ਪ੍ਰਧਾਨ ਮੰਤਰੀ ਮੋਦੀ ਦਾ ਜਨਮਦਿਨ ''ਸੇਵਾ ਦਿਵਸ'' ਦੇ ਰੂਪ ''ਚ ਮਨਾਵੇਗੀ ''ਭਾਜਪਾ''
Monday, Sep 07, 2020 - 08:34 AM (IST)
ਲੁਧਿਆਣਾ (ਗੁਪਤਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ 14 ਸਤੰਬਰ ਨੂੰ ਪੰਜਾਬ ਭਾਜਪਾ ਉਦਯੋਗ ਸੈੱਲ ਵੱਲੋਂ ਸੇਵਾ ਦਿਵਸ ਦੇ ਰੂਪ ’ਚ ਮਨਾਇਆ ਜਾਵੇਗਾ। ਇਹ ਜਾਣਕਾਰੀ ਪੰਜਾਬ ਭਾਜਪਾ ਉਦਯੋਗ ਸੈੱਲ ਦੇ ਪ੍ਰਦੇਸ਼ ਪ੍ਰਧਾਨ ਰਾਕੇਸ਼ ਕਪੂਰ ਨੇ ਦਿੰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਦੇ ਜਨਮ ਦਿਨ ’ਤੇ ਸੈੱਲ ਵੱਲੋਂ ਲੋੜਵੰਦ ਔਰਤਾਂ ’ਚ ਰਾਸ਼ਨ ਵੀ ਵੰਡਿਆ ਜਾਵੇਗਾ ਅਤੇ ਪੰਜਾਬ ਭਰ ’ਚ ਵਾਤਾਵਰਣ ਦੀ ਰੱਖਿਆ ਲਈ ਬੂਟੇ ਲਾਉਣ ਦੀ ਮੁਹਿੰਮ ਵੀ ਚਲਾਈ ਜਾਵੇਗੀ।
ਉਦਯੋਗ ਸੈੱਲ ਜਾਗਰੂਕਤਾ ਮੁਹਿੰਮ ਚਲਾ ਕੇ ਉਦਯੋਗਾਂ ਨੂੰ ਦੱਸੇਗਾ ਕਿ ਮਾਨਵਤਾ ਦੇ ਕਲਿਆਣ ਲਈ 130 ਕਰੋੜ ਦੇਸ਼ ਵਾਸੀਆਂ ਦਾ ਆਤਮ ਨਿਰਭਰ ਭਾਰਤ ਦਾ ਸੰਕਲਪ ਹੀ ਇਕ ਮਾਰਗ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਭਾਰਤ ਵਾਸੀ ਜੇਕਰ ਧਾਰ ਲੈਣ ਤਾਂ ਕੋਈ ਉਦੇਸ਼ ਮੁਸ਼ਕਲ ਨਹੀਂ ਹੈ। ਭਾਰਤ ਨੂੰ ਆਤਮ ਨਿਰਭਰ ਬਣਾਉਣ ’ਚ ਭਾਰਤ ਦੀ ਸੰਕਲਪ ਸ਼ਕਤੀ ਜਨ-ਜਨ ਦੇ ਸਹਿਯੋਗ ਅਤੇ ਸਕਾਰਾਤਮਕਤਾ ਦੀ ਲੋੜ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੰਕਲਪਿਤ ਆਤਮ ਨਿਰਭਰ ਭਾਰਤ ‘ਵੋਕਲ ਫਾਰ ਲੋਕਲ’ ਦੇ ਮੰਤਰ ਨਾਲ ਅੱਜ ਜਨ ਅੰਦੋਲਨ ਬਣਦਾ ਜਾ ਰਿਹਾ ਹੈ। ਅੱਜ ਪੀ. ਪੀ. ਈ. ਕਿੱਟਾਂ, ਐੱਨ-95 ਮਾਸਕ, ਵੈਂਟੀਲੇਟਰ, ਮੋਬਾਇਲ ਫੋਨ ਅਤੇ ਇਸ ਤਰ੍ਹਾਂ ਦੀਆਂ ਅਨੇਕਾਂ ਛੋਟੀਆਂ-ਵੱਡੀਆਂ ਚੀਜ਼ਾਂ ਦਾ ਦੇਸ਼ 'ਚ ਉਤਪਾਦਨ ਕਰਨ ਦਾ ਸਿਲਸਿਲਾ ਸ਼ੁਰੂ ਹੋਇਆ ਹੈ। ਆਤਮ ਨਿਰਭਰਤਾ ਵੱਲ ਭਾਰਤ ਦੇ ਵਧਦੇ ਉਤਪਾਦਨ ਦਾ ਇਹ ਸਿਲਸਿਲਾ ਰੋਜ਼ਾਨਾਂ ਲੋੜਾਂ ਦੀ ਪੂਰਤੀ ਕਰੇਗਾ। ਸਿਰਫ ਭਾਰਤ ਦੀ ਹੀ ਪੂਰਤੀ ਨਹੀਂ ਪੂਰੇ ਵਿਸ਼ਵ 'ਚ ਹੀ ਲੋੜਾਂ ਦੀ ਪੂਰਤੀ ਕਰ ਸਕੀਏ, ਇਸ ਭਾਵਨਾ ਨਾਲ ਉਦਯੋਗ ਕੰਮ ਕਰਨ, ਇਹ ਸੰਦੇਸ਼ ਉਦਯੋਗ ਸੈੱਲ ਵੱਲੋਂ ਦਿੱਤਾ ਜਾਵੇਗਾ।