ਕਵੀ ਅਤੇ ਕੁਆਰੰਟੀਨ : ਕਵੀ ਦੇ ਖਿਆਲ ‘ਲਾਕਡਾਊਨ’ ਨਹੀਂ ਹੁੰਦੇ !

05/01/2020 7:33:33 PM

ਸ਼ਿਵਦੀਪ

‘ਨੈਸ਼ਨਲ ਲਾਕਡਾਊਨ’ 

ਨੈਸ਼ਨਲ ਲਾਕਡਾਊਨ’ ਸ਼ਬਦ ਹੀ ਬੜਾ ਸਖ਼ਤ ਹੈ। ਮੇਰੀ ਰੁਟੀਨ ਲਾਈਫ਼, ਜੋ ਇਸੇ ਤਰ੍ਹਾਂ ਦੀ ਹੀ ਸੀ, ਉਹ ਐਵੇਂ ਹੀ ਇਸਦੇ ਭਾਰ ਹੇਠ ਆ ਰਹੀ ਹੈ। ਕੀ ਕਵਿਤਾ ਇਸ ਨੂੰ ਤੋੜ ਪਾਏਗੀ। ਤਮਾਮ ਲੋਕ ਜੋ ਬਾਹਰ ਹਨ, ਮੈਂ ਉਨ੍ਹਾਂ ਘਰ ਮੁੜਨ ਦੀ ਕਾਮਨਾ ਕਰਦਾ ਹਾਂ। ਮੈਂ ਆਪਣੇ ਘਰ ਦੀਆਂ ਕੁਰਸੀਆਂ ਖ਼ਾਲੀ ਲਗ ਰਹੀਆਂ ਹਨ। ਮੈਂ ਚਾਹ ਰਿਹਾ ਸਾਰੇ ਲੋਗ ਇਥੇ ਇਕੱਠੇ ਮਿਲ ਕੇ ਬੈਠਣ ਪਰ ਜਦੋਂ ਮੈਂ ਸੋਚਦਾ ਹਾਂ ਆਪਣੇ ਕੰਮ ਵਾਲੀ ਹਟਾ ਦਿੱਤੀ ਹੈ, ਦੁੱਧ ਬੰਦ ਕਰ ਦਿੱਤਾ ਹੈ, ਅਖਬਾਰ ਲਿਫ਼ਟ ਵਿਚੋਂ ਨਹੀਂ ਚੁੱਕੀ। ਅਖ਼ਬਾਰੀ ਅੰਕੜ੍ਹਿਆਂ ਲਈ ਬੂਹਾ ਬੰਦਾ ਹੈ ਤਾਂ ਫਿਰ ਇਹ ਕੁਰਸੀਆਂ ਮੈਨੂੰ ਖ਼ਾਲੀ ਕਿਉਂ ਲੱਗ ਰਹੀਆਂ ਹਨ। ਇਹ ਕਿਸ ਤਰਾਂ ਦੀ ਅਪਣੱਤ ਹੈ। ਆਪਣੇ ਆਪ ਨੂੰ ਇਕ ਤਸੱਲੀ ਦੇ ਰਿਹਾ ਹਾਂ ਕਿ ਜੇਕਰ ਠੀਕ ਰਹਾਂਗਾ ਤਾਂ ਹੀ ਦੂਸਰਿਆਂ ਦਾ ਖਿਆਲ ਰੱਖ ਪਾਵਾਂਗਾ। ਸ਼ਾਇਦ ਅਜੇ ਵੀ ਮੇਰੇ ਬੁੱਧ ਹੋਣ ਅਫਵਾਹ ਮੇਰੀ ਦੇਹ ਤੋਂ ਉਤਰੀ ਨਹੀਂ ਹੈ। ਸੜਕ ਦੇਖਣ ਲਈ ਬਾਹਰ ਨਿਕਲਦਾ ਹਾਂ। ਬਾਹਰ ਇਕ ਅਜੀਬ ਸਹਿਮ ਹੈ। ਅੱਖਾਂ ਵਿਚ ਉਤਰ ਆਇਆ ਹੈ ਸਹਿਮ। ਲੋਕ ਦੋ ਹਿਸਿਆਂ ਵਿਚ ਵੰਡੇ ਗਏ ਹਨ। ਇਕ ਮਾਸਕ ਵਾਲੇ, ਦੂਸਰੇ ਬਿਨਾਂ ਮਾਸਕ ਵਾਲੇ। ਦੋਵੇਂ ਇਕ ਦੂਜੇ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਦੇ ਹਨ, ਦੋਵੋਂ ਇਕ ਦੂਜੇ ਤੋਂ ਡਰਦੇ ਹਨ, ਦੋਵੇਂ ਇਕ ਦੂਜੇ ਉਪਰ ਵਾਰ ਕਰਨ ਦੀ ਸੋਚਦੇ ਹਨ, ਦੋਵੇਂ ਇਕ ਦੂਜੇ ਨੂੰ ਪ੍ਰਿਥਵੀ ਵਿਰੁਧ ਹੋਈ ਸਾਜ਼ਿਸ ਦਾ ਹਿਸਾ ਮੰਨਦੇ ਹਨ। ਇਸ ਮਾਸਕ ਵਿਚ ਮੇਰਾ ਸਾਹ ਘੁਟਦਾ ਹੈ। ਮੈਂ ਡਰਦਾ ਕਿਸੇ ਮੂਹਰੇ ਖੰਘਦਾ ਨਹੀਂ, ਪੁਲਸ ਵਾਲੇ ਨੂੰ ਦੇਖ ਕੇ ਡਰ ਜਾਂਦਾ ਹਾਂ, ਸਾਹਮਣਿਓਂ ਕੋਈ ਆਉਂਦਾ ਹੋਏ ਰਸਤਾ ਬਦਲ ਲੈਂਦਾ ਹਾਂ। ਪਾਰਕ ਵਿਚ ਸੈਰ ਕਰਨ ਨਹੀਂ ਗਿਆ, ਫੁੱਲਾਂ ਵਿਚ ਦੀ ਨਹੀਂ ਲੰਘਿਆ, ਕੀ ਉਹ ਸਮਾਂ ਸਚਮੁਚ ਆ ਜਾਏਗਾ ਜਦੋਂ ਮੈਂ ਕਿਸੇ ਦੀ ਮਦਦ ਕਰਨ ਬਾਹਰ ਨਹੀਂ ਨਿਕਲ ਪਾਵਾਂਗਾ। ਫਿਰ ਵੀ ਦਿਲ ਕਰਦਾ ਹੈ ਕਿ ਸਥਿਰ ਖੜ ਜਾਂਵਾ ਸਭ ਕੁਝ ਦੇਖਦਾ ਰਹਾਂ। ਮੈਂ ਸਭ ਕੁੱਝ ਦੇਖਣਾ ਚਾਹੁੰਨਾ ਹਾਂ, ਜਿਵੇਂ ਕੈਮਰਾ ਦੇਖਦਾ ਹੈ। ਇਕ ਕਵਿਤਾ ਵਿਚ ਕਿਤੇ ਲਿਖਿਆ ਸੀ ਕਿ ਮੈਂ ਅਨੰਤ ਵਿਚ ਕਿਸੇ ਦੇ ਹੱਥੋਂ ਡਿਗਿਆ ਉੰਨ ਦਾ ਪਿੰਨਾ ਹਾਂ, ਮੈਂ ਫੁੱਲ ਹਾਂ ਜਿਸਨੂੰ ਕਿਸੇ ਦੇਵਤੇ ਨੇ ਲੋਹੇ ਦੇ ਬਦਲੇ ਵਗਾਹ ਮਾਰਿਆ ਸੀ। ਗਲਤੀ ਨਾਲ ਗਲਤੀ ਦੇਵਤੇ ਕਰਦੇ ਹਨ ਅਤੇ ਇਨਸਾਨ ਦੇ ਪੈਰਾਂ ਹੇਠੋਂ ਧਰਤੀ ਖਿਸਕ ਜਾਂਦੀ ਹੈ ਤੇ ਚੰਗਾ ਭਲਾ ਇਨਸਾਨ ਖਾਲਅ ਵਿਚ ਉੰਨ ਦੇ ਪਿੰਨੇ ਵਾਂਗ ਰਿੜ ਜਾਂਦਾ ਹੈ।
ਇਹ ਦੇਵਤਾ ਵੀ ਇਸੇ ਧਰਤੀ ਉਪਰ ਰਹਿੰਦਾ ਹੈ।  
 
