PM ਮੋਦੀ ਸਦਭਾਵਨਾ ਦੇ ਕਦਮ ਵਜੋਂ ਦਰਸ਼ਨ ਧਾਲੀਵਾਲ ਨੂੰ ਨਿੱਜੀ ਤੌਰ ’ਤੇ ਦੇਣ ਸੱਦਾ: ਬਾਦਲ
Tuesday, Oct 26, 2021 - 10:05 PM (IST)
ਚੰਡੀਗੜ੍ਹ - ਆਈ.ਜੀ.ਆਈ. ਏਅਰਪੋਰਟ ਅਥਾਰਟੀਆਂ ਵੱਲੋਂ ਦਰਸ਼ਨ ਸਿੰਘ ਧਾਲੀਵਾਲ ਨੂੰ ਭਾਰਤ ਦਾਖਲ ਹੋਣ ਤੋਂ ਰੋਕਣ ਮਗਰੋਂ ਵਾਪਸ ਅਮਰੀਕਾ ਭੇਜਣ ਦੀਆਂ ਰਿਪੋਰਟਾਂ ’ਤੇ ਪ੍ਰਤੀਕ੍ਰਮ ਦਿੰਦਿਆਂ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਖਿਆ ਕਿ ਉਹ ਨਿੱਜੀ ਅਤੇ ਪ੍ਰਭਾਵਸ਼ਾਲੀ ਤੌਰ ’ਤੇ ਦਖਲ ਦੇ ਕੇ ਹੋਏ ਅਨਿਆਂ ਨੂੰ ਖ਼ਤਮ ਕਰਵਾਉਣ। ਸਰਦਾਰ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਦਰਸ਼ਨ ਸਿੰਘ ਧਾਲੀਵਾਲ ਨੂੰ ਸਦਭਾਵਨਾ ਦੇ ਕਦਮ ਵਜੋਂ ਨਿੱਜੀ ਤੌਰ ’ਤੇ ਸੱਦਾ ਦੇਣ ਤਾਂ ਜੋ ਐਨ.ਆਰ. ਆਈਜ਼ ਨੂੰ ਵੱਡਾ ਹਾਂ ਪੱਖੀ ਸੰਕੇਤ ਮਿਲੇ।
ਸਾਬਕਾ ਮੁੱਖ ਮੰਤਰੀ ਨੇ ਖੇਤੀਬਾੜੀ ਲਈ ਏਜੰਡਾ ਵੀ ਦੱਸਿਆ ਜਿਸ ਵਿਚ ਹੋਰਨਾਂ ਤੋਂ ਇਲਾਵਾ ਤਿੰਨ ਕਾਲੇ ਕਾਨੂੰਨ ਰੱਦ ਕਰਨਾ, ਉਨ੍ਹਾਂ ਨੂੰ ਪ੍ਰਭਾਵਿਤ ਕਰਦੇ ਕਿਸੇ ਵੀ ਕਾਨੂੰਨ ਨੁੰ ਬਣਾਉਣ ਤੋਂ ਉਨ੍ਹਾਂ ਨੂੰ ਭਰੋਸੇ ਵਿਚ ਲੈਣਾ ਸਰਕਾਰ ਨੂੰ ਖੇਤੀਬਾੜੀ ਨੀਤੀਆਂ ਬਾਰੇ ਸਲਾਹ ਦੇਣ ਲਈ ਕਿਸਾਨਾਂ ਅਤੇ ਖੇਤੀ ਮਾਹਰਾਂ ਦਾ ਪੈਨਲ ਬਣਾਉਣਾ ਅਤੇ ਘੱਟੋ ਘੱਟ ਸਮਰਥਨ ਮੁੱਲ ਯਾਨੀ ਐੱਮ.ਐੱਸ.ਪੀ. ਤਹਿਤ ਯਕੀਨੀ ਮੰਡੀਕਰਨ ਵਾਲੀਆਂ ਫਸਲਾਂ ਦੀ ਸੂਚੀ ਵਿਚ ਹੋਰ ਫਸਲਾਂ ਜੋੜਨਾ ਸ਼ਾਮਲ ਹਨ।
