍ਹ ਦੀਆਂ ਪਹਾੜੀਆਂ ਵਿਚ ਸੁਖਬੀਰ ਸਿੰਘ ਬਾਦਲ ਦੇ 'ਸੁੱਖਵਿਲਾਸ' ਦੇ ਬਿਲਕੁਲ ਨਾਲ ਕੈਪਟਨ ਵਲੋਂ ਆਪਣਾ 'ਸ਼ਾਹੀ ਫ਼ਾਰਮ ਹਾਊਸ' ਬਣਾਉਣਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਦੋਵਾਂ ਪਰਿਵਾਰਾਂ ਵਿਚ ਕਿਸ ਪੱਧਰ ਦੀ ਸਾਂਝ ਪੈ ਚੁੱਕੀ ਹੈ, ਜਿਸ ਦੀ ਕੀਮਤ ਪੂਰਾ ਪੰਜਾਬ ਚੁਕਾ ਰਿਹਾ ਹੈ।