ਦੂਸਰੀ ਭਾਸ਼ਾ ਦੇ ਕਵੀ ਨੂੰ ਸੁਣਨਾ
ਅਡੋਨੀਸ ਮੈਨੂੰ ਚੰਗਾ ਲਗਦਾ ਹੈ। ਪਤਾ ਤਾਂ ਪਰ ਫਿਰ ਵੀ ਪਤਾ ਨਹੀਂ ਕਿਉਂ ਜਿਵੇਂ ਸਫ਼ਰ ਉਪਰ ਜਾਣ ਲਈ ਸਮਾਨ ਬੰਨਦੇ ਹਾਂ ਉਸ ਤਰਾਂ ਘਰ ਵਿਚ ਰਹਿਣ ਲਈ ਮਨਪਸੰਦ ਕਿਤਾਬਾਂ ਸਟੱਡੀ ਵਿਚੋਂ ਬਾਹਰ ਲਿਆ ਕੇ ਅਲੱਗ-ਅਲੱਗ ਕੋਨਿਆਂ ਵਿਚ ਪਏ ਮੇਜਾਂ ਉਪਰ ਰੱਖ ਦਿਤੀਆਂ। ਸਹਿਮ ਕੇ ਬੰਦਾ ਇਕ ਕੋਨੇ ਵੱਲ ਦੋੜਦਾ ਹੈ, ਦੀਵਾਰ ਵੱਲ ਨਹੀਂ। ਮੇਰੇ ਕੋਲ ਘਰ ਵਿਚ ਅਜਿਹੇ ਤਿੰਨ ਕੋਨੇ ਹਨ; ਖੁਸ਼ਕਿਸਮਤ ਹਾਂ ਇਕ ਕੋਨਾ ਜਿਸ ਵਿਚੋਂ ਅੰਦਰਲਾ ਸਾਰਾ ਘਰ ਨਜ਼ਰ ਆਉਂਦਾ ਹੈ। ਡਰ ਬੰਦੇ ਨੂੰ ਹੌਲੀ-ਹੌਲੀ ਇਕੱਠਾ ਕਰ ਦਿੰਦਾ ਹੈ, ਜਾਣਦਾ ਹਾਂ। ਜਦੋਂ ਇਸ ਕੋਨੇ ਵਿਚ ਬੈਠ ਕੇ ਕਵਿਤਾਵਾਂ ਪੜ੍ਹਦਾ ਹਾਂ, ਲਗਦਾ ਹੈ ਕਿ ਘਰ ਦੀ ਰਖ਼ਵਾਲੀ ਕਰ ਰਿਹਾ ਹਾਂ। ਅਡੋਨੀਸ ਨਾਲ ਮੁਲਾਕਾਤਾਂ ਵਾਲੀਆਂ ਵੀਡੀਓਜ਼ ਦੇਖ ਰਿਹਾ ਹਾਂ। ਇਕ ਵੀਡੀਓ ਆਉਂਦੀ ਹੈ ਜਿਸਦੇ ਦੇ ਸਬਟਾਈਟਲ ਨਹੀਂ ਹਨ। ਅਡੋਨੀਸ ਆਪਣੀ ਭਾਸ਼ਾ ਵਿਚ ਬੋਲ ਰਿਹਾ ਹੈ। ਮੈਂ ਵੀਡੀਓ ਬੰਦ ਨਹੀਂ ਕਰ ਪਾਉਂਦਾ। ਉਸਨੂੰ ਸੁਣਦਾ ਹਾਂ ਤਕਰੀਬਨ 25-30 ਮਿੰਟ। ਉਸਦੀ ਕਵਿਤਾ, ਉਸਦੀ ਅਵਾਜ਼, ਉਸਦੀ ਪਿਚ ਉਸਨੂੰ ਦੇਖਣਾ ਮੈਨੂੰ ਹਲਕਾ ਕਰ ਰਿਹਾ ਹੈ। ਬੰਦਾ ਕਿੰਨੀਆਂ ਚੀਜ਼ਾ ਨਾਲ ਬਿਨਾਂ ਭਾਸ਼ਾ ਤੋਂ ਗੱਲਾਂ ਕਰਦਾ ਹੈ। ਵੀਡੀਓ ਦੌਰਾਨ ਮੈਂ ਕੁੱਝ ਸਮੇਂ ਭੁੱਲ ਜਾਂਦਾ ਹਾਂ ਕਿ ਜੋ ਅਵਾਜ ਅਡੋਨੀਸ ਦੇ ਮੂੰਹੋਂ ਨਿਕਲ ਰਹੀ ਉਹ ਭਾਸ਼ਾ ਹੈ। ਉਹ ਬੱਸ ਇਕ ਅਵਾਜ਼ ਹੈ, ਇਕ ਸਾਊਂਡ। ਇਕ ਸੰਗੀਤ। ਜਿਵੇਂ ਭਾਂਡਾ ਡਿਗਣ ਦੀ ਅਵਾਜ਼, ਬੀਂਡੇ ਦੀ ਅਵਾਜ, ਤੜਕਾ ਲੱਗਣ ਦੀ ਅਵਾਜ, ਦਿਲ ਧੜਕਣ ਦੀ ਅਵਾਜ, ਫੋਨ ਦੀ ਘੰਟੀ, ਪੈੱਨ ਦਾ ਕਾਗਜ਼ ਉਪਰ ਘਿਸਰਨਾ, ਗਿਲਾਸ ਵਿਚ ਪਾਣੀ ਡਿਗਣ ਦੀ ਅਵਾਜ਼, ਘੁਟ ਭਰਨ ਦੀ ਅਵਾਜ਼ ਦਰਵਾਜ਼ਾਂ ਖੁੱਲ੍ਹਣ ਦੀ ਆਵਾਜ਼। ਘੋਰ ਚੁਪੀ ਦੀ ਆਵਾਜ਼, ਜੋ ਹਮੇਸ਼ਾਂ ਕੰਨ ਵਿਚ ਸਾਂ-ਸਾਂ ਕਰਦੀ ਰਹਿੰਦੀ ਹੈ। ਕਿੰਨੀ ਹੀ ਅਵਾਜ਼ਾ ਜੋ ਇਨ੍ਹਾਂ ਦਿਨਾਂ ਵਿਚ ਸੁਣ ਰਹੀਆਂ ਹਨ। ਤਾਰਾ ਟੁੱਟਣ ਦੀ ਅਵਾਜ਼ ਅਤੇ ਆਸ। ਅਡੋਨੀਸ ਨਾ ਕੋਈ ਕਵਿਤਾ ਪੜ੍ਹ ਰਿਹਾ ਹੈ, ਨਾ ਕੋਈ ਜਵਾਬ ਦੇ ਰਿਹਾ ਹੈ, ਨਾ ਉਸਦੀ ਕੋਈ ਭਾਸ਼ਾ, ਬੋਲੀ ਹੈ। ਬਸ ਉਸਦੇ ਅੰਦਰੋਂ ਇਕ ਅਵਾਜ਼ ਆ ਰਹੀ ਹੈ, ਜੋ ਮੇਰੇ ਨਾਲ ਇਕਸੁਰ ਹੋ ਰਹੀ।  
ਅਵਾਜ ਦੇਹ ਦੀ ਨਹੀਂ, ਆਤਮਾ ਦੀ ਵਿਰਲ ਭਰਦੀ ਹੈ। 

PunjabKesari
 
ਉਸਨੇ ਮੇਰੀ ਆਤਮਾ ਕੋ ਛੁਆ ਹੈ
ਪਿਛਲੇ ਦਿਨਾਂ ਦੀ ਗੱਲ ਹੈ ਜਦੋਂ ਇਨ੍ਹਾਂ ਦਿਨਾਂ ਦੀ ਸ਼ੁਰੂਆਤ ਸੀ ਬਾਹਰੋਂ ਆਇਆਂ ਤੇ ਕਪੜੇ ਦਰਵਾਜ਼ੇ ਉਪਰ ਉਤਾਰ ਕੇ ਸਿਧਾ ਨਹਾਉਣ ਚਲਿਆ ਗਿਆ। ਮੈਂ ਇਸ ਤਰਾਂ ਪਹਿਲੀ ਵਾਰ ਕੱਪੜੇ ਉਤਾਰੇ ਹਨ। ਨਹਾਉਂਦਿਆਂ ਸੋਚ ਰਿਹਾ ਸੀ ਜਿਵੇਂ ਦੇਹ ਉਤਾਰ ਦਿੱਤੀ ਹੋਏ।  ਬਾਹਰ ਆਇਆ ਤਾਂ ਘਰੇ ਘੱਟੋ ਘੱਟ ਦੋ ਘੰਟੇ ਨੰਗਾ ਘੁੰਮਦਾ ਰਿਹਾ। ਮੈਂ ਨਹੀਂ ਜਾਣਦਾ ਸੀ ਕਿ ਮੈਂ ਇਸ ਤਰਾਂ ਕਿਉਂ ਕਰ ਰਿਹਾ ਹਾਂ। ਇਕ ਅਜ਼ੀਬ ਤਰਾਂ ਦਾ ਸੁੱਖ ਸੀ। ਸਹਿਮਿਆਂ ਹੋਇਆ ਦੁੱਖ। ਮੈਂ ਜਦੋ ਇਹ ਇਮੇਜ਼ਨ ਕਰ ਰਿਹਾ ਸੀ ਕਿ ਮੇਰੇ ਕੱਪੜਿਆਂ ਉਪਰ, ਦੇਹ ਉਪਰ ਲੋਕਾਂ ਦੇ ਹੱਥ ਹਨ ਤਾਂ ਮੈਂ ਉਤਾਰ ਦਿਤੇ ਕੱਪੜੇ ਪਰ ਆਤਮਾ। ਮੈਨੂੰ ਇਕ ਕੁੜੀ ਯਾਦ ਆਉਂਦੀ ਹੈ ਜੋ ਬਿਨਾਂ ਕਿਸੇ ਵਾਇਰਸ ਦੇ ਮੇਰੇ ਕੋਲੋਂ ਦੂਰ ਹੋ ਗਈ ਸੀ; ਨਹੀਂ ਸ਼ਾਇਦ ਵਾਇਰਸ ਉਦੋਂ ਵੀ, ‘ਸਮਾਜ’; ਜਾਂ ਸ਼ਾਇਦ ਪਿਆਰ ਵੀ ਇਕ ਵਾਇਰਸ ਦਾ ਹੀ ਨਾਂ ਹੈ ਜੋ ਲੋਕਾਂ ਤੋਂ ਦੂਰ ਭੱਜਦਾ ਹੈ। ਉਸਨੇਂ ਜਾਣ ਲੱਗਿਆਂ ਮੇਰੀ ਆਤਮਾ ਨੂੰ ਹੱਥ ਲਾਇਆ ਸੀ। ਕੀ ਮੈਂ ਇਕ ਖਲਾਅ ਦੇ ਉਪਰੋਂ ਇਕ ਆਤਮਾ ਉਤਾਰ ਸਕਦਾ ਹਾਂ।  ਸ਼ਾਇਦ ਨਹੀਂ।  ਇਹ ਵਾਇਰਸ ਦੇ ਦਿਨ ਗੁਜ਼ਰ ਜਾਣਗੇ। ਇਸਤੋਂ ਬਾਅਦ ਕੀ। ਕੀ ਮੈਂ ਉਹੀ ਮਨੁੱਖ ਰਹਿ ਪਾਵਾਂਗਾ ਜੋ ਮੈਂ ਰਹਿਣਾ ਨਹੀਂ ਚਹੁੰਦਾ। ਮੇਰੀ ਕਵਿਤਾ ਨੇ ਕਿੰਨੇ ਲੋਕਾਂ ਨੂੰ ਛੂਹਿਆ ਹੈ, ਕਵਿਤਾ ਮੇਰੀਆਂ ਉਂਗਲਾਂ ਨੂੰ ਲੱਗ ਗਈ ਸੀ। ਸ਼ਬਦ ਕਵਿਤਾ ਦੇ ਵਸਤਰ ਹਨ।  ਮੈਂ ਜਿਸ ਵੀ ਚੀਜ਼ ਨੂੰ ਦੇਖਦਾ ਸਾਂ ਉਸਦੀ ਪਰਤ ਉਤਾਰ ਲੈਣੀ ਚਾਹੁੰਨਾ ਸਾਂ, ਇਹੀ ਮੇਰੀ ਯਾਤਰਾ ਸੀ। ਮੈਂ ਆਪਣੀ ਦੇਹ ਅਤੇ ਆਪਣੀ ਆਤਮਾ ਨੂੰ ਨਾਲ ਨਾਲ ਖੜੇ ਦੇਖਣੇ ਚਾਹੁੰਨਾ ਹਾਂ ਬਿਨਾਂ ਜਾਣੇ ਕਿ ਇਹ ਤੀਸਰੀ ਧਿਰ ਕੀ ਹੈ। ਕਈ ਵਾਰ ਸੋਚਦਾ ਹਾਂ ਕਿ ਇਕ ਗਹਿਰੀ ਗੈਸ ਵਿਚ ਮੈਂ ਖ਼ਾਲੀ ਸੜਕ ਉਪਰ ਦੌੜ੍ਹਾ। ਪਤਾ ਨਹੀਂ ਕਿਉਂ ਨੰਗੇ ਹੋ ਜਾਣਾ ਮੈਂਨੂੰ ਇਕ ਅਲੌਕਿਕ ਘਟਨਾ ਲੱਗ ਰਿਹਾ ਹੈ।
 