ਯਾਦ ਰਹੇ ਕਿ ਧਾਲੀਵਾਲ ਨੂੰ 23 ਅਤੇ 24 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਆਈ.ਜੀ.ਆਈ. ਹਵਾਈ ਅੱਡੇ ’ਤੇ ਅਧਿਕਰੀਆਂ ਨੇ ਇਹ ਕਹਿ ਕੇ ਮੋੜ ਦਿੱਤਾ ਸੀ ਕਿ ਅਜਿਹਾ ਉਨ੍ਹਾਂ ਵੱਲੋਂ ਦਿੱਲੀ ਦੇ ਬਾਰਡਰਾਂ ’ਤੇ ਸੰਘਰਸ਼ ਕਰ ਰਹੇ ਕਿਸਾਨਾਂ ਲਈ ਲੰਗਰ ਲਗਾਉਣ ਦੀ ਸਜ਼ਾ ਵਜੋਂ ਕੀਤਾ ਜਾ ਰਿਹਾ ਹੈ। ਇਸ ਕਾਰਵਾਈ ਨੂੰ ਗੁਰੂ ਸਾਹਿਬਾਨ ਵੱਲੋਂ ਸ਼ੁਰੂ ਕੀਤੀ ਪਵਿੱਤਰ ਲੰਗਰ ਪ੍ਰਥਾ ਦਾ ਅਪਮਾਨ ਕਰਾਰ ਦਿੰਦਿਆਂ ਸਰਦਾਰ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਇਹ ਅਪੀਲ ਵੀ ਕੀਤੀ ਕਿ ਉਹ ਇਸ ਕਾਰਵਾਈ ਨਾਲ ਦੇਸ਼ ਦੀ ਹੋਈ ਬਦਨਾਮੀ ਲਈ ਜ਼ਿੰਮੇਵਾਰ ਅਫਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਵੀ ਕਰਨ।
ਇਹ ਵੀ ਪੜ੍ਹੋ - ਪੱਛਮੀ ਬੰਗਾਲ 'ਚ 7 ਨਵੰਬਰ ਤੋਂ 1 ਸਾਲ ਲਈ ਪਾਨ ਮਸਾਲਾ-ਗੁਟਖਾ ਬੈਨ
ਦਰਸ਼ਨ ਧਾਲੀਵਾਲ ਅਤੇ ਉਨ੍ਹਾਂ ਦੀ ਪਤਨੀ ਆਪਣੇ ਪਰਿਵਾਰ ਵਿਚ ਇਕ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਲਈ ਆ ਰਹੇ ਸਨ ਪਰ ਉਨ੍ਹਾਂ ਨੁੰ ਦੱਸਿਆ ਗਿਆ ਕਿ ਉਹ ਕਿਸਾਨਾਂ ਦੀ ਹਮਾਇਤ ਕਰਨ ਜਾਂ ਦੇਸ਼ ਵਿਚ ਦਾਖਲ ਹੋਣ ਵਿਚੋਂ ਇਕ ਨੁੰ ਚੁਣ ਲੈਣ। ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਇਹ ਕਿਹਾ ਗਿਆ ਕਿ ਜੇਕਰ ਉਹ ਆਪਣੇ ਘਰ ਆਉਣਾ ਚਾਹੁੰਦੇ ਹਨ ਤਾਂ ਫਿਰ ਦਿੱਲੀ ਦੇ ਬਾਰਡਰਾਂ ’ਤੇ ਸੰਘਰਸ਼ ਕਰ ਰਹੇ ਕਿਸਾਨਾਂ ਲਈ ਲੰਗਰ ਲਗਾਉਣਾ ਬੰਦ ਕਰ ਦੇਣ।
