PM ਮੋਦੀ ਵਲੋਂ ਦੀਵੇ ਜਗਾਉਣ ਦੇ ਸੱਦੇ 'ਤੇ 'ਲੋਕਾਂ ਨੇ ਕੱਢੀ ਜਾਗੋ ਤੇ ਚਲਾਏ ਪਟਾਕੇ'
Monday, Apr 06, 2020 - 03:47 AM (IST)
ਜਲੰਧਰ (ਵੈੱਬ ਡੈਸਕ)- ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 5 ਅਪ੍ਰੈਲ ਰਾਤ 9 ਵਜੇ 9 ਮਿੰਟ ਲਈ ਲੋਕਾਂ ਨੂੰ ਆਪਣੇ ਘਰਾਂ ਨੂੰ ਘਰਾਂ ਦੀਆਂ ਲਾਈਟਾਂ ਬੰਦ ਕਰਕੇ ਦਰਵਾਜ਼ਿਆਂ ਨੇੜੇ ਖੜ੍ਹੇ ਹੋ ਕੇ ਦੀਵੇ , ਮੋਮਬੱਤੀਆਂ , ਟਾਰਚਾਂ ਅਤੇ ਮੋਬਾਇਲ ਲਾਈਟ ਜਗਾਉਣ ਲਈ ਕਿਹਾ ਸੀ, ਜਿਸ ਦੇ ਜਵਾਬ ਵਿਚ ਮੁਲਕ ਵਿਚ ਕਈ ਲੋਕਾਂ ਨੇ ਅਜਿਹਾ ਕੀਤਾ ਵੀ। ਪਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਵੀਡੀਓ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਲੋਕ ਹੱਥਾਂ ਵਿਚ ਮੋਮਬੱਤੀਆਂ, ਟਾਰਚਾਂ, ਮੋਬਾਇਲ ਦੀਆਂ ਲਾਈਟਾਂ ਅਤੇ ਦੀਵੇ ਜਗਾ ਕੇ ਭੀੜ ਇਕੱਠੀ ਕਰਕੇ ਸੜਕਾਂ, ਗਲੀਆਂ ਵਿਚ 'ਜਾਗੋ' ਕੱਢੀ ਜਾ ਰਹੀ ਹੈ।
ਇਸ ਦੌਰਾਨ ਇਹ ਵੀ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਕੁਝ ਲੋਕਾਂ ਵਲੋਂ ਪਟਾਖੇ ਚਲਾਉਣ ਜਾਂ ਕਿਲਕਾਰੀਆਂ ਮਾਰ ਕੇ ਮੁਹਿੰਮ ਦੀ ਹਮਾਇਤ ਕਰਨ ਦੀ ਬਜਾਏ ਆਪਣੀ ਅਕਲਮੰਦੀ ਸਾਬਿਤ ਕਰ ਦਿੱਤੀ ਹੈ। ਇਹਨਾਂ ਲੋਕਾਂ ਨੂੰ ਸ਼ਾਇਦ ਇਹ ਗੱਲ ਵਿਸਰ ਗਈ ਸੀ ਕਿ ਪ੍ਰਧਾਨ ਮੰਤਰੀ ਮੋਦੀ ਦਾ ਸੱਦਾ ਮਹਾਂਮਾਰੀ ਦੇ ਟਾਕਰੇ ਵਾਸਤੇ ਇਕਜੁੱਟਤਾ ਦਰਸਾਉਣ ਵਾਸਤੇ ਸੀ। ਇਸ ਦੌਰਾਨ ਪੰਜਾਬੀ ਗਾਇਕ ਬੱਬਲ ਰਾਏ ਨੇ ਵੀ ਆਪਣੇ ਫੇਸਬੁੱਕ ਪੇਜ 'ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ ਵਿਚ ਉਨ੍ਹਾਂ ਨੇ ਮੋਮਬੱਤੀਆਂ ਜਗਾਈਆਂ ਅਤੇ ਗੀਤ ਗਾਇਆ, 'ਮੋਦੀ ਜਾਗ ਵਈ ਬੱਲੇ ਨੀ ਹੁਣ ਜਾਗੋ ਆਈਆਂ, ਸ਼ਾਵਾ ਵਈ ਹੁਣ ਜਾਗੋ ਆਈਆਂ। ਇਸ ਦੌਰਾਨ ਉਨ੍ਹਾਂ ਨੇ ਗੀਤ ਵਿਚ ਕੀ-ਕੀ ਕਿਹਾ ਤੁਸੀਂ ਵੀ ਸੁਣੋ ਜ਼ਰਾ।
ਇਸ ਦੌਰਾਨ ਇਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿਚ ਵਿਅਕਤੀ ਅੱਗ ਨਾਲ ਸਟਂਟ ਕਰ ਰਿਹਾ ਸੀ, ਜਿਸ ਦੌਰਾਨ ਉਸ ਨੂੰ ਅੱਗ ਲੱਗ ਗਈ ਅਤੇ ਲੋਕਾਂ ਦੀ ਮਦਦ ਨਾਲ ਉਸ ਦੀ ਅੱਗ ਨੂੰ ਬੁਝਾਇਆ ਗਿਆ।
ਤੁਹਾਨੂੰ ਦੱਸ ਦਈਏ ਕਿ ਬੀਤੀ 22 ਮਾਰਚ ਨੂੰ ਸ਼ਾਮ 5 ਵਜੇ ਵੀ ਲੋਕਾਂ ਨੂੰ ਆਪਣੇ ਘਰਾਂ ਦੇ ਬਾਹਰ ਇਕੱਠੇ ਹੋ ਕੇ ਕੋਰੋਨਾ ਖਿਲਾਫ ਜੰਗ ਲੜਣ ਵਾਲਿਆਂ ਲਈ ਤਾੜੀਆਂ, ਥਾਲੀਆਂ ਖੜਕਾਉਣ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸੱਦਾ ਦਿੱਤਾ ਗਿਆ ਸੀ, ਜਿਸ ਦੌਰਾਨ ਲੋਕਾਂ ਵਲੋਂ ਹੇੜਾਂ ਦੀ ਹੇੜ ਇਕੱਠੀ ਹੋ ਕੇ ਮੁਹੱਲਿਆਂ ਵਿਚ ਨੱਚਦੇ ਤੇ ਘੁੰਮਦਿਆਂ ਦੀਆਂ ਵੀਡੀਓ ਵਾਇਰਲ ਹੋਈਆਂ ਸਨ।