ਮੈਨੂੰ ਘੀਆ ਪਸੰਦ ਨਹੀਂ
ਸੁਸਾਇਟੀ ਗੇਟ ਤੋਂ ਫੋਨ ਆਉਂਦਾ ਹੈ ਕਿ ਸਬਜ਼ੀ ਵਾਲੀ ਗੱਡੀ ਆਈ ਹੈ, ਜੇ ਕੁਝ ਚਾਹਿਦਾ ਹੈ ਤਾਂ ਆ ਕੇ ਲੈ ਜਾਓ। ਯਕੀਨ ਕਰਨਾ ਇਹ ਕੰਮ ਮੈਂ ਕਦੇ ਨਹੀਂ ਕੀਤਾ। ਮੈਨੂੰ ਵਿਚ ਪਤਾ ਨਹੀਂ ਕੀ ਅਜ਼ੀਬ ਕਾਹਲ ਪ੍ਰਵੇਸ਼ ਕਰਦੀ ਹੈ ਤੇ ਮੈਂ ਥੈਲਾ ਲੈ ਕੇ ਬਾਹਰ ਨਿਕਲਦਾ ਹਾਂ।  ਸੁਸਾਇਟੀ ਦੇ ਹਰਿਕ ਘਰ ਵਿਚ ਕੋਈ ਨਾ ਕੋਈ ਤੇਜ਼ੀ ਨਾਲ ਉਸ ਗੱਡੀ ਵੱਲ ਵਧ ਰਿਹਾ ਹੈ। ਮੈਂ ਕਦਮ ਹੋਰ ਤੇਜ਼ ਹੋ ਜਾਂਦੇ ਹਨ। ਬਹੁਤ ਸਾਲ ਹੋ ਗਏ ਹਨ ਮੈ ਕਿਸੇ ਵੀ ਤਰਾਂ ਦੀ ਖਰੀਦੋ ਫਰੋਖਤ ਤਾਂਹੀ ਛੱਡੀ ਸੀ ਕਿ ਮੈਨੂੰ ਇਹ ਆਪਾ ਧਾਪੀ ਪਸੰਦ ਨਹੀਂ। ਮੈਂ ਆਪਣੇ ਘਰ ਦੀ ਕੋਈ ਵੀ ਨਿੱਕੀ ਵੱਡੀ ਚੀਜ਼ ਆਪ ਨਹੀਂ ਖਰੀਦਦਾ। ਪਰ ਮੈਂ ਜਾ ਰਿਹਾ ਭੱਜਾ। ਆਲੂ, ਪਿਆਜ, ਟਮਾਟਰ, ਘੀਆ, ਭਿੰਡੀ ਅਤੇ ਗੋਭੀ ਵਾਰ ਵਾਰ ਮੈਨੂੰ ਅਵਾਜ ਸੁਣਾਈ ਦਿੰਦੀ ਹੈ। ਮੈਂ ਲੋਕਾਂ ਵਿਚ ਘੁਸਣ ਦੀ ਕੋਸ਼ਿਸ਼ ਕਰਦਾ ਹਾਂ, ਹਾਰ ਜਾਂਦਾ ਹੈ; ਹੱਥਾਂ ਤੋਂ ਡਰ ਜਾਂਦਾ ਹਾਂ, ਪਿਛੇ ਹਟ ਜਾਂਦਾ ਹਾਂ; ਸੋਚਦਾ ਹਾਂ ਕਿ ਮੇਰੇ ਕੋਲ ਗੁਜ਼ਾਰੇ ਜੋਗਾ ਸਮਾਨ ਸੀ ਫਿਰ ਵੀ ਮੈਂ ਇਥੇ ਖੜਾ ਹਾਂ। ਸਿਰਫ਼ ਭਿੰਡੀ ਅਤੇ ਘੀਆ ਬਚੇ ਹਨ ਮੈਨੂੰ ਦੋਨੋ ਪਸੰਦ ਨਹੀਂ। ਇਕ ਕਿਲੋ ਘੀਆ ਥੈਲੇ ਵਿਚ ਪੁਆ ਕੇ ਹੌਲੀ-ਹੌਲੀ ਆਪਣੇ ਘਰ ਵੱਲ ਵਾਪਿਸ ਵਧਦਾ ਹਾਂ। ਘੀਏ ਵਾਲੇ ਲਿਫ਼ਾਫਾ ਸ਼ੋਰ ਕਰ ਰਿਹਾ ਹੈ ਜਾਂ ਹਵਾ ਨਾਲ ਗੱਲਾਂ। 