ਸਰਦਾਰ ਬਾਦਲ ਨੇ ਕਿਹਾ ਕਿ ਪਵਿੱਤਰ ਸਮਾਜਿਕ ਅਤੇ ਧਾਰਮਿਕ ਕੰਮ ਵਾਸਤੇ ਲੰਗਰ ਲਗਾਉਣਾ ਜਾਂ ਸਪਾਂਸਰ ਕਰਨਾ ਸਿੱਖ ਧਰਮ ਵਿਚ ਹਰ ਸਿੱਖ ਲਈ ਸਭ ਤੋਂ ਵੱਡਾ ਅਤੇ ਸਭ ਤੋਂ ਉਤਮ ਕੰਮ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਅੰਨਦਾਤਾ ਲਈ ਅਜਿਹਾ ਕਰਨ ਦੀ ਰੀਸ ਕਰਨੀ ਚਾਹੀਦੀ ਹੈ ਨਾ ਕਿ ਉਸ ਨੁੰ ਸਜ਼ਾ ਦੇਣੀ ਚਾਹੀਦੀ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਕਿਸਾਨਾਂ ਦਾ ਚੱਲ ਰਿਹਾ ਸੰਘਰਸ਼ ਇਕ ਕੌਮੀ ਲਹਿਰ ਹੈ। ਉਨ੍ਹਾਂ ਕਿਹਾ ਕਿ ਇਸ ਸਭਿਅਕ, ਸ਼ਾਂਤੀਮਈ ਅਤੇ ਲੋਕਤੰਤਰੀ ਲਹਿਰ ਵਿਚ ਸ਼ਾਮਲ ਹੋਣ ਵਾਲਿਆਂ ਦੀ ਮਦਦ ਕਰਨ ਵਿਚ ਕੁਝ ਵੀ ਗਲਤ ਜਾਂ ਗੈਰ ਕਾਨੂੰਨੀ ਨਹੀਂ ਹੈ।
ਖੇਤੀਬਾੜੀ ਲਈ ਆਪਣੇ ਏਜੰਡੇ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਕੋਈ ਵੀ ਕਾਨੂੰਨ, ਨੀਤੀ ਜਾਂ ਪ੍ਰਸ਼ਾਸਨਿਕ ਫੈਸਲਾ ਜੋ ਕਿਸਾਨਾਂ ਦੀ ਤਕਦੀਰ ’ਤੇ ਅਸਰ ਪਾਉਂਦਾ ਹੋਵੇ, ਉਦੋਂ ਹੀ ਲਿਆ ਜਾਣਾ ਚਾਹੀਦਾ ਹੈ ਜਦੋਂ ਇਸ ਨਾਲ ਅਸਰ ਅਧੀਨ ਆਉਂਦੇ ਲੋਕਾਂ ਨਾਲ ਸਲਾਹ ਮਸ਼ਵਰਾ ਕੀਤਾ ਗਿਆ ਹੋਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਤਕਦੀਰ ਨੁੰ ਪ੍ਰਭਾਵਿਤ ਕਰਦੇ ਮਾਮਲਿਆਂ ’ਤੇ ਫੈਸਲਾ ਲੈਣ ਦੀ ਪ੍ਰਕਿਰਿਆ ਵਿਚ ਕਿਸਾਨਾਂ ਨੂੰ ਜ਼ਰੂਰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਵਾਸਤੇ ਮੈਂ ਸਰਕਾਰ ਨੁੰ ਸੁਝਾਅ ਦੇਵਾਂਗਾ ਕਿ ਉਹ ਇਕ ਕਾਨੂੰਨੀ ਕਮੇਟੀ ਗਠਿਤ ਕਰੇ ਜੋ ਖੇਤੀਬਾੜੀ ਅਤੇ ਕਿਸਾਨਾਂ ਬਾਰੇ ਸਰਕਾਰੀ ਨੀਤੀ ਤਿਆਰ ਕਰੇ ਅਤੇ ਇਸ ਵਿਚ ਕਿਸਾਨਾਂ, ਖੇਤੀਬਾੜੀ ਮਾਹਿਰਾਂ, ਖੇਤੀਬਾੜੀ ਅਰਥਸ਼ਾਸਤੀਆਂ ਦੇ ਪ੍ਰਤੀਨਿਧਾਂ ਦੀ ਬਰਾਬਰ ਦੀ ਪ੍ਰਤੀਨਿਧਤਾ ਹੋਵੇ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।