ਲੋਕ ਇੰਨੀਆਂ ਚੀਜ਼ਾਂ ਸਟਾਕ ਕਿਉਂ ਕਰ ਰਹੇ ਹਨ। 3-4 ਦਿਨਾਂ ਵਿਚ ਸਬਜ਼ੀਆਂ ਖਰਾਬ ਹੋਣੀਆਂ ਸ਼ੁਰੂ ਹੋ ਜਾਣਗੀਆਂ। ਐਨਾਂ ਡਰ ਕਿਸਨੇ ਭਰ ਦਿਤਾ ਹੈ। ਸਰਕਾਰ ਦਾ ਕੋਈ ਵੀ ਵਿਗਿਆਪਨ ਸਕਾਰਆਤਮਿਕ ਨਹੀਂ ਹੈ। ਕੁਝ ਬਹੁਤਾ ਸਟਾਕ ਕਰਨ ਵਾਲੇ ਲੋਕ ਮੈਨੂੰ ਕਦੇ ਬਹੁਤਾ ਪਸੰਦ ਨਹੀਂ ਆਏ। ‘ਸਟਾਕ’ ਸ਼ਬਦ ਹੀ ਚੰਗਾ ਨਹੀਂ ਲਗਦਾ, ਸਾਰੀ ਉਮਰ ਦਿਲ ਖ਼ਾਲੀ ਕਰਨ ਵਿਚ ਲੱਗਿਆ ਰਿਹਾ ਹਾਂ। ਜਿੰਨਾ ਕੁ ਸਮਾਨ ਘਰ ਰੱਖਦਾ ਹਾਂ, ਉਸਤੋਂ ਵੀ ਘੱਟ ਰੱਖਣ ਬਾਰੇ ਸੋਚਦਾ ਹਾਂ। ਮੈਂ ਨਹੀਂ ਜਾਣਦਾ ਕਿ ਇਹ ਵਾਇਰਸ ਬੰਦੇ ਦੀ ਸ਼ੈਤਾਨੀ ਹੈ ਜਾਂ ਕੁਦਰਤ ਦੀ। ਮੇਰੀ ਇਸ ਸਭ ਵਿਚ ਕੋਈ ਦਿਲਚਸਪੀ ਨਹੀਂ ਹੈ, ਇਹ ਸਵਾਲ ਮੇਰੇ ਨਹੀਂ। ਮੈਨੂੰ ਡਰ ਇਹੀ ਹੈ ਕਿ ਜਦੋਂ/ਜੇ ਸਮਾਂ ਆਏਗਾ ਮੈਂ ਬਾਹਰ ਨਹੀਂ ਨਿਕਲ ਪਾਵਾਂਗਾ। ਡਰ ਗਿਆ ਹੈ। ਅਖਬਾਰ ਦੀ ਖ਼ਬਰ ਕੋਈ ਜਾਂ ਵਧਦੀ ਸੂਚੀ ਵਾਲਾ ਆਂਕੜਾ। ਮੈਂ ਪ੍ਰੇਸ਼ਾਨ ਹੋ ਰਿਹਾ ਹਾਂ, ਇਕ ਅਜੀਬ ਦੌੜ ਵਿਚ ਉਲਝ ਰਿਹਾ ਹਾਂ, ਕਾਹਲਾ ਪੈ ਰਿਹਾ ਹਾਂ। ਨਿੱਕੇ ਜਹੇ ਕੱਪੜੇ ਦੇ ਥੈਲੇ ਵਿਚ ਸੁੰਗੜਦਾ ਜਾ ਰਿਹਾ ਹਾਂ। ਅਫਵਾਹਾਂ, ਖ਼ਬਰਾਂ, ਸੂਚਨਾ ਅਤੇ ਤੱਥਾਂ ਦਾ ਫਰਕ ਨਹੀਂ ਕਰ ਪਾ ਰਿਹਾ। 24 ਘੰਟੇ ਥੈਲੇ ਨੂੰ ਦੋਬਾਰਾ ਹੱਥ ਨਹੀਂ ਲਾਉਂਦਾ ਜੋ ਮੇਰੀ ਦੌੜ ਵਿਚ ਸ਼ਾਮਲ ਸੀ। ਮੈਂ ਲਗਾਤਾਰ ਪਾਗਲ ਹੋ ਰਿਹਾ ਹਾਂ। ਅੱਜ ਦਾ ਦਿਨ ਨਿਰਾਸ਼ਾ ਵਾਲਾ ਹੈ, ਪਤਾ ਨਹੀਂ ਕਿਉਂ।  ਮੈਨੂੰ ਹਰਿਕ ਵਿਗਿਆਪਨ ਤੋਂ ਚਿੜ ਆ ਰਹੀ ਹੈ, ਇਹ ਦਾਗ ਅੱਛਾ ਨਹੀਂ ਹੈ। ਕੋਈ ਕਿਤਾਬ ਪੜ੍ਹ ਨਹੀਂ ਪਾ ਰਿਹਾ ਫਿਰ ਵੀ ਆਲੇ ਦੁਆਲੇ ਕਿਤਾਬਾਂ ਧਰਦਾ ਹੈ, ਮੇਜ਼ ’ਤੇ ਸਿਰ ਸੁੱਟ ਕੇ ਪੈ ਜਾਂਦਾ ਹਾਂ। ਸਬਜ਼ੀ ਵਾਲੀ ਗੱਡੀ ਰੀੜ ਉਪਰ ਦੌੜ ਰਹੀ ਹੈ। ਇਹ ਗੱਡੀ ਵੀ ਮੈਨੂੰ ਕਿਸੇ ਗਿਣੇ ਮਿਥੇ ਵਿਗਿਆਪਨ ਦੀ ਘਟਨਾ ਕਿਉਂ ਲੱਗ ਰਹੀ ਹੈ। ਮੈਂ ਹੱਥ ਵਿਚ ਘੀਏ ਦਾ ਲਿਫ਼ਾਫਾ ਲਈ ਲਗਾਤਾਰ ਦੌੜ ਰਿਹਾ ਹਾਂ ਪਹਿਲੇ ਨੰਬਰ ਉਪਰ ਆਉਣ ਲਈ, ਮੈਂ ਹੋਰ ਤੇਜ ਦੌੜਦਾ ਹਾਂ, ਹੋਰ ਦੂਰ, ਉਥੇ ਤੱਕ ਜਿਥੇ ਖ਼ਤਮ ਹੋ ਰਹੀ ਹੈ ਧਰਤੀ ਤਾਂ ਮੈਨੂੰ ਇਕ ਦਮ ਖ਼ਿਆਲ ਆਉਂਦਾ ਹੈ ਕਿ ਘੀਆ ਤਾਂ ਮੈਨੂੰ ਪਸੰਦ ਵੀ ਨਹੀਂ, ਫਿਰ ਕਿਉਂ ਦੌੜ ਰਿਹਾ ਹਾਂ ਮੈਂ।

ਅੱਜ ਨਿਰਾਸ਼ ਹਾਂ
ਨਿਰਾਸ਼ ਹੋਣਾ ਮੇਰਾ ਹੱਕ ਹੈ। ਚੰਗੀ ਗੱਲ ਹੈ ਕਿ ਮੈਨੂੰ ਇਹ ਹੱਕ ਖੋਹਣਾ ਨਹੀਂ ਪੈਂਦਾ। ਯਕੀਨ ਨਹੀਂ ਆਏਗਾ ਕਿ ਮੈਂ ਇਸ ਤਰਾਂ ਆਪਣੇ ਘਰ ਸੁੱਖੀ ਸਾਂਦੀ ਬੈਠਣ ਉਪਰ ਵੀ ਉਦਾਸ ਹੋ ਜਾਂਦਾ ਹਾਂ। ਗਣਿਤ ਦੇ ਮਾਸਟਰ ਦੇ ਹਿਸਾਬ ਨਾਲ ਚਾਹੇ ਮੇਰੇ ਕੋਲ ਕੁੱਝ ਨਾ ਹੋਵੇ ਪਰ ਜਿੰਨਾ ਕੁ ਮੈਨੂੰ ਲੋੜੀਂਦਾ ਹੈ, ਹੈ ਮੇਰੇ ਕੋਲ। ਦੋ-ਢਾਈ ਮਿਤਰ ਹਨ, ਤਿੰਨ-ਚਾਰ ਬੋਤਲਾਂ ਬਚੀਆਂ ਹਨ, ਕਿਤਾਬਾਂ ਹਨ, ਕਵਿਤਾ ਹੈ, ਰੋਟੀ ਪੱਕ ਜਾਂਦੀ ਹੈ। ਜ਼ਿੰਦਗੀ ਦੀ ਕਿਸ਼ਤ ਜੋਗੇ ਛਿਲੜ ਵੀ ਹਨ ਮੇਰੇ ਕੋਲ। ਲਿਖਣ ਲਈ ਇਕ ਵੱਡ ਸਾਰਾ ਖੂਹ ਹੈ ਅੰਦਰ, ਜਿਸ ਵਿਚ ਲਾਸ਼ਾ ਵੀ ਹਨ ਅਤੇ ਟਰੈਂ ਟਰੈਂ ਕਰਦੇ ਡੱਡੂ ਵੀ। ਇਕ ਸੱਪ ਹੈ ਜੋ ਰੋਜ਼ ਮੈਨੂੰ ਡੱਸਣ ਵਿਚ ਕੁਤਾਹੀ ਕਰ ਲੈਂਦਾ ਹੈ ਜਾਣਬੁੱਝ ਕੇ। ਮੈਂ ਸੱਪ ਦਾ ਨਹੀਂ ਉਸਦੀ ਫੂੰਕਾਰ ਦਾ ਆਹਾਰ ਹਾਂ, ਸ਼ੇਰ ਨੇ ਗਾਂ ਖਾਣੀ ਛੱਡ ਦਿੱਤੀ ਹੈ। ਹਾਂ ਸੱਚ, ਮੇਰੇ ਕੋਲ ਇਕ ਅੱਧ ਸਰਕਾਰੀ/ਗੈਰ ਸਰਕਾਰੀ ਸਕੀਮ ਵੀ ਹੈ ਆਰਾਮ ਨਾਲ ਮਰਨ ਲਈ। ਮੈਂ ਜ਼ਿੰਦਗੀ ਡਰ ਦਾ ਮਾਰਾ ਚੁੱਪ ਰਹਿ ਰਿਹਾ ਹਾਂ, ਜੈ ਜੈ ਕਾਰ ਦੇ ਨਾਹਰੇ ਲਗਾ ਹਾਂ। ਨਹੀਂ ਤੇ ਇਸ ਤਰਾਂ ਦੀ ਘੁਟਣ ਅੰਦਰ ਕੌਣ ਨਹੀਂ ਮਰਨਾ ਚਾਹੁੰਦਾ।

ਨਿਰਾਸ਼ ਹਾਂ ਕਿ ਮੈਂ ਸ਼ੀਸ਼ੇ ਮੂਹਰੇ ਖੜ ਕੇ ਹਾਲੇ ਤੱਕ ਇਹ ਨਹੀਂ ਕਿਹਾ ਕਿ ਪਰਦਾ ਪਾਉਣ ਲਈ ਇਹ ਵਾਇਰਸ ਚੰਗੀ ਹੈ।    

 


rajwinder kaur

Content Editor

